ਚੌੜਾ ਦੀ ਦਸਤਾਰ ਲਾਹੁਣ ਵਾਲਿਆਂ ਵਿਰੁੱਧ ਅਕਾਲ ਤਖਤ ਕਰੇ ਕਾਰਵਾਈ – ਦਲ ਖ਼ਾਲਸਾ
ਅੰਮ੍ਰਿਤਸਰ 7 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੇ 4 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਕਾਤਲਾਨਾ ਹਮਲਾ ਕਰਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਡਿਊਢੀ ਉੱਤੇ ਗੋਲੀਆਂ ਮਾਰਨ ਵਾਲੇ ਦੋਸ਼ੀ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਖਾਰਜ ਕਰਨ ਦੀ ਮੰਗ ਕੀਤੀ ਹੈ।
ਇਸ ਵਫ਼ਦ ਵਿੱਚ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਅੰਤ੍ਰਿੰਗ ਮੈਂਬਰ ਸੁਰਜੀਤ ਸਿੰਘ ਤੁਗਲਵਾਲਾ, ਪਰਮਜੀਤ ਸਿੰਘ ਖ਼ਾਲਸਾ, ਅਮਰੀਕ ਸਿੰਘ ਵਛੋਆ ਅਤੇ ਰਵਿੰਦਰ ਸਿੰਘ ਖ਼ਾਲਸਾ ਸ਼ਾਮਲ ਸਨ।
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੇ ਮੰਗ ਪੱਤਰ ਵਿੱਚ ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਅਹੁਦੇਦਾਰਾਂ ਨੇ ਕਿਹਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਧਾਰਮਿਕ ਸੇਵਾ ਨਿਭਾਅ ਰਹੇ ਸੁਖਬੀਰ ਸਿੰਘ ਬਾਦਲ ’ਤੇ ਨਰਾਇਣ ਸਿੰਘ ਵੱਲੋਂ ਕੀਤੇ ਗਏ ਹਮਲੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੀ ਡਿਊਢੀ ਦੇ ਥੰਮ੍ਹ ਉੱਪਰ ਗੋਲੀਆਂ ਲੱਗਣ ਨਾਲ ਉਨਾਂ ਨੂੰ ਡੂੰਘਾ ਮਾਨਸਿਕ ਦੁੱਖ ਪੁੱਜਾ ਹੈ।
ਉਨ੍ਹਾਂ ਕਿਹਾ ਕਿ ਇਹ ਹਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਸਿੱਧੇ ਤੌਰ ’ਤੇ ਤੌਹੀਨ ਹੈ, ਅਤੇ ਹੀ ਸਿੱਖੀ ਦੇ ਕੇਂਦਰੀ ਧਾਰਮਿਕ ਅਸਥਾਨ ਦੀ ਵੱਡੀ ਬੇਅਦਬੀ ਅਤੇ ਇਸ ਦੀ ਰੂਹਾਨੀਅਤ ਨੂੰ ਖੰਡਤ ਕਰਨ ਵਾਲੀ ਕੋਝੀ ਹਰਕਤ ਵੀ ਹੈ।
ਚੌੜਾ ਦੀ ਦਸਤਾਰ ਉਤਰਨ ਦਾ ਮਾਮਲਾ, ਦਲ ਖਾਲਸਾ ਦੇ ਵਫ਼ਦ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤਾ ਮੰਗ ਪੱਤਰ
ਉਧਰ ਦਲ ਖਾਲਸਾ ਨੇ ਅੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਦੇ ਨਾਮ ਮੰਗ ਪੱਤਰ ਜਾਰੀ ਕਰਕੇ ਸੁਖਬੀਰ ਸਿੰਘ ਬਾਦਲ ’ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਦੀ ਇਕ ਅਕਾਲੀ ਆਗੂ ਵਲੋਂ ਦਸਤਾਰ ਉਤਾਰੇ ਜਾਣ ਦੇ ਮਾਮਲੇ ਵਿਚ ਉਸ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਦਲ ਖਾਲਸਾ ਦੇ ਵਰਕਿੰਗ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਗੱਲਬਾਤ ਦੌਰਾਨ ਕਿਹਾ ਕਿ ਚੌੜਾ ਦੀ ਦਸਤਾਰ ਉਤਾਰੇ ਜਾਣ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜਿਸ ਕਾਰਨ ਉਸ ਵਿਅਕਤੀ ਵਿਰੁੱਧ ਸਿੱਖ ਸਿਧਾਂਤਾਂ ਤੇ ਮਰਿਆਦਾ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ।
ਚੌੜਾ ਨੂੰ ਸਾਰਾ ਅਕਾਲੀ ਦਲ ਮਿਲ ਕੇ ਸਨਮਾਨਿਤ ਕਰੇ- ਰਵਨੀਤ ਸਿੰਘ ਬਿੱਟੂ
ਇਸੇ ਦੌਰਾਨ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਇੱਕ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਸਾਰੇ ਅਕਾਲੀ ਦਲ ਦੇ ਆਗੂਆਂ ਨੂੰ ਇਕੱਠੇ ਹੋ ਕੇ ਨਾਰਾਇਣ ਸਿੰਘ ਚੌੜਾ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਕਿਉਂਕਿ ਉਸਦੀ ਸੁਖਬੀਰ ਬਾਦਲ ਨਾਲ ਕੋਈ ਨਿੱਜੀ ਦੁਸ਼ਮਣੀ ਜਾਂ ਵੈਰ ਵਿਰੋਧ ਨਹੀਂ ਸੀ। ਉਸਨੇ ਭਾਵਨਾਵਾਂ ਵਿੱਚ ਆ ਕੇ ਸੁਖਬੀਰ ਉੱਤੇ ਗੋਲੀ ਚਲਾਈ। ਹੁਣ ਅਕਾਲੀ ਦਲ ਨੂੰ ਮਿਲ ਕੇ ਨਾਰਾਇਣ ਸਿੰਘ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ।
ਬਿੱਟੂ ਨੇ ਇਸ ਹਮਲਾਵਰ ਨੂੰ ‘ਕੌਮ ਦਾ ਹੀਰਾ’ ਕਰਾਰ ਦਿੰਦਿਆਂ ਕਿਹਾ ਕਿ ਚੌੜੇ ਦੀ ਤਸਵੀਰ ਦਰਬਾਰ ਸਾਹਿਬ ਦੇ ਮਿਊਜ਼ੀਅਮ ਵਿੱਚ ਵੀ ਲਾਉਣੀ ਚਾਹੀਦੀ ਹੈ ਅਤੇ ਨਾਰਾਇਣ ਚੌੜੇ ਲਈ ਹੁਣ ਸੁਖਬੀਰ ਬਾਦਲ ਤੇ ਹਰਜਿੰਦਰ ਸਿੰਘ ਧਾਮੀ ਕੋਈ ਵੱਡਾ ਵਕੀਲ ਕਰਕੇ ਉਸ ਨੂੰ ਜਲਦ ਰਿਹਾਅ ਕਰਵਾਉਣ।
ਬਿੱਟੂ ਨੇ ਇਹ ਵੀ ਕਿਹਾ ਕਿ ਨਾਰਾਇਣ ਚੌੜਾ ਬਜ਼ੁਰਗ ਹੈ ਅਤੇ ਪੁਲਿਸ ਉਸ ਨੂੰ ਰਿਮਾਂਡ ਉੱਤੇ ਲੈ ਕੇ ਮਾਰਕੁੱਟ ਕਰ ਰਹੀ ਹੋਵੇਗੀ। ਇਸ ਲਈ ਮਜੀਠੀਆ ਜਿਵੇਂ ਰਾਜੋਆਣਾ ਦੀ ਭੈਣ ਨੂੰ ਲੈ ਕੇ ਉਸ ਨੂੰ ਜ਼ੇਲ੍ਹ ਵਿੱਚ ਫਲ-ਫਰੂਟ ਲੈ ਕੇ ਜਾਂਦਾ ਸੀ ਉਸੇ ਤਰ੍ਹਾਂ ਉਹ ਨਾਰਾਇਣ ਸਿੰਘ ਨੂੰ ਫਲ-ਫਰੂਟ ਲੈ ਕੇ ਜਾਵੇ।