ਵਾਸ਼ਿੰਗਟਨ, 31 ਅਕਤੂਬਰ 2024 (ਫਤਿਹ ਪੰਜਾਬ)- ਅਮਰੀਕਾ ਨੇ ਕਿਹਾ ਹੈ ਕਿ ਕੈਨੇਡਾ ਵੱਲੋਂ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਲਾਏ ਗਏ ਦੋਸ਼ ‘ਚਿੰਤਾਜਨਕ’ ਹਨ, ਅਤੇ ਉਹ ਇਸ ਮਾਮਲੇ ‘ਤੇ ਅੱਗੇ ਵੀ ਕੈਨੇਡਾ ਸਰਕਾਰ ਨਾਲ ਸਲਾਹ-ਮਸ਼ਵਰਾ ਕਰਦੇ ਰਹਿਣਗੇ।ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿਲਰ ਨੇ ਆਪਣੀ ਰੋਜ਼ਾਨਾ ਕਾਨਫਰੈਂਸ ਦੌਰਾਨ ਪੱਤਰਕਾਰਾਂ ਕੋਲ ਇਹ ਖੁਲਾਸਾ ਕੀਤਾ।
ਦੱਸ ਦੇਈਏ ਕਿ ਪਿਛਲੇ ਦਿਨ ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਅਤੇ ਗੁਪਤਚਰ ਸਲਾਹਕਾਰ ਨੈਥਲੀ ਡਰੂਇਨ ਅਤੇ ਡਿਪਟੀ ਵਿਦੇਸ਼ ਮੰਤਰੀ ਡੇਵਿਡ ਮੌਰਿਸਨ, ਜੋ ਕਿ ਕੈਨੇਡਾ ਦੀ ਸੰਸਦ ਦੇ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਮੈਂਬਰ ਵੀ ਹਨ, ਨੇ ਇੱਕ ਲੀਕ ਹੋਈ ਵਾਸ਼ਿੰਗਟਨ ਪੋਸਟ ਰਿਪੋਰਟ ਦੀ ਪੁਸ਼ਟੀ ਕੀਤੀ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸ਼ਾਹ ਦਾ ਕੈਨੇਡਾ ਵਿੱਚ ਖਾਲਿਸਤਾਨੀ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੇ ਮੁਹਿੰਮ ਵਿੱਚ ਹੱਥ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਮੌਰਿਸਨ ਨੇ ਕਿਹਾ ਕਿ ਉਸਨੇ ਵਾਸ਼ਿੰਗਟਨ ਪੋਸਟ ਨੂੰ ਸ਼ਾਹ ਦੇ ਨਾਮ ਦੀ ‘ਪੁਸ਼ਟੀ’ ਕੀਤੀ ਸੀ। ਉਸਨੇ ਕਿਹਾ ਕਿ “ਪੱਤਰਕਾਰ ਨੇ ਮੈਨੂੰ ਕਾਲ ਕੀਤੀ ਅਤੇ ਪੁੱਛਿਆ ਕਿ ਕੀ ਇਹ ਉਹੀ ਵਿਅਕਤੀ ਸੀ ਤਾਂ ਮੈਂ ਇਹ ਪੁਸ਼ਟੀ ਕੀਤੀ ਕਿ ਹਾਂ ਇਹ ਉਹੀ ਵਿਅਕਤੀ ਸੀ,”।
ਯਾਦ ਰਹੇ ਕਿ ਸਰੀ ਸਥਿਤ ਇਕ ਵੱਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਅਤੇ ਪ੍ਰਮੁੱਖ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕੇਸ ਵਿੱਚ ਫੜੇ ਗਏ ਹਮਲਾਵਰਾਂ ਨੇ ਕਨੇਡਾ ਦੀ ਅਦਾਲਤ ਵਿੱਚ ਆਪਣਾ ਜੁਰਮ ਕਬੂਲ ਕਰ ਲਿਆ ਹੈ। ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਮੇਤ ਉੱਥੋਂ ਦੀ ਸਰਕਾਰ ਦੇ ਮੰਤਰੀ ਨੇ ਵੀ ਦੋਸ਼ ਲਾਏ ਹਨ ਕਿ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਸਮਰਥਕ ਖੁਫੀਆ ਏਜੰਸੀਆਂ ਦਾ ਹੱਥ ਹੈ। ਇਸ ਖੁਲਾਸੇ ਪਿੱਛੋਂ ਤਣਾਅ ਵਧਣ ਕਰਕੇ ਭਾਰਤ ਤੇ ਕੈਨੇਡਾ ਸਰਕਾਰਾਂ ਨੇ ਆਪੋ ਅਪਣੇ ਸਫ਼ੀਰ ਤੇ ਸਟਾਫ ਵਾਪਸ ਬੁਲਾ ਲਏ ਹਨ।