Skip to content

ਭਾਰਤ ਚ 19 ਲੱਖ ਜਾਅਲਸਾਜੀ ਵਾਲੇ ਬੈਂਕ ਖਾਤੇ ਫੜਕੇ ₹2000 ਕਰੋੜ ਦਾ ਸ਼ੱਕੀ ਲੈਣ-ਦੇਣ ਰੋਕਿਆ

ਨਵੀਂ ਦਿੱਲੀ 12 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਕੇਂਦਰ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਦੇ ਤਹਿਤ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ Indian Cyber Crime Coordination Centre (I4C) ਰਾਹੀਂ 805 ਐਪਲੀਕੇਸ਼ਨਾਂ ਅਤੇ 3,266 ਵੈੱਬਸਾਈਟਾਂ ਦੇ ਲਿੰਕ ਬਲਾਕ ਕੀਤੇ, 19 ਲੱਖ ਜਾਅਲਸਾਜੀ ਵਾਲੇ ਬੈਂਕ ਖਾਤੇ ਫੜੇ ਅਤੇ 2,000 ਕਰੋੜ ਰੁਪਏ ਤੋਂ ਵੱਧ ਦੇ ਸ਼ੱਕੀ ਲੈਣ-ਦੇਣ ਨੂੰ ਮੁਅੱਤਲ ਕਰ ਦਿੱਤਾ ਗਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਸੰਸਦੀ ਪੈਨਲ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਵਿੱਖ ਵਿੱਚ ਜਾਅਲਸਾਜੀ ਵਾਲੇ ਬੈਂਕ ਖਾਤਿਆਂ ਦੀ ਪਛਾਣ ਕਰਨ ਅਤੇ ਬੰਦ ਕਰਨ ਲਈ ਲਈ ਮਸਨੂਈ ਬੁੱਧੀ Artificial intelligence (ਏਆਈ) ਨੂੰ ਵਰਤਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ।
‘ਸਾਈਬਰ ਸੁਰੱਖਿਆ ਅਤੇ ਸਾਈਬਰ ਅਪਰਾਧ’ ਸਬੰਧੀ ਗ੍ਰਹਿ ਮਾਮਲਿਆਂ ਬਾਰੇ ਸੰਸਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਸ਼ਾਹ ਨੇ ਕਿਹਾ ਕਿ ਏਆਈ ਟੂਲਸ ਦੀ ਵਰਤੋਂ ਆਰਬੀਆਈ ਅਤੇ ਬੈਂਕਾਂ ਨਾਲ ਤਾਲਮੇਲ ਕਰਕੇ ਜਾਅਲਸਾਜੀ ਵਾਲੇ ਬੈਂਕ ਖਾਤਿਆਂ ਦਾ ਪਤਾ ਲਗਾਉਣ ਲਈ ਇੱਕ ਪ੍ਰਣਾਲੀ ਸਥਾਪਤ ਕੀਤੀ ਜਾਵੇਗੀ ਜਿਸਦੀ ਵਰਤੋਂ ਸਾਈਬਰ ਅਪਰਾਧੀਆਂ ਦੁਆਰਾ ਧੋਖਾਧੜੀ ਵਾਲੇ ਫੰਡਾਂ ਨੂੰ ਪਾਰਕ ਕਰਨ ਲਈ ਕੀਤੀ ਜਾਂਦੀ ਹੈ।
ਪਿਛਲੇ ਸਾਲਾਂ ਵਿੱਚ ਭਾਰਤ ਅੰਦਰ ਡਿਜੀਟਲ ਬੁਨਿਆਦੀ ਢਾਂਚੇ ਦੇ ਵੱਡੇ ਪੱਧਰ ‘ਤੇ ਹੋ ਰਹੇ ਵਿਸਥਾਰ ਬਾਰੇ ਮੀਟਿੰਗ ਨੂੰ ਜਾਣੂ ਕਰਵਾਉਂਦੇ ਹੋਏ ਉਨਾਂ ਦੱਸਿਆ ਕਿ ਪਿਛਲੇ ਦਹਾਕੇ ਦੌਰਾਨ ਇੰਟਰਨੈੱਟ ਉਪਭੋਗਤਾਵਾਂ ਦੀ ਗਿਣਤੀ ਵਿੱਚ 4.5 ਗੁਣਾ ਵਾਧਾ ਹੋਇਆ ਹੈ ਅਤੇ 2024 ਵਿੱਚ 48 ਪ੍ਰਤੀਸ਼ਤ ਗਲੋਬਲ ਲੈਣ-ਦੇਣ ਭਾਰਤ ਵਿੱਚੋਂ ਹੋਇਆ ਹੈ ਜਿਸ ਕਾਰਨ ਸਾਈਬਰ ਹਮਲਿਆਂ ਵਿੱਚ ਕੁਦਰਤੀ ਵਾਧਾ ਹੋਇਆ ਹੈ।
ਸ਼ਾਹ ਨੇ ਕਿਹਾ ਕਿ ਜਦੋਂ ਤੱਕ “ਅਸੀਂ ਸਾਫਟਵੇਅਰ, ਸੇਵਾਵਾਂ ਅਤੇ ਉਪਭੋਗਤਾਵਾਂ ਰਾਹੀਂ ਸਾਈਬਰ ਧੋਖਾਧੜੀ ਨੂੰ ਕੰਟਰੋਲ ਕਰਨ ‘ਤੇ ਵਿਚਾਰ ਨਹੀਂ ਕਰਦੇ ਉਦੋਂ ਤੱਕ ਸਾਈਬਰਸਪੇਸ ਦੇ ਮੁੱਦਿਆਂ ਨੂੰ ਹੱਲ ਕਰਨਾ ਅਸੰਭਵ ਹੋਵੇਗਾ”। ਉਨ੍ਹਾਂ ਨੇ ਕਮੇਟੀ ਨੂੰ ਸਾਈਬਰ ਅਪਰਾਧਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਪੈਨਲ ਮੈਂਬਰਾਂ ਨੂੰ I4C ਹੈਲਪਲਾਈਨ ਨੰਬਰ ‘1930’ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਵੀ ਕੀਤੀ।

error: Content is protected !!