ਵੈਨਕੂਵਰ 28 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਅਵਾਸੀਆਂ ਦੀ ਦਿੱਕਤ ਨੂੰ ਸਮਝਦਿਆਂ ਵਰਕ ਅਤੇ ਸਟੱਡੀ ਪਰਮਿਟ ਨਵਿਆਉਣ ਲਈ ਅਮਰੀਕੀ ਸਰਹੱਦ ਤੋਂ ਵਾਪਸ ਕੈਨੇਡਾ ਦਾਖਲਾ (ਫਲੈਗਪੋਲ) ਦੀ ਸ਼ਰਤ ਖਤਮ ਕਰ ਦਿੱਤੀ ਹੈ। ਹੁਣ ਘਰ ਬੈਠਿਆਂ ਇਹ ਪਰਮਿਟ ਨਵਿਆਏ ਜਾਂ ਵਧਾਏ ਜਾ ਸਕਣਗੇ, ਪਰ ਉਸ ਲਈ ਅਰਜ਼ੀ ਪਰਮਿਟ ਦੇ ਖਤਮ ਹੋਣ ਤੋਂ ਕਾਫੀ ਦਿਨ ਪਹਿਲਾਂ ਦਰਜ ਕਰਾਉਣੀ ਪਏਗੀ ਤਾਂ ਕਿ ਅਰਜੀਕਰਤਾ ਨੂੰ ਪਰਮਿਟ ਸਮੇਂ ਸਿਰ ਮਿਲ ਜਾਏ ਤੇ ਉਸ ਦੇ ਕੰਮ ਜਾਂ ਪੜ੍ਹਾਈ ਦਾ ਨੁਕਸਾਨ ਨਾ ਹੋਏ।
ਇਮੀਗ੍ਰੇਸ਼ਨ ਵਿਭਾਗ ਅਨੁਸਾਰ ਦਹਾਕਿਆਂ ਤੋਂ ਚਲਦੀ ਇਸ ਪ੍ਰਕਿਰਿਆ ਕਾਰਨ ਸਰਹੱਦ ’ਤੇ ਭੀੜ ਵਧਦੀ ਸੀ ਤੇ ਅਰਜੀ ਦੇਣ ਵਾਲਿਆਂ ਨੂੰ ਬੇਲੋੜੀ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ। ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਹੁਣ ਪਰਮਿਟ ਨਵਿਆਉਣ ਵਾਲੇ ਕਿਸੇ ਵਿਅਕਤੀ ਨੂੰ ਫਲੈਗਪੋਲ ਦੀ ਲੋੜ ਨਹੀਂ ਹੋਵੇਗੀ ਤੇ ਉਹ ਘਰ ਬੈਠਿਆਂ ਹੀ ਆਨਲਾਈਨ ਅਰਜ਼ੀ ਦਾਖਲ ਕਰਵਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਫਾਰਮ ਭਰਨੇ ਵੀ ਕਾਫੀ ਸੁਖਾਲੇ ਕਰ ਦਿੱਤੇ ਗਏ ਹਨ ਤਾਂ ਕਿ ਅਰਜ਼ੀ ਦੇਣ ਵਾਲਿਆਂ ਨੂੰ ਸਲਾਹਕਾਰਾਂ (ਏਜੰਟਾਂ) ਦੇ ਝੰਜਟ ਵਿੱਚ ਨਾ ਪੈਣਾ ਪਵੇ।
ਜਿਕਰਯੋਗ ਹੈ ਕਿ ਪਹਿਲਾਂ ਇਨ੍ਹਾਂ ਕੰਮਾਂ ਲਈ ਅਮਰੀਕੀ ਸਰਹੱਦ ਦੇ ਕਿਸੇ ਲਾਂਘੇ ’ਤੇ ਜਾ ਕੇ ਪਹਿਲਾਂ ਸਰਹੱਦ ਪਾਰ ਅਮਰੀਕਨ ਪੋਸਟ ਤੋਂ ਇੱਕ ਫਾਰਮ ਭਰਵਾ ਕੇ ਲਿਆਉਣਾ ਪੈਂਦਾ ਸੀ, ਜਿਸ ਨੂੰ ਫਲੈਗਪੋਲ ਕਹਿੰਦੇ ਸੀ ਤੇ ਉਸ ਫਾਰਮ ਦੇ ਅਧਾਰ ’ਤੇ ਕੈਨੇਡਾ ਦਾਖਲੇ ਮੌਕੇ ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਅਮਲੇ ਵਲੋਂ ਅਜਿਹੇ ਪਰਮਿਟ ਜਾਰੀ (ਨਵਿਆਏ) ਜਾਂਦੇ ਸਨ। ਇਹ ਝੰਜਟ ਸਲਾਹਕਾਰਾਂ ਦੀ ਕਮਾਈ ਦਾ ਸਰੋਤ ਬਣਿਆ ਹੋਇਆ ਸੀ।