ਚੰਡੀਗੜ੍ਹ, 30 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਭਾਰਤੀ ਜਨਤਾ ਪਾਰਟੀ ਨੇ ਕ੍ਰਿਸ਼ਮਾ ਕਰਦਿਆਂ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਲਈ ਅੱਜ ਪਈਆਂ ਵੋਟਾਂ ਦੌਰਾਨ ਪਾਰਟੀ ਦੀ ਉਮੀਦਵਾਰ ਹਰਪ੍ਰੀਤ ਕੌਰ ਬਬਲਾ 19 ਵੋਟਾਂ ਲੈ ਕੇ ਮੇਅਰ ਚੁਣੀ ਗਈ ਜਦਕਿ ਆਮ ਆਦਮੀ ਪਾਰਟੀ (ਆਪ) ਦੀ ਪ੍ਰੇਮ ਲਤਾ ਨੂੰ ਸਿਰਫ 17 ਵੋਟਾਂ ਪਈਆਂ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਭ ਤੋਂ ਪਹਿਲੀ ਵੋਟ ਪਾਈ।
ਸਮਝਿਆ ਜਾ ਰਿਹਾ ਹੈ ਕਿ 36 ਮੈਂਬਰੀ ਨਗਰ ਨਿਗਮ ਦੇ ਹਾਊਸ ਵਿੱਚ ਇਸ ਚੋਣ ਦੌਰਾਨ ਕਰਾਸ ਵੋਟਿੰਗ ਹੋਈ ਹੈ ਜਦਕਿ ਆਪ ਤੇ ਕਾਂਗਰਸ ਗੱਠਜੋੜ ਕੋਲ 20 ਮੈਂਬਰਾਂ ਨਾਲ ਬਹੁਮਤ ਸੀ। ਸਿਆਸੀ ਹਲਕਿਆਂ ਅਨੁਸਾਰ ਇਸ ਚੋਣ ਦੌਰਾਨ ਤਿੰਨ ਕੌਂਸਲਰਾਂ ਨੇ ਕਰਾਸ ਵੋਟਿੰਗ ਕੀਤੀ ਹੈ।
ਕਾਂਗਰਸ ਦੇ ਜਸਬੀਰ ਸਿੰਘ ਬੰਟੀ ਸੀਨੀਅਰ ਡਿਪਟੀ ਮੇਅਰ ਤੇ ਤਰੁਣਾ ਮਹਿਤਾ ਡਿਪਟੀ ਮੇਅਰ ਚੁਣੇ ਗਏ
ਮੇਅਰ ਦੀ ਚੋਣ ਦੌਰਾਨ ਪਲਟੀ ਬਾਜ਼ੀ ਉਪਰੰਤ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਪਈਆਂ ਵੋਟਾਂ ਦੌਰਾਨ ਮੁੜ ਬਾਜ਼ੀ ਪਲਟ ਗਈ। ਆਪ ਨਾਲ ਹੋਏ ਸਮਝੌਤੇ ਅਨੁਸਾਰ ਕਾਂਗਰਸ ਨੇ ਜਸਬੀਰ ਸਿੰਘ ਬੰਟੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਤਰੁਣਾ ਮਹਿਤਾ ਨੂੰ ਡਿਪਟੀ ਮੇਅਰ ਦੇ ਅਹੁਦਿਆਂ ਲਈ ਮੈਦਾਨ ਵਿੱਚ ਉਤਾਰਿਆ ਸੀ ਜਿਸ ਵਿੱਚ ਜਸਬੀਰ ਸਿੰਘ ਬੰਟੀ ਨੇ 19 ਵੋਟਾਂ ਲੈ ਕੇ ਭਾਜਪਾ ਦੀ ਬਿਮਲਾ ਦੂਬੇ ਨੂੰ 17 ਵੋਟਾਂ ਨਾਲ ਹਰਾ ਕੇ ਜੇਤੂ ਰਹੇ।
ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੀ ਉਮੀਦਵਾਰ ਤਰੁਣਾ ਮਹਿਤਾ ਚੁਣੇ ਗਏ ਜਿਨ੍ਹਾਂ ਨੇ 19 ਵੋਟਾਂ ਹਾਸਲ ਕੀਤੀਆਂ ਜਦਕਿ ਭਾਜਪਾ ਦੇ ਉਮੀਦਵਾਰ ਲਖਬੀਰ ਸਿੰਘ ਨੂੰ 17 ਵੋਟਾਂ ਮਿਲੀਆਂ।
ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਇਸ ਚੋਣ ਦੀ ਵੀਡੀਓਗ੍ਰਾਫੀ ਹੋਈ ਅਤੇ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਜੈਸ਼੍ਰੀ ਠਾਕੁਰ ਨਿਗਰਾਨ ਵਜੋਂ ਹਾਜ਼ਰ ਰਹੇ। ਨਿਗਮ ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ 6 ਡਿਊਟੀ ਮੈਜਿਸਟਰੇਟ ਅਤੇ 1200 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ।
ਹਰਪ੍ਰੀਤ ਕੌਰ ਬਬਲਾ ਆਪਣੇ ਪਤੀ ਦਵਿੰਦਰ ਸਿੰਘ ਬਬਲਾ ਨਾਲ।
