PM ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਦੌਰਾਨ ਬਹੁਤ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ
ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੀ ਪੰਜਾਬ ਦੇ ਵੋਟਰਾਂ ਨੂੰ ਅਪੀਲ
Former PM Manmohan Singh’s appeal to the voters of Punjab: ਚੰਡੀਗੜ੍ਹ 30 ਮਈ 2024 (ਫਤਿਹ ਪੰਜਾਬ) ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੇ ਪ੍ਰਚਾਰ ਦਾ ਅੱਜ ਯਾਨੀ ਵੀਰਵਾਰ ਨੂੰ ਆਖਰੀ ਦਿਨ ਹੈ। ਪੰਜਾਬ ਵਿੱਚ ਆਖਰੀ ਪੜਾਅ ਵਿੱਚ ਵੋਟਾਂ ਪੈਣੀਆਂ ਹਨ। ਪੰਜਾਬ ਵਿੱਚ ਵੋਟਿੰਗ ਤੋਂ ਪਹਿਲਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਪੰਜਾਬ ਦੇ ਵੋਟਰਾਂ ਨਾਮ ਇਕ ਚਿੱਠੀ ਲਿਖੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਇਕ ਨਾਜ਼ੁਕ ਮੋੜ ‘ਤੇ ਖੜਾ ਹੈ। ਇਸ ਵੋਟਿੰਗ ਦੇ ਅਖੀਰਲੇ ਪੜਾਅ ਵਿੱਚ, ਸਾਡੇ ਕੋਲ ਇਕ ਆਖਰੀ ਮੌਕਾ ਹੈ ਕਿ ਲੋਕਤੰਤਰ ਅਤੇ ਸਾਡੇ ਸੰਵਿਧਾਨ ਨੂੰ ਇੱਕ ਤਾਨਾਸ਼ਾਹ ਰਾਜ ਤੋਂ ਬਚਾਇਆ ਜਾ ਸਕੇ। ਪੰਜਾਬ ਅਤੇ ਪੰਜਾਬੀ ਬਹਾਦਰ ਹਨ। ਅਸੀਂ ਆਪਣੇ ਬਲਿਦਾਨੀ ਸੁਭਾਅ ਲਈ ਜਾਣੇ ਜਾਂਦੇ ਹਾਂ। ਸਾਡੇ ਵਿੱਚ ਲੋਕਤੰਤਰਿਕ ਏਕਤਾ ਸਿਧਾਂਤਾ ਦਾ ਪ੍ਰਬਲ ਵਿਸ਼ਵਾਸ ਹੈ। ਜੋ ਏਕਤਾ, ਸਦਭਾਵਨਾ ਅਤੇ ਭਾਈਚਾਰੇ ਨੂੰ ਸੁਰੱਖਿਅਤ ਰੱਖ ਸਕਦਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ਵਿਚ, ਭਾਜਪਾ ਸਰਕਾਰ ਨੇ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀ ਛੱਡੀ। 750 ਕਿਸਾਨ, ਜਿਨ੍ਹਾਂ ਵਿੱਚੋਂ ਬਹੁਤੇ ਪੰਜਾਬ ਦੇ ਸਨ, ਦਿੱਲੀ ਦੇ ਬਾਰਡਰਾਂ ‘ਤੇ ਮਹੀਨਿਆਂ ਤੱਕ ਇੰਤਜ਼ਾਰ ਕਰਦੇ ਰਹੇ, ਅਤੇ ਸ਼ਹੀਦ ਹੋ ਗਏ। ਪ੍ਰਧਾਨ ਮੰਤਰੀ ਨੇ ਸਾਡੇ ਕਿਸਾਨਾਂ ਨੂੰ ‘ਅੰਦੋਲਨਜੀਵੀਂ ਅਤੇ ਪਰਜੀਵੀ’ ਕਿਹਾ। ਉਨ੍ਹਾਂ ਦੀ ਕੇਵਲ ਇੱਕ ਮੰਗ ਸੀ ਕਿ ਤਿੰਨ ਖੇਤੀ ਕਾਨੂੰਨਾ ਨੂੰ ਰੱਦ ਕੀਤਾ ਜਾਵੇ ਜੋ ਉਨਾਂ ਨਾਲ ਬਿਨਾਂ ਸਲਾਹ-ਮਸ਼ਵਰੇ ਦੇ ਲਾਏ ਗਏ ਸਨ। ਮੋਦੀ ਜੀ ਨੇ 2022 ਤੱਕ ਸਾਡੇ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦਾ ਵਾਅਦਾ ਕੀਤਾ ਸੀ। ਪਿਛਲੇ ਦਸ ਸਾਲਾਂ ਵਿੱਚ ਉਨ੍ਹਾਂ ਦੀਆਂ ਨੀਤੀਆਂ ਨੇ ਸਾਡੇ ਕਿਸਾਨਾਂ ਦੀ ਆਮਦਨ ਨੂੰ ਨੁਕਸਾਨ ਪਹੁੰਚਾਇਆ ਹੈ।
ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਵਿਚ, ਦੇਸ਼ ਦੀ ਅਰਥਵਿਵਸਥਾ ਨੇ ਬੇਹੱਦ ਉਥਲ-ਪੁਥਲ ਵੇਖੀ ਹੈ। ਨੋਟਬੰਦੀ ਦੀ ਬਿਪਤਾ, ਗਲਤ GST ਅਤੇ COVID ਮਹਾਂਮਾਰੀ ਦੌਰਾਨ ਖ਼ਰਾਬ ਪ੍ਰਬੰਧ ਨੇ ਬਹੁਤ ਦੁੱਖਦਾਈ ਹਾਲਾਤ ਪੈਦਾ ਕੀਤੇ ਹਨ। 6-7 ਪ੍ਰਤੀਸ਼ਤ GDP ਵਾਧੇ ਦੀ ਔਸਤ ਤੋਂ ਘੱਟ ਹੋਣਾ ਸਧਾਰਨ ਹੋ ਗਿਆ ਹੈ। ਭਾਜਪਾ ਸਰਕਾਰ ਦੇ ਹੇਠ ਵਰ੍ਹਿਆ GDP ਵਾਧਾ 6 ਪ੍ਰਤੀਸ਼ਤ ਤੋਂ ਘੱਟ ਰਹਿ ਗਿਆ ਹੈ, ਜਦਕਿ ਕਾਂਗਰਸ-ਯੂਪੀਏ ਦੇ ਦੌਰਾਨ ਇਹ ਲਗਭਗ 8 ਪ੍ਰਤੀਸ਼ਤ ਸੀ (ਨਵੀਂ ਸਿਰੀਜ਼) ਬੇਰੁਜ਼ਗਾਰੀ ਅਤੇ ਬੇਲਗਾਮ ਮਹਿੰਗਾਈ ਨੇ ਅਸਮਾਨਤਾ ਨੂੰ ਵਧਾਇਆ ਹੈ, ਜੋ ਹੁਣ 100 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ-ਯੂਪੀਏ, ਚੁਣੌਤੀਆਂ ਦੇ ਬਾਵਜੂਦ, ਸਾਡੇ ਲੋਕਾਂ ਦੀ ਖਰੀਦਣ ਦੀ ਸਮਰੱਥਾ ਨੂੰ ਵਧਾਉਂਦੀ ਰਹੀ ਜਦਕਿ ਭਾਜਪਾ ਸਰਕਾਰ ਦੀ ਗਲਤ ਪ੍ਰਬੰਧਕੀ ਨੇ ਘਰੇਲੂ ਬਚਤਾਂ ਨੂੰ 47 ਸਾਲਾਂ ਦੇ ਇਤਿਹਾਸਿਕ ਨੀਵੇਂ ਪੱਧਰ ‘ਤੇ ਪਹੁੰਚਾ ਦਿੱਤਾ ਹੈ। ਪਿੰਡਾਂ ਦੀ ਮਜ਼ਦੂਰੀ ਵਿਚ ਨਿਰੰਤਰ ਗਿਰਾਵਟ ਹੋਈ ਹੈ, ਅਤੇ ਮਜ਼ਦੂਰੀ ਵਿਚ ਅਸਮਾਨਤਾ ਨੇ ਵਿਆਪਕ ਤਣਾਅ ਪੈਦਾ ਕੀਤਾ ਹੈ।
ਡਾ ਮਨਮੋਹਨ ਸਿੰਘ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸਾਡੇ ਸੁਰੱਖਿਆ ਦਲਾਂ ‘ਤੇ ਇੱਕ ਅੰਕਲਪਿਤ ਅਗਨੀਵੀਰ ਯੋਜਨਾ ਲਾਗੂ ਕੀਤੀ ਹੈ। ਭਾਜਪਾ ਸੋਚਦੀ ਹੈ ਕਿ ਦੇਸ਼ਭਗਤੀ, ਬਹਾਦੁਰੀ ਅਤੇ ਸੇਵਾ ਸਿਰਫ਼ 4 ਸਾਲਾਂ ਲਈ ਹੈ। ਇਸ ਨਾਲ ਉਨ੍ਹਾਂ ਦੇ ਝੂਠੇ ਰਾਸ਼ਟਰਵਾਦ ਦਾ ਪ੍ਰਗਟਾਵਾ ਹੁੰਦਾ ਹੈ। ਜਿਨ੍ਹਾਂ ਨੌਜਵਾਨਾਂ ਨੇ ਨਿਯਮਿਤ ਭਰਤੀ ਲਈ ਇੰਤਜ਼ਾਰ ਕੀਤਾ ਸੀ, ਉਹ ਉਨ੍ਹਾਂ ਨੇ ਵੱਡੇ ਪੱਧਰ ‘ਤੇ ਧੋਖਾ ਦਿੱਤਾ ਹੈ। ਪੰਜਾਬ ਦਾ ਨੌਜਵਾਨ, ਜੋ ਕਿਸਾਨ ਦੇ ਪੁੱਤਰ ਹਨ, ਜਿਨ੍ਹਾਂ ਦਾ ਸੁਪਨਾ ਆਪਣੀ ਮਿੱਟੀ ਦੀ ਸੇਵਾ ਕਰਨਾ ਹੈ, ਹੁਣ 4 ਸਾਲਾਂ ਦੀ ਯੋਜਨਾ ‘ਤੇ ਦੋ ਵਾਰ ਸੋਚ ਰਿਹਾ ਹੈ। ਅਗਨੀਵੀਰ ਯੋਜਨਾ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੈ। ਇਸ ਲਈ, ਕਾਂਗਰਸ ਪਾਰਟੀ ਨੇ ਅਗਨੀਵੀਰ ਯੋਜਨਾ ਨੂੰ ਰੱਦ ਕਰਨ ਦਾ ਵਾਅਦਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਹੁਣ, ਕਾਂਗਰਸ ਪਾਰਟੀ ਨੇ ਆਪਣੇ ਘੋਸ਼ਣਾ ਪੱਤਰ ਵਿੱਚ ‘ਕਿਸਾਨ ਨਿਆਂ’ ਦੇ ਅਧੀਨ ਪੰਜ ਭਰੋਸੇ ਦਿੱਤੇ ਹਨ। ਇਹਨਾਂ ਵਿੱਚ MSP ਦੀ ਕਾਨੂੰਨੀ ਗਾਰੰਟੀ, ਖੇਤੀਬਾੜੀ ਲਈ ਇੱਕ ਸਥਿਰ ਨਿਰਯਾਤ-ਆਯਾਤ ਨੀਤੀ, ਖੇਤੀਬਾੜੀ ਕਰਜ਼ਾ ਮੁਆਫੀ ਲਈ ਇੱਕ ਸਥਾਈ ਕਮਿਸ਼ਨ ਸ਼ਾਮਲ ਹੈ। ਮੇਰੇ ਵਿਚਾਰ ਵਿੱਚ, ਇਹ ਕਦਮ ਖੇਤੀਬਾੜੀ ਸੁਧਾਰਾਂ ਦੇ ਦੂਸਰੇ ਪੜਾਅ ਲਈ ਮਾਹੌਲ ਬਣਾਉਣਗੇ।
ਉਨ੍ਹਾਂ ਕਿਹਾ ਕਿ ਅਤੀਤ ਵਿੱਚ ਕਿਸੇ ਵੀ ਪ੍ਰਧਾਨ ਮੰਤਰੀ ਨੇ ਸਮਾਜ ਦੇ ਕਿਸੇ ਵਿਸ਼ੇਸ਼ ਵਰਗ ਜਾਂ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਣ ਲਈ ਅਜਿਹੇ ਨਫ਼ਰਤ ਭਰੇ, ਗੈਰ-ਸੰਸਦੀ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ। ਮਨਮੋਹਨ ਸਿੰਘ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਮੋਦੀ ਨੇ ਸਭ ਤੋਂ ਵੱਧ ਨਫ਼ਰਤ ਭਰੇ ਭਾਸ਼ਣ ਦਿੱਤੇ ਹਨ, ਜੋ ਪੂਰੀ ਤਰ੍ਹਾਂ ਨਾਲ ਫੁੱਟ ਪਾਊ ਹਨ। ਮਨਮੋਹਨ ਸਿੰਘ ਨੇ ਕਿਹਾ ਕਿ ਅਤੀਤ ਵਿੱਚ ਕਿਸੇ ਵੀ ਪ੍ਰਧਾਨ ਮੰਤਰੀ ਨੇ ਸਮਾਜ ਦੇ ਕਿਸੇ ਵਿਸ਼ੇਸ਼ ਵਰਗ ਜਾਂ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਣ ਲਈ ਅਜਿਹੇ ਭੱਦੇ, ਗੈਰ-ਸੰਸਦੀ ਅਤੇ ਰੁੱਖੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ।
ਡਾ ਮਨਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮੇਰੇ ਬਾਰੇ ਕੁਝ ਗਲਤ ਬਿਆਨ ਵੀ ਦਿੱਤੇ ਹਨ। ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਇੱਕ ਭਾਈਚਾਰੇ ਨੂੰ ਦੂਜੇ ਤੋਂ ਵੱਖ ਨਹੀਂ ਕੀਤਾ। ਭਾਜਪਾ ਕੋਲ ਇਸ ‘ਤੇ ਇਕੱਲਾ ਕਾਪੀਰਾਈਟ ਹੈ। ਮੋਦੀ ਨੇ ਡਾ ਮਨਮੋਹਨ ਸਿੰਘ ‘ਤੇ ਦੋਸ਼ ਲਾਇਆ ਸੀ ਕਿ ਜਦੋਂ ਉਹ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਕਿਹਾ ਸੀ ਕਿ ਦੇਸ਼ ਦੇ ਵਸੀਲਿਆਂ ‘ਤੇ ਪਹਿਲਾ ਹੱਕ ਮੁਸਲਮਾਨਾਂ ਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਲੋਕ ਇਹ ਸਭ ਦੇਖ ਰਹੇ ਹਨ।