ਸੀਸੀਟੀਵੀ ‘ਚੋਂ ਪਾਵਨ ਸਰੂਪ ਦੀ ਬੇਅਦਬੀ ਕਰਨ ਬਾਰੇ ਪਤਾ ਲੱਗਾ
Beadbi of Guru Granth Sahib in Khanna: ਸਮਰਾਲਾ 30 ਮਈ 2024 (ਫਤਿਹ ਪੰਜਾਬ) ਸਮਰਾਲਾ ਕਸਬਾ ਨੇੜੇ ਪਿੰਡ ਢਿੱਲਵਾਂ ਦੇ ਲੋਕਲ ਗੁਰਦੁਆਰਾ ਸਾਹਿਬ ‘ਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨਾਲ ਛੇੜਛਾੜ ਕਰਕੇ ਬੇਅਦਬੀ ਕਰਨ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਰੋਹ ਦੀ ਲਹਿਰ ਫੈਲ ਗਈ। ਪੁਲਿਸ ਨੇ ਸਥਿਤੀ ਦੀ ਨਜ਼ਾਕਤ ਨੂੰ ਸਮਝਦਿਆਂ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਔਰਤ ਜਸਵੰਤ ਕੌਰ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰ ਕਰ ਲਿਆ।
ਸੀਸੀਟੀਵੀ ‘ਚ ਦਿਖਾਈ ਦੇ ਰਿਹਾ ਹੈ ਕਿ ਪਿੰਡ ਦੀ ਜਸਵੰਤ ਕੌਰ ਜੋ ਕਿ ਦਿਮਾਗੀ ਤੌਰ ‘ਤੇ ਬਿਮਾਰ ਦੱਸੀ ਜਾਂਦੀ ਹੈ, ਗੁਰਦੁਆਰਾ ਸਾਹਿਬ ਆਉਂਦੀ ਹੈ। ਉਹ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਸ਼ੋਭਿਤ ਸਥਾਨ ‘ਤੇ ਬੈਠਦੀ ਹੈ ਅਤੇ ਪਾਵਨ ਸਰੂਪ ਦੇ ਅੰਗਾਂ ਨਾਲ ਛੇੜਛਾੜ ਕਰਦੀ ਹੈ। ਫਿਰ ਉਹ ਪਵਿੱਤਰ ਸਰੂਪ ਨੂੰ ਇਕ ਪਾਸੇ ਇਕੱਠਾ ਕਰਦੀ ਹੈ। ਜਦੋਂ ਹੋਰ ਸੰਗਤਾਂ ਆ ਕੇ ਮੱਥਾ ਟੇਕਦੀਆਂ ਹਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾਲ ਛੇੜਛਾੜ ਦਾ ਖੁਲਾਸਾ ਹੁੰਦਾ ਹੈ।
ਇਸ ਘਟਨਾ ਤੋਂ ਬਾਅਦ ਇਲਾਕੇ ਦੀਆਂ ਕਈ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਮੌਕੇ ‘ਤੇ ਪਹੁੰਚ ਗਏ। ਇੱਕ ਜਥਾ ਗੁਰਦੁਆਰਾ ਚਰਨ ਕੰਵਲ ਸਾਹਿਬ ਮਾਛੀਵਾੜਾ ਤੋਂ ਵੀ ਆਇਆ। ਜਿਸ ਤੋਂ ਬਾਅਦ ਪੁਲਿਸ ਨੇ ਜਸਵੰਤ ਕੌਰ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਪ੍ਰਤੱਖ ਤੌਰ ਤੇ ਦੇਖਿਆ ਪਤਾ ਲੱਗਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾਲ ਛੇੜਛਾੜ ਹੋਈ ਹੈ। ਇਸ ਘਟਨਾ ਦੇ ਹੋਰ ਮਾਮਲਿਆਂ ਬਾਰੇ ਵੀ ਵਿਸ਼ੇਸ਼ ਕਮੇਟੀ ਨੇ ਰਿਪੋਰਟ ਤਿਆਰ ਕਰ ਲਈ ਹੈ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਭੇਜ ਦਿੱਤੀ ਗਈ ਹੈ।