ਸਿਹਤ ਮੰਤਰਾਲੇ ਵੱਲੋਂ ਚਾਲੂ ਸਾਲ ‘ਚ 200 ਡੇਅਕੇਅਰ ਕੈਂਸਰ ਸੈਂਟਰ ਸ਼ੁਰੂ ਕਰਨ ਦੀ ਤਜਵੀਜ਼
ਨਵੀਂ ਦਿੱਲੀ 16 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਸਾਰੇ 759 ਜ਼ਿਲ੍ਹਿਆਂ ਵਿੱਚ ਕੀਮੋਥੈਰੇਪੀ ਸੇਵਾਵਾਂ ਚਾਰ ਤੋਂ ਛੇ ਬਿਸਤਰਿਆਂ ਵਾਲੇ Daycare Cancer Centers (DCC) ਡੇਅਕੇਅਰ ਕੈਂਸਰ ਸੈਂਟਰ ਖੋਲ੍ਹੇ ਜਾਣਗੇ ਜਿਥੇ ਜ਼ਰੂਰੀ ਦਵਾਈਆਂ ਮਿਲਣਗੀਆਂ ਅਤੇ ਬਾਇਓਪਸੀ ਵੀ ਕਰਵਾਈ ਜਾ ਸਕਦੀ ਹੈ। ਇਸ ਸਰਕਾਰੀ ਪਹਿਲ ਦਾ ਉਦੇਸ਼ ਕੈਂਸਰ ਦੇ ਮਰੀਜ਼ਾਂ ਦੀ ਦੇਖਭਾਲ ਅਤੇ ਕਿਫਾਇਤੀ ਇਲਾਜ ਲਈ ਆਸਾਨ ਪਹੁੰਚ ਨੂੰ ਯਕੀਨੀ ਬਣਾਉਣਾ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਉੱਚ ਅਧਿਕਾਰੀਆਂ ਅਨੁਸਾਰ ਦਿਨ ਵੇਲੇ ਖੁੱਲ੍ਹੇ ਰਹਿਣ ਵਾਲੇ ਇਨ੍ਹਾਂ DCC ਕੇਂਦਰਾਂ ਵਿੱਚ ਉੱਚ-ਜੋਖਮ ਵਾਲੇ ਵਿਅਕਤੀਆਂ ਵਿੱਚ ਆਮ ਕੈਂਸਰਾਂ ਦੀ ਜਾਂਚ ਕੀਤੀ ਜਾਵੇਗੀ। ਮੌਜੂਦਾ ਵਿੱਤੀ ਸਾਲ ਵਿੱਚ ਹੀ 200 ਡੇਅਕੇਅਰ ਕੈਂਸਰ ਸੈਂਟਰ ਸਥਾਪਤ ਕਰਨ ਦੀ ਯੋਜਨਾ ਹੈ ਅਤੇ ਇਸ ਬਾਰੇ ਰਾਜਾਂ ਨਾਲ ਜ਼ਿਲ੍ਹਾ ਹਸਪਤਾਲਾਂ ਦੀ ਪਛਾਣ ਕਰਨ ਲਈ ਗੱਲਬਾਤ ਵੀ ਸ਼ੁਰੂ ਹੋ ਚੁੱਕੀ ਹੈ ਜਿੱਥੇ ਲੋਕਾਂ ਲਈ ਅਜਿਹੀਆਂ ਸਹੂਲਤਾਂ ਤੁਰੰਤ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।
ਸਰਕਾਰੀ ਅੰਕੜਿਆਂ ਅਨੁਸਾਰ ਸਾਲ 2022 ਦੌਰਾਨ ਦੇਸ਼ ਵਿੱਚ 14.1 ਲੱਖ ਤੋਂ ਵੱਧ ਨਵੇਂ ਕੈਂਸਰ ਦੇ ਮਾਮਲੇ ਸਾਹਮਣੇ ਆਏ ਅਤੇ ਕੈਂਸਰ ਕਾਰਨ 9.1 ਲੱਖ ਤੋਂ ਵੱਧ ਮੌਤਾਂ ਹੋਈਆਂ। ਪਿਛਲੇ ਸਾਲ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ International Agency for Research on Cancer (IARC) ਵੱਲੋਂ ਕੈਂਸਰ ਦੇ ਪ੍ਰਸਾਰ ਸਬੰਧੀ ਵਿਸ਼ਵ ਪੱਧਰ ‘ਤੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿੱਚ ਔਸਤਨ 75 ਸਾਲ ਦੀ ਉਮਰ ਤੋਂ ਪਹਿਲਾਂ ਕਿਸੇ ਵਿਅਕਤੀ ਨੂੰ ਕੈਂਸਰ ਹੋਣ ਦਾ ਜੋਖਮ 10.6 ਫੀਸਦ ਹੈ ਜੋ ਕਿ ਅਮਰੀਕਾ (34.3%) ਅਤੇ ਕੈਨੇਡਾ (32.2%) ਦੇ ਅਨੁਸਾਰ ਲਗਭਗ ਇੱਕ ਤਿਹਾਈ ਹੈ। ਪਰ ਮੌਤ ਦੇ ਜੋਖਮ ਦੀ ਗੱਲ ਆਉਂਦੀ ਹੈ ਤਾਂ ਭਾਰਤੀਆਂ ਦੀ ਗਿਣਤੀ ਵੀ ਹੋਰਨਾਂ ਮੁਲਕਾਂ ਦੇ ਲੱਗਭਗ ਬਰਾਬਰ ਹੀ ਹੈ।
IARC ਮੁਤਾਬਕ ਸਾਲ 2050 ਤੱਕ ਕੈਂਸਰ ਦੇ 35 ਮਿਲੀਅਨ ਨਵੇਂ ਕੇਸ ਦਰਜ ਹੋ ਸਕਦੇ ਹਨ ਜੋ ਕਿ ਸਾਲ 2022 ਵਿੱਚ ਅੰਦਾਜ਼ਨ 20 ਮਿਲੀਅਨ ਕੇਸਾਂ ਤੋਂ 77 ਫੀਸਦ ਵੱਧ ਹੈ।
World Health Organisation (WHO) ਦੀ ਕੈਂਸਰ ਏਜੰਸੀ ਦਾ ਕਹਿਣਾ ਹੈ ਕਿ ਵਿਸ਼ਵ ਪੱਧਰ ‘ਤੇ ਤੇਜ਼ੀ ਨਾਲ ਵਧ ਰਿਹਾ ਕੈਂਸਰ ਦਾ ਬੋਝ ਆਬਾਦੀ ਦੀ ਉਮਰ ਅਤੇ ਵਿਕਾਸ ਦੋਵਾਂ ਨੂੰ ਦਰਸਾਉਂਦਾ ਹੈ। ਤੰਬਾਕੂ, ਸ਼ਰਾਬ ਅਤੇ ਮੋਟਾਪਾ ਕੈਂਸਰ ਦੀਆਂ ਵਧਦੀਆਂ ਘਟਨਾਵਾਂ ਪਿੱਛੇ ਮੁੱਖ ਕਾਰਨ ਸਨ। ਇਸ ਤੋਂ ਹਵਾ ਪ੍ਰਦੂਸ਼ਣ ਅਜੇ ਵੀ ਵਾਤਾਵਰਣ ਜੋਖਮ ਕਾਰਕਾਂ ਦਾ ਇੱਕ ਮੁੱਖ ਚਾਲਕ ਹੈ।