ਰਾਸ਼ਟਰਪਤੀ ਜ਼ਰਦਾਰੀ ਨੇ ਸੱਦੀ ਹੰਗਾਮੀ ਮੀਟਿੰਗ

ਮੁਜ਼ੱਫਰਾਬਾਦ 12 ਮਈ 2024 (ਫਤਿਹ ਪੰਜਾਬ) ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ (POK) ਵਿੱਚ ਲਗਾਤਾਰ ਦੂਜੇ ਦਿਨ ਮਹਿੰਗਾਈ ਅਤੇ ਬਿਜਲੀ ਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਹੋਏ। ਇਸ ਦੌਰਾਨ ਸ਼ਨੀਵਾਰ ਨੂੰ ਪੁਲਸ ਅਤੇ ਮਕਬੂਜ਼ਾ ਕਸ਼ਮੀਰ (ਪੀਓਕੇ) ਦੀ ਸਿਆਸੀ-ਧਾਰਮਿਕ ਸੰਗਠਨ ਅਵਾਮੀ ਐਕਸ਼ਨ ਕਮੇਟੀ (ਏਏਸੀ) ਵਿਚਾਲੇ ਤਿੱਖੀ ਝੜਪ ਹੋਈ ਜਿਸ ਦੌਰਾਨ ਇਕ ਪੁਲਸ ਕਰਮਚਾਰੀ ਦੀ ਮੌਤ ਹੋ ਗਈ, ਜਦਕਿ 70 ਜ਼ਖਮੀ ਹੋ ਗਏ।

ਖ਼ਬਰਾਂ ਅਨੁਸਾਰ, ਏਏਸੀ ਨੇ ਪ੍ਰਦਰਸ਼ਨਾਂ ਦੇ ਵਿਚਕਾਰ ਪੂਰੇ ਪੀਓਕੇ ਵਿੱਚ ਬੰਦ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਸਕੂਲਾਂ, ਦਫ਼ਤਰਾਂ, ਰੈਸਟੋਰੈਂਟਾਂ, ਬਾਜ਼ਾਰਾਂ ਅਤੇ ਹੋਰ ਜਨਤਕ ਥਾਵਾਂ ਨੂੰ ਤਾਲੇ ਲੱਗੇ ਹੋਏ ਦੇਖੇ ਗਏ। ਮਕਬੂਜ਼ਾ ਕਸ਼ਮੀਰ ਦੇ ਮਦੀਨਾ ਬਾਜ਼ਾਰ ‘ਚ ਭਾਰੀ ਪੁਲਸ ਫੋਰਸ ਤਾਇਨਾਤ ਰਹੀ। ਏਏਸੀ ਵਰਕਰਾਂ ਨੇ ਇੱਥੇ ਰੋਸ ਮਾਰਚ ਕੱਢਿਆ। ਪੁਲਸ ਨੇ ਮੁਜ਼ੱਫਰਾਬਾਦ ਦੇ ਰਸਤੇ ‘ਤੇ ਬੈਰੀਕੇਡ ਲਗਾ ਦਿੱਤੇ ਹਨ।

ਇਸ ਤੋਂ ਬਾਅਦ ਇਸਲਾਮਗੜ੍ਹ ਨੇੜੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਪੁਲਸ ਨੇ ਦੋਸ਼ ਲਾਇਆ ਕਿ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ‘ਚ ਮੀਰਪੁਰ ਦੇ ਸਹਾਇਕ ਸਬ-ਇੰਸਪੈਕਟਰ (ਏਐੱਸਆਈ) ਅਦਨਾਨ ਕੁਰੈਸ਼ੀ ਦੀ ਛਾਤੀ ‘ਚ ਗੋਲੀ ਲੱਗੀ। ਪੁਲਿਸ ਨੇ ਭੀੜ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੀ ਵਰਤੋਂ ਵੀ ਕੀਤੀ, ਜਿਸ ਦੇ ਜਵਾਬ ਵਿੱਚ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਕੀਤਾ।

ਮਕਬੂਜ਼ਾ ਕਸ਼ਮੀਰ ‘ਚ ਵਿਗੜਦੇ ਹਾਲਾਤ ਦਰਮਿਆਨ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਸੋਮਵਾਰ ਨੂੰ ਐਮਰਜੈਂਸੀ ਮੀਟਿੰਗ ਬੁਲਾਈ ਹੈ। ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਹਾਲਾਤ ਸੁਧਾਰਨ ਲਈ ਸੁਝਾਅ ਮੰਗੇ ਹਨ।

Skip to content