Skip to content

ਟੋਰਾਂਟੋ 23 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਕੈਨੇਡਾ ਵੱਲੋਂ 22 ਜਨਵਰੀ ਤੋਂ ਚਾਲੂ ਸਾਲ 2025 ਦੌਰਾਨ ਸਟੱਡੀ ਪਰਮਿਟ ਦੇਣ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ 5,05,162 ਵਿਚਾਰ ਕਰਨ ਯੋਗ ਅਰਜ਼ੀਆਂ ਉੱਪਰ ਵਿਚਾਰ ਕੀਤਾ ਜਾਵੇਗਾ।

ਇਸ ਬਾਰੇ ਕੈਨੇਡਾ-ਗਜ਼ਟ ਵਿੱਚ ਪ੍ਰਕਾਸ਼ਿਤ ਕੀਤੇ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਸਟੱਡੀ ਪਰਮਿਟਾਂ ਲਈ ਨਿਰਧਾਰਤ ਪ੍ਰੋਸੈਸਿੰਗ ਸੀਮਾ ਪੂਰੀ ਹੋਣ ਤੋਂ ਬਾਅਦ ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਦੁਆਰਾ ਪ੍ਰਾਪਤ ਕੀਤੀਆਂ ਗਈਆਂ ਕਿਸੇ ਵੀ ਤਰਾਂ ਦੀਆਂ ਅਰਜ਼ੀਆਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਅਸਫਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਰਿਫੰਡ ਮਿਲੇਗਾ। ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਸੀਮਾ ਵੀਜ਼ਾ ਪ੍ਰਕਿਰਿਆ ਲਈ ਸਵੀਕਾਰ ਕੀਤੀਆਂ ਜਾਣ ਵਾਲੀਆਂ ਅਰਜ਼ੀਆਂ ਦੀ ਸੰਖਿਆ ਨੂੰ ਦਰਸਾਉਂਦੀ ਹੈ ਪਰ ਇਹ ਇਸ ਸਾਲ ਦੌਰਾਨ ਜਾਰੀ ਕੀਤੇ ਜਾਣ ਵਾਲੇ ਸਟੱਡੀ ਪਰਮਿਟਾਂ ਦੀ ਅਸਲ ਸੰਖਿਆ ਨੂੰ ਨਹੀਂ ਦਰਸਾਉਂਦੀ।

ਕਨੇਡਾ ਦੇ ਵੱਖ-ਵੱਖ ਸੂਬਿਆਂ ਅਤੇ ਪ੍ਰਦੇਸ਼ਾਂ ਨੂੰ ਸਟੱਡੀ ਪਰਮਿਟ ਦੇਣ ਲਈ ਕੁੱਲ 5,50,162 ਅਰਜ਼ੀਆਂ ਵਿਚਾਰ ਕਰਨ ਲਈ ਨਿਰਧਾਰਤ ਕੀਤੀਆਂ ਗਈਆਂ ਹਨ। ਪਰ ਸਟੱਡੀ ਪਰਮਿਟਾਂ ਲਈ ਵਿਚਾਰਨ ਯੋਗ ਅਰਜ਼ੀਆਂ ਦੀਆਂ ਕੁਝ ਸ਼੍ਰੇਣੀਆਂ ਇਹਨਾਂ ਨਿਰਦੇਸ਼ਾਂ ਰਾਹੀਂ ਨਿਰਧਾਰਤ ਸ਼ਰਤਾਂ ਅਤੇ ਸੀਮਾਵਾਂ ਤੋਂ ਮੁਕਤ ਹਨ। ਉਦਾਹਰਣ ਵਜੋਂ, ਇਹ ਛੋਟ ਉਨ੍ਹਾਂ ਬਿਨੈਕਾਰਾਂ ‘ਤੇ ਲਾਗੂ ਹੁੰਦੀ ਹੈ ਜੋ ਆਪਣੇ ਸਟੱਡੀ ਪਰਮਿਟ ਨੂੰ ਉਸੇ ‘ਡੈਜ਼ੀਗਨੇਟਿਡ ਲਰਨਿੰਗ ਇੰਸਟੀਚਿਊਸ਼ਨ’ ਵਿੱਚ ਰੀਨਿਊ ਕਰਨਾ ਚਾਹੁੰਦੇ ਹਨ ਜਿੱਥੋਂ ਦਾ ਉਨ੍ਹਾਂ ਕੋਲ ਸਟੱਡੀ ਪਰਮਿਟ ਮੌਜੂਦ ਹੈ।

ਇਸ ਤੋਂ ਇਲਾਵਾ ਸਾਰੀਆਂ ਸਟੱਡੀ ਪਰਮਿਟ ਅਰਜ਼ੀਆਂ ਨਾਲ ਸਬੰਧਤ ਸੂਬੇ ਜਾਂ ਖੇਤਰ ਦੁਆਰਾ ਜਾਰੀ ਕੀਤਾ ਗਿਆ ਇੱਕ ਤਸਦੀਕਸ਼ੁਦਾ ਪੱਤਰ ਲੱਗਾ ਹੋਣਾ ਚਾਹੀਦਾ ਹੈ, ਨਹੀਂ ਤਾਂ ਅਰਜ਼ੀ ਰੱਦ ਕਰ ਦਿੱਤੀ ਜਾਵੇਗੀ ਅਤੇ ਫੀਸ ਵਾਪਸ ਕਰ ਦਿੱਤੀ ਜਾਵੇਗੀ। ਜਿਕਰਯੋਗ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਸਮੇਤ ਵਧ ਰਹੀ ਅਸਥਾਈ ਆਬਾਦੀ ਨੂੰ ਕੰਟਰੋਲ ਕਰਨ ਲਈ ਕੈਨੇਡਾ ਸਰਕਾਰ ਨੇ ਪਿਛਲੇ ਸਾਲ ਜਨਵਰੀ ਵਿੱਚ ਅਰਜ਼ੀਆਂ ਲੈਣ ਸਬੰਧੀ ਇਹ ਨਿਯਮ ਲਾਗੂ ਕੀਤੇ ਸਨ। ਸਾਲ 2024 ਲਈ ਵਿਦਿਆਰਥੀ ਦੀ ਗਿਣਤੀ ਦੇ ਨਤੀਜੇ ਵਜੋਂ ਲਗਭਗ 360,000 ਪ੍ਰਵਾਨਿਤ ਸਟੱਡੀ ਪਰਮਿਟ ਮਿਲੇ ਸੀ ਜੋ ਕਿ 2023 ਤੋਂ 35 ਫੀਸਦ ਘੱਟ ਹੈ।

error: Content is protected !!