ਜਾਇੰਟ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਦਾ ਕਾਲਿਜ ਵੱਲੋਂ ਸਨਮਾਨ
ਲੁਧਿਆਣਾਃ 17 ਅਗਸਤ, 2024 2024 (ਫਤਿਹ ਪੰਜਾਬ) ਪਰਵਾਸੀ ਸਾਹਿਤ ਅਧਿਐਨ ਕੇਂਦਰ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਸਰੀ (ਕੈਨੇਡਾ) ਵੱਸਦੇ ਗ਼ਜ਼ਲਗੋ ਗੁਰਮੀਤ ਸਿੰਘ ਸਿੱਧੂ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਪਿੰਡ ਤੋਂ ਬ੍ਰਹਿਮੰਡ’ ਲੋਕ ਅਰਪਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਨੇ ਕੀਤੀ। ਆਰੰਭ ਵਿਚ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਲੁਧਿਆਣਾ ਨੇ ਸਭ ਨੂੰ ਰਸਮੀ ਤੌਰ ਤੇ ਜੀ ਆਇਆਂ ਕਿਹਾ ਅਤੇ ਉਨ੍ਹਾਂ ਨੇ ਕਿਹਾ ਕਿ ਸਾਨੂੰ ਖ਼ੁਸ਼ੀ ਹੈ ਕਿ ਵਿਦੇਸ਼ਾਂ ਵਿਚ ਵੱਸਦੇ ਪਰਵਾਸੀ ਪੰਜਾਬੀ ਲੇਖਕ ਪਰਵਾਸੀ ਸਾਹਿਤ ਅਧਿਐਨ ਕੇਂਦਰ ਨਾਲ ਜੁੜੇ ਹੋਏ ਹਨ ਅਤੇ ਕੇਂਦਰ ਦੀਆਂ ਗਤੀਵਿਧੀਆਂ ਦੇਖਦੇ ਹੋਏ ਸਾਹਿਤਕ ਪ੍ਰੋਗਰਾਮ ਕਰਨ ਲਈ ਸਾਡੀ ਸੰਸਥਾ ਨੂੰ ਪਹਿਲ ਦਿੰਦੇ ਹਨ। ਉਨ੍ਹਾਂ ਨੇ ਇਸ ਪੁਸਤਕ ਦੇ ਸਿਰਲੇਖ ਬਾਰੇ ਵਿਚਾਰ ਚਰਚਾ ਕਰਦੇ ਹੋਏ ਪਿੰਡ ਅਤੇ ਬ੍ਰਹਿਮੰਡ ਦਾ ਸੰਕਲਪ, ਪਰਵਾਸੀਆਂ ਦੇ ਮਾਨਸਿਕ ਤੇ ਪਦਾਰਥਿਕ ਦਵੰਦ ਬਾਰੇ ਵਿਚਾਰ ਚਰਚਾ ਕੀਤੀ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਲੇਖਕ ਬਾਰੇ ਦੱਸਿਆ ਕਿ ਗੁਰਮੀਤ ਸਿੰਘ ਸਿੱਧੂ ਕਰਤਾਰਪੁਰ (ਜਲੰਧਰ) ਦੇ ਪਿੰਡ ਕੁੱਦੋਵਾਲ ਦਾ ਜੰਮਪਲ ਹੈ ਅਤੇ 1993 ਤੋਂ ਕੈਨੇਡਾ ਵਾਸੀ ਹੈ। ਉਸ ਨੇ ਆਪਣਾ ਸਾਹਿਤਕ ਸਫ਼ਰ ਸ. ਜਸਵੰਤ ਸਿੰਘ ਕੰਵਲ ਜੀ ਦੀ ਪ੍ਰੇਰਨਾ ਨਾਲ ਗੀਤਕਾਰੀ ਤੋਂ ਆਰੰਭ ਕੀਤਾ ਅਤੇ ਫਿਰ ਸਰੀ ਵੱਸਦੇ ਗ਼ਜ਼ਲਗੋਆਂ ਰਾਜਵੰਤ ਰਾਜ, ਕਵਿੰਦਰ ਚਾਦ ਤੇ ਕ੍ਰਿਸ਼ਨ ਭਨੋਗ ਦੀ ਅਗਵਾਈ ਵਿਚ ਪਿੰਗਲ ਅਤੇ ਅਰੂਜ਼ ਨੂੰ ਸਮਝ ਕੇ 2018 ਵਿੱਚ ਗ਼ਜ਼ਲਾਂ ਲਿਖਣੀਆਂ ਸ਼ੁਰੂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਇਹ ਗ਼ਜ਼ਲ ਸੰਗ੍ਰਹਿ ਲੇਖਕ ਦੇ ਲਗਪਗ ਡੇਢ ਦਹਾਕੇ ਦੀ ਸਾਹਿੱਤ ਸਾਧਨਾ ਚੋਂ ਉਪਜਿਆ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਇਸ ਪੁਸਤਕ ਬਾਰੇ ਆਲੋਚਨਾਤਮਕ ਪੱਖ ਤੋਂ ਵਿਚਾਰ ਚਰਚਾ ਕਰਦੇ ਹੋਏ ਕਿਹਾ ਕਿ ਲੇਖਕ ਦੇ ਧੁਰ ਅੰਦਰ ਉਸਦਾ ਪਿੰਡ ਵੱਸਦਾ ਹੈ ਅਤੇ ਇਸ ਲਈ ਹੀ ਇਨ੍ਹਾਂ ਗ਼ਜ਼ਲਾਂ ਵਿਚ ਪੰਜਾਬੀ ਰਹਿਤਲ-ਬਹਿਤਲ ਵਾਰ-ਵਾਰ ਅਭਿਵਿਅਕਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਗ਼ਜ਼ਲਾਂ ਵਿਚੋਂ ਸੂਫ਼ੀ ਕਾਵਿ, ਕਿੱਸਾ ਕਾਵਿ ਅਤੇ ਰਹੱਸਵਾਦ ਦੀ ਰੰਗਤ ਵੇਖਣ ਨੂੰ ਮਿਲਦੀ ਹੈ। ਪੰਜਾਬੀ ਦੇ ਉੱਘੇ ਸ਼ਾਇਰ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਇਸੇ ਪੁਸਤਕ ਦੀ ਇਕ ਗ਼ਜ਼ਲ ‘ਕਿਤਾਬਾਂ ਚ ਅੱਖਰ ਕਰਨ ਦੀਪਮਾਲਾ’ ਤਰਨੁੰਮ ਵਿਚ ਸ੍ਰੋਤਿਆਂ ਨੂੰ ਸੁਣਾਈ।
ਇਸ ਮੌਕੇ ਪੰਜਾਬ ਸਰਕਾਰ ਦੇ ਜਾਇੰਟ ਡਾਇਰੈਕਟਰ (ਲੋਕ ਸੰਪਰਕ) ਸ. ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ, ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਪੁੱਜੇ। ਉਨ੍ਹਾਂ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਪਿਛਲੇ 12 ਸਾਲ ਦੌਰਾਨ ਕੀਤੇ ਸਾਹਿੱਤ ਕਾਰਜਾਂ ਦੀ ਸ਼ਲਾਘਾ ਕੀਤੀ। ਕਾਲਿਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਪ ਸਿੰਘ ਤੇ ਆਨਰੇਰੀ ਸਕੱਤਰ ਸ. ਹਰਸ਼ਰਨ ਸਿੰਘ ਨਰੂਲਾ ਨੇ ਸ. ਹਰਜੀਤ ਸਿੰਘ ਗਰੇਵਾਲ ਨੂੰ ਕਾਲਿਜ ਵਿੱਚ ਪਹਿਲੀ ਵਾਰ ਪੁੱਜਣ ਤੇ ਸਨਮਾਨਿਤ ਕੀਤਾ।
ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ ਨੇ ਰਸਮੀ ਤੌਰ ’ਤੇ ਸਭ ਦਾ ਧੰਨਵਾਦ ਕੀਤਾ ਅਤੇ ਲੇਖਕ ਨੂੰ ਪੁਸਤਕ ਲੋਕ ਅਰਪਨ ਲਈ ਵਧਾਈ ਵੀ ਦਿੱਤੀ। ਇਸ ਮੌਕੇ ਸ. ਹਰਸ਼ਰਨ ਸਿੰਘ ਨਰੂਲਾ ਆਨਰੇਰੀ ਜਨਰਲ ਸਕੱਤਰ, ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਉੱਘੇ ਲੇਖਕ ਅਮਰਜੀਤ ਸਿੰਘ ਸ਼ੇਰਪੁਰੀ, ਕਾਲਿਜ ਦੇ ਵਾਈਸ ਪ੍ਰਿੰਸੀਪਲ ਤੇ ਹਿੰਦੀ ਵਿਭਾਗ ਦੇ ਮੁਖੀ ਪ੍ਰੋ. ਰਜਿੰਦਰ ਕੌਰ ਮਲੋਹਤਰਾ, ਡਾ. ਦਲੀਪ ਸਿੰਘ, ਪੰਜਾਬੀ ਵਿਭਾਗ ਦੇ ਡਾ. ਗੁਰਪ੍ਰੀਤ ਸਿੰਘ, ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਸੁਸ਼ਮਿੰਦਰਜੀਤ ਕੌਰ ਤੇ ਡਾ. ਭੁਪਿੰਦਰਜੀਤ ਕੌਰ ਵੀ ਹਾਜ਼ਰ ਰਹੇ। ਪ੍ਰੋਗਰਾਮ ਦਾ ਸੰਚਾਲਨ ਡਾ. ਤੇਜਿੰਦਰ ਕੌਰ ਕੋਆਰਡੀਨੇਟਰ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੇ ਕੀਤਾ।