ਪਿਆਰ ਨੂੰ ਇੱਕ ਦਿਨ ਤੱਕ ਸੀਮਤ ਨਾ ਰੱਖਣ ਦੀ ਸਲਾਹ – ਭਾਜਪਾ ਮੰਤਰੀ
ਚੰਡੀਗੜ੍ਹ 8 ਫਰਵਰੀ 2026 (ਫਤਿਹ ਪੰਜਾਬ ਬਿਊਰੋ) ਹਰਿਆਣਾ ਦੇ ਊਰਜਾ, ਆਵਾਜਾਈ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਲੋਕਾਂ ਨੂੰ ਪਿਆਰ ਜਿਤਾਉਣ ਨੂੰ ਇੱਕ ਦਿਨ ਤੱਕ ਸੀਮਤ ਨਾ ਰੱਖਣ ਦੀ ਅਪੀਲ ਕਰਦਿਆਂ ਸੱਚੇ ਅਤੇ ਸਦੀਵੀ ਪਿਆਰ ਨੂੰ ਪ੍ਰਗਟ ਕਰਨ ਲਈ Valentine Day ਵੈਲੇਨਟਾਈਨ ਡੇਅ ਦੀ ਬਜਾਏ Radha-Krishan Day ਰਾਧਾ-ਕ੍ਰਿਸ਼ਨ ਦਿਵਸ ਮਨਾਉਣ ਦਾ ਸੁਝਾਅ ਦਿੱਤਾ ਹੈ।
ਇੱਕ ਬਿਆਨ ਵਿੱਚ ਅੰਬਾਲਾ ਦੇ ਭਾਜਪਾ ਨੇਤਾ ਨੇ ਕਿਹਾ ਕਿ ਰਾਧਾ-ਕ੍ਰਿਸ਼ਨ ਦਾ ਪਿਆਰ ਕੁਰਬਾਨੀ, ਸ਼ਰਧਾ ਅਤੇ ਸਮਰਪਣ ਨੂੰ ਦਰਸਾਉਂਦਾ ਹੈ ਜੋ ਇਸਨੂੰ ਸਿਰਫ਼ ਇੱਕ ਦਿਨ ਦੇ ਜਸ਼ਨ ਤੋਂ ਵੱਧ ਬਣਾਉਂਦਾ ਹੈ।
ਵਿਜ ਨੇ ਕਿਹਾ ਕਿ ਪਿਆਰ ਨੂੰ ਕਿਸੇ ਖਾਸ ਦਿਨ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ ਬਲਕਿ ਹਰ ਰੋਜ਼ ਇਸਦੇ ਸ਼ੁੱਧ ਅਤੇ ਪਵਿੱਤਰ ਰੂਪ ਵਿੱਚ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ।
ਉਸਨੇ ਅੱਗੇ ਕਿਹਾ ਕਿ “ਜੇਕਰ ਤੁਹਾਡੇ ਦਿਲ ਵਿੱਚ ਪਿਆਰ ਹੈ ਅਤੇ ਤੁਸੀਂ ਇਸਨੂੰ ਪ੍ਰਗਟ ਕਰਨਾ ਚਾਹੁੰਦੇ ਹੋ, ਤਾਂ ਇਹ ਵੈਲੇਨਟਾਈਨ ਡੇਅ ‘ਤੇ ਨਹੀਂ ਸਗੋਂ ਰਾਧਾ-ਕ੍ਰਿਸ਼ਨ ਦਿਵਸ ‘ਤੇ ਹੋਣਾ ਚਾਹੀਦਾ ਹੈ। ਇਹ ਸਦੀਵੀ ਪਿਆਰ ਹੈ ਅਤੇ ਜੇਕਰ ਤੁਸੀਂ ਇਸ ਵਿੱਚ ਵਿਸ਼ਵਾਸ ਕਰਦੇ ਹੋ, ਤਾਂ ਪਿਆਰ ਦਾ ਬ੍ਰਹਮ ਤੋਹਫ਼ਾ ਸਾਲ ਭਰ ਤੁਹਾਡੇ ਨਾਲ ਰਹੇਗਾ।”
ਮੰਤਰੀ ਨੇ ਵੈਲੇਨਟਾਈਨ ਡੇ ‘ਤੇ ਵੀ ਸਵਾਲ ਉਠਾਇਆ ਕਿ ਜ਼ਿਆਦਾਤਰ ਲੋਕ ਇਸਦੀ ਉਤਪਤੀ ਤੋਂ ਅਣਜਾਣ ਹਨ। 90 ਫੀਸਦ ਲੋਕ ਇਹ ਵੀ ਨਹੀਂ ਜਾਣਦੇ ਕਿ ਵੈਲੇਨਟਾਈਨ ਕੌਣ ਸੀ ਜਦਕਿ ਰਾਧਾ-ਕ੍ਰਿਸ਼ਨ ਦਾ ਹਰ ਆਤਮਾ ਵਿੱਚ ਵਾਸਾ ਹੈ।”
ਉਸਨੇ ਆਪਣੇ ਐਕਸ ਅਕਾਊਂਟ (ਪਹਿਲਾਂ ਟਵਿੱਟਰ) ‘ਤੇ ਆਪਣੇ ਸਟੈਂਡ ਨੂੰ ਦੁਹਰਾਉਂਦੇ ਹੋਏ ਕਿਹਾ ਕਿ “ਜੇਕਰ ਤੁਸੀਂ ਪਿਆਰ ਨੂੰ ਪ੍ਰਗਟ ਕਰਨਾ ਚਾਹੁੰਦੇ ਹੋ ਤਾਂ ਇਹ ਵੈਲੇਨਟਾਈਨ ਡੇ ‘ਤੇ ਨਹੀਂ ਹੋਣਾ ਚਾਹੀਦਾ ਸਗੋਂ ਇਹ ‘ਰਾਧਾ-ਕ੍ਰਿਸ਼ਨ’ ਦਿਵਸ ‘ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਸਦੀਵੀ ਪਿਆਰ ਸਾਰਾ ਸਾਲ ਦੈਵੀ ਅਸ਼ੀਰਵਾਦ ਦੇ ਤੋਹਫ਼ੇ ਵਜੋਂ ਮਿਲਦਾ ਹੈ।” ਇਸ ਤੋਂ ਪਹਿਲਾਂ ਵੀ ਵਿਜ ਹਰ ਸਾਲ 14 ਫਰਵਰੀ ਨੂੰ ਵਿਸ਼ਵ ਪੱਧਰ ਤੇ ਮਨਾਏ ਜਾਂਦੇ ਵੈਲੇਨਟਾਈਨ ਡੇ ਦੇ ਪੱਛਮੀ ਸੰਕਲਪ ਵਿਰੁੱਧ ਬੋਲਦੇ ਰਹਿੰਦੇ ਹਨ ਅਤੇ ਭਾਰਤੀ ਪਰੰਪਰਾਵਾਂ ਦੀ ਵਕਾਲਤ ਕਰਦੇ ਹਨ।