ਪੁਲਿਸ ਨੇ ਪੋਸਟਰ ਹਟਾਏ, ਗੁਰਦੁਆਰੇ ਦੇ ਪ੍ਰਧਾਨ ਸਣੇ ਹੋਰ ਪ੍ਰਬੰਧਕਾਂ ’ਤੇ ਕੇਸ ਦਰਜ

ਲਖਨਊ 4 ਜੂਨ 2024 (ਫਤਿਹ ਪੰਜਾਬ) ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ ਦੇ ਮਾਡਲ ਟਾਊਨ ਅਤੇ ਜਨਕਪੁਰੀ ਦੇ ਗੁਰਦੁਆਰਾ ਸਾਹਿਬ ਅੰਦਰ ਬੀਤੇ ਦਿਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਲਗਾਉਣ ਦੇ ਦੋਸ਼ ’ਚ ਪੁਲਿਸ ਨੇ 5 ਸਿੱਖਾਂ ਵਿਰੁਧ ਕੇਸ ਦਰਜ ਕੀਤਾ ਹੈ। ਬਰੇਲੀ ਦੇ ਪੁਲਿਸ ਸੁਪਰਡੈਂਟ (ਸਿਟੀ) ਰਾਹੁਲ ਭਾਟੀ ਨੇ ਕਿਹਾ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਪੋਸਟਰ ਹਟਾ ਦਿਤੇ ਗਏ ਹਨ। 

ਮਾਡਲ ਟਾਊਨ ਦੇ ਚੌਕੀ ਇੰਚਾਰਜ ਵੈਭਵ ਗੁਪਤਾ ਨੇ ਦਸਿਆ ਕਿ 1 ਜੂਨ ਨੂੰ ਮਾਡਲ ਟਾਊਨ ਗੁਰਦੁਆਰਾ ਸਾਹਿਬ ਵਿਚ ਜੂਨ 1984 ਕਤਲੇਆਮ ਦੇ ਸਬੰਧ ਵਿਚ ਸ਼ਹੀਦੀ ਦਿਵਸ ਮਨਾਇਆ ਗਿਆ ਸੀ ਅਤੇ ਇਸ ਮੌਕੇ ਉਥੇ ਲਗਾਏ ਗਏ ਪੋਸਟਰਾਂ ’ਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ ਅਤੇ ਉਨ੍ਹਾਂ ਨੂੰ ਸ਼ਹੀਦ ਦੱਸਿਆ ਗਿਆ ਸੀ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਪੋਸਟਰ ਮਾਡਲ ਟਾਊਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਛਪਵਾਏ ਗਏ ਸਨ। 

ਗੁਪਤਾ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਮਾਡਲ ਟਾਊਨ ਗੁਰਦੁਆਰੇ ਦੇ ਪ੍ਰਧਾਨ ਮਲਿਕ ਸਿੰਘ ਕਾਲੜਾ, ਗੁਰਦੀਪ ਸਿੰਘ ਬੱਗਾ, ਹਰਨਾਮ ਸਿੰਘ, ਰਾਜਿੰਦਰ ਸਿੰਘ ਜਾਨੀ, ਹਰਦੀਪ ਸਿੰਘ ਨਿੰਮਾ ਵਿਰੁਧ ਧਾਰਾ 153ਬੀ1 (ਸੀ) (ਵੱਖ-ਵੱਖ ਧਾਰਮਿਕ, ਨਸਲੀ, ਭਾਸ਼ਾ, ਜਾਂ ਖੇਤਰੀ ਸਮੂਹਾਂ ਵਿਚਕਾਰ ਅਸਹਿਮਤੀ ਜਾਂ ਨਫ਼ਰਤ ਨੂੰ ਉਤਸ਼ਾਹਿਤ ਕਰਨ ਵਾਲੇ ਬਿਆਨ ਦੇਣਾ ਜਾਂ ਪ੍ਰਕਾਸ਼ਤ ਕਰਨਾ)  ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਸੇ ਦੌਰਾਨ ਮਲਿਕ ਸਿੰਘ ਕਾਲੜਾ ਨੇ ਦੱਸਿਆ ਕਿ ਜੂਨ 1984 ਕਤਲੇਆਮ ਦੇ ਸਬੰਧ ’ਚ 6 ਜੂਨ ਨੂੰ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ’ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਮੇਤ ਤਿੰਨਾਂ ਦੀਆਂ ਤਸਵੀਰਾਂ ਵਾਲੇ ਪੋਸਟਰ ਲਗਾਏ ਗਏ ਸਨ। ਉਨ੍ਹਾਂ ਦਸਿਆ ਕਿ ਪੁਲਿਸ ਦੇ ਇਤਰਾਜ਼ਾਂ ਤੋਂ ਬਾਅਦ ਉਨ੍ਹਾਂ ਤਸਵੀਰਾਂ ਨੂੰ ਹਟਾ ਦਿੱਤਾ ਗਿਆ।

Skip to content