ਸ਼ਿਮਲਾ 17 ਜੂਨ 2024 (ਫਤਿਹ ਪੰਜਾਬ) ਹਿਮਾਚਲ ਪ੍ਰਦੇਸ ਦੀਆਂ 2 ਵਿਧਾਨ ਸਭਾ ਹਲਕਿਆਂ ਦੀਆਂ 10 ਜੁਲਾਈ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਕਾਂਗਰਸ ਨੇ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਹਮੀਰਪੁਰ ਤੋਂ ਡਾ: ਪੁਸ਼ਪੇਂਦਰ ਵਰਮਾ ਅਤੇ ਨਾਲਾਗੜ੍ਹ ਤੋਂ ਬਾਵਾ ਹਰਦੀਪ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਇਹ ਦੋਵੇਂ ਉਮੀਦਵਾਰ ਸਾਲ 2022 ਵਿੱਚ ਚੋਣਾਂ ਮੌਕੇ ਆਪੋ ਆਪਣੇ ਇੰਨਾਂ ਹਲਕਿਆਂ ਤੋਂ ਚੋਣ ਹਾਰ ਗਏ ਸਨ। ਡੇਹਰਾ ਸੀਟ ‘ਤੇ ਹਾਲ ਦੀ ਘੜੀ ਟਿਕਟ ਰੋਕੀ ਗਈ ਹੈ।
ਇਸ ਸਾਲ ਦੇ ਸ਼ੁਰੂ ਵਿਚ ਰਾਜ ਸਭਾ ਚੋਣਾਂ ਮੌਕੇ ਵਿਧਾਨ ਸਭਾ ਤੋਂ ਅਸਤੀਫਾ ਦੇ ਕੇ ਭਾਜਪਾ ਦੇ ਹੱਕ ਵਿਚ ਵੋਟ ਪਾਉਣ ਤੋਂ ਬਾਅਦ ਭਾਜਪਾ ਵਿਚ ਸ਼ਾਮਲ ਹੋਏ ਤਿੰਨ ਆਜ਼ਾਦ ਵਿਧਾਇਕਾਂ ਨੂੰ ਪਾਰਟੀ ਨੇ ਇੰਨਾਂ ਉਪ ਚੋਣਾਂ ਵਿਚ ਉਨ੍ਹਾਂ ਦੇ ਹੀ ਪੁਰਾਣੇ ਵਿਧਾਨ ਸਭਾ ਹਲਕਿਆਂ ਤੋਂ ਮੈਦਾਨ ਵਿਚ ਉਤਾਰਿਆ ਹੈ। ਅਸ਼ੀਸ਼ ਸ਼ਰਮਾ ਨੂੰ ਹਮੀਰਪੁਰ, ਹੁਸ਼ਿਆਰ ਸਿੰਘ ਨੂੰ ਡੇਹਰਾ ਅਤੇ ਕੇ ਐਲ ਠਾਕੁਰ ਨੂੰ ਨਾਲਾਗੜ੍ਹ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ।
ਇਸ ਤਰਾਂ ਹੁਣ ਹਮੀਰਪੁਰ ‘ਚ ਡਾ.ਪੁਸ਼ਪੇਂਦਰ ਅਤੇ ਭਾਜਪਾ ਦੇ ਆਸ਼ੀਸ਼ ਸ਼ਰਮਾ ਵਿਚਾਲੇ ਮੁਕਾਬਲਾ ਹੋਵੇਗਾ। ਇਸ ਦੇ ਨਾਲ ਹੀ ਨਾਲਾਗੜ੍ਹ ਸੀਟ ‘ਤੇ ਬਾਵਾ ਹਰਦੀਪ ਸਿੰਘ ਅਤੇ ਭਾਜਪਾ ਦੇ ਕੇਐਲ ਠਾਕੁਰ ਵਿਚਾਲੇ ਮੁਕਾਬਲਾ ਹੋਵੇਗਾ।
ਇੰਨਾਂ ਜ਼ਿਮਨੀ ਚੋਣਾਂ ਦੇ ਨਤੀਜੇ 13 ਜੁਲਾਈ ਨੂੰ ਐਲਾਨੇ ਜਾਣਗੇ। ਉਮੀਦਵਾਰ 21 ਜੂਨ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ ਅਤੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ 26 ਜੂਨ ਹੈ।