Skip to content

ਜੇ ਬਿਭਵ ਨੂੰ ਜ਼ਮਾਨਤ ਮਿਲੀ ਤਾਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਖਤਰਾ, ਸਵਾਤੀ ਨੇ ਅਦਾਲਤ ਚ ਕਿਹਾ

ਨਵੀਂ ਦਿੱਲੀ, 27 ਮਈ 2024 (ਫਤਿਹ ਪੰਜਾਬ) ਅੱਜ ਸੋਮਵਾਰ ਨੂੰ ਤੀਸ ਹਜ਼ਾਰੀ ਅਦਾਲਤ ਨੇ ਆਮ ਆਦਮੀ ਪਾਰਟੀ (ਆਪ) ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਕੁੱਟਮਾਰ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਸੁਣਵਾਈ ਦੌਰਾਨ ਸਵਾਤੀ ਵੀ ਅਦਾਲਤ ‘ਚ ਮੌਜੂਦ ਸੀ।

ਬਿਭਵ ਦੇ ਵਕੀਲ ਹਰੀਹਰਨ ਨੇ ਸੁਣਵਾਈ ਦੌਰਾਨ ਦੋਸ਼ ਲਗਾਇਆ ਕਿ ਜਦੋਂ ਸਰੀਰ ਦੇ ਸੰਵੇਦਨਸ਼ੀਲ ਅੰਗਾਂ ‘ਤੇ ਸੱਟਾਂ ਦੇ ਕੋਈ ਨਿਸ਼ਾਨ ਹੀ ਨਹੀਂ ਮਿਲੇ ਤਾਂ ਦੋਸ਼ੀ ਹੱਤਿਆ ਦੀ ਕੋਸ਼ਿਸ਼ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਨਾ ਹੀ ਬਿਭਵ ਦਾ ਸਵਾਤੀ ਨੂੰ ਨਿਰਵਸਤਰ ਕਰਨ ਦਾ ਕੋਈ ਇਰਾਦਾ ਸੀ। ਇਹ ਸੱਟਾਂ ਆਪਣੇ ਆਪ ਲੱਗੀਆਂ ਹੋ ਸਕਦੀਆਂ ਹਨ।

ਬਿਭਵ ਦੇ ਵਕੀਲ ਨੇ ਇਹ ਵੀ ਕਿਹਾ ਕਿ ਪੁਰਾਤਨ ਸਮੇਂ ‘ਚ ਦ੍ਰੋਪਦੀ ਦਾ ਚੀਰਹਰਨ ਕਰਨ ਵਰਗੇ ਦੋਸ਼ ਕੌਰਵਾਂ ‘ਤੇ ਲਗਾਏ ਗਏ ਸਨ। ਸਵਾਤੀ ਨੇ 3 ਦਿਨਾਂ ਦੀ ਪੂਰੀ ਯੋਜਨਾਬੰਦੀ ਤੋਂ ਬਾਅਦ ਇਹ ਐਫਆਈਆਰ ਦਰਜ ਕਰਵਾਈ ਹੈ।

ਇਹ ਦਲੀਲਾਂ ਸੁਣ ਕੇ ਸਵਾਤੀ ਕੋਰਟ ਰੂਮ ‘ਚ ਹੀ ਰੋਣ ਲੱਗ ਪਈ। ਸਵਾਤੀ ਨੇ ਕਿਹਾ ਕਿ ਬਿਭਵ ਕੋਈ ਆਮ ਆਦਮੀ ਨਹੀਂ ਹੈ, ਉਹ ਮੰਤਰੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਵਰਤੋਂ ਕਰਦਾ ਹੈ। ਜੇਕਰ ਉਸ ਨੂੰ ਜ਼ਮਾਨਤ ਮਿਲ ਜਾਂਦੀ ਹੈ ਤਾਂ ਮੈਨੂੰ ਖ਼ਤਰਾ ਖੜਾ ਹੋ ਜਾਵੇਗਾ।

ਸਵਾਤੀ ਮਾਲੀਵਾਲ ਨੇ ਅਦਾਲਤ ਨੂੰ ਦੱਸਿਆ ਕਿ ਮੇਰਾ ਬਿਆਨ ਦਰਜ ਕਰਨ ਤੋਂ ਬਾਅਦ ਆਪ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਕਰਕੇ ਮੈਨੂੰ ਭਾਜਪਾ ਦਾ ਏਜੰਟ ਕਿਹਾ। ਉਨ੍ਹਾਂ ਕੋਲ ਵੱਡੀ ਟਰੋਲ ਮਸ਼ੀਨਰੀ ਹੈ ਜਿਸ ਨੂੰ ਪੰਪ ਕਰ ਦਿੱਤਾ ਹੈ। ਜੇਕਰ ਬਿਭਵ ਜ਼ਮਾਨਤ ‘ਤੇ ਰਿਹਾਅ ਹੋ ਜਾਂਦਾ ਹੈ ਤਾਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਖਤਰਾ ਹੋਵੇਗਾ।

error: Content is protected !!