ਤਾਸ਼ਕੰਦ 27 ਮਈ 2024 (ਫਤਿਹ ਪੰਜਾਬ) ਭਾਰਤੀ ਜਿਮਨਾਸਟ ਦੀਪਾ ਕਰਮਾਕਰ ਨੇ ਐਤਵਾਰ ਨੂੰ ਇੱਥੇ ਮਹਿਲਾ ਵਾਲਟ ਈਵੈਂਟ ਵਿਚ ਸੋਨ ਤਗਮਾ ਪ੍ਰਾਪਤ ਕਰਕੇ ਏਸ਼ਿਆਈ ਸੀਨੀਅਰ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਜਿਮਨਾਸਟ ਬਣ ਗਈ। 

ਦੀਪਾ (30 ਸਾਲਾ) ਨੇ ਇਸ ਮੁਕਾਬਲੇ ਦੇ ਆਖਰੀ ਦਿਨ ਵਾਲਟ ਫਾਈਨਲ ਵਿਚ 13.566 ਦਾ ਔਸਤ ਸਕੋਰ ਬਣਾਇਆ ਜਦਕਿ ਉੱਤਰ ਕੋਰੀਆ ਦੀ ਕਿਮ ਸੋਨ ਹਿਆਂਗ (13.466) ਤੇ ਜੋ ਕਿਓਂਗ ਬਿਓਲ (12.966) ਨੇ ਕ੍ਰਮਵਾਰ ਚਾਂਦੀ ਤੇ ਕਾਂਸਾ ਤਗਮਾ ਜਿੱਤਿਆ। 

ਰਿਓ ਓਲੰਪਿਕ 2016 ਵਿਚ ਵਾਲਟ ਫਾਈਨਲ ਵਿਚ ਚੌਥੇ ਸਥਾਨ ’ਤੇ ਰਹੀ ਦੀਪਾ ਨੇ 2015 ਗੇੜ ਵਿਚ ਇਸੇ ਈਵੈਂਟ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ। ਆਸ਼ੀਸ਼ ਕੁਮਾਰ ਨੇ 2015 ਏਸ਼ਿਆਈ ਚੈਂਪੀਅਨਸ਼ਿਪ ਵਿਚ ਨਿੱਜੀ ਫਲੋਰ ਐਕਸਰਸਾਈਜ਼ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ। ਪ੍ਰਣਤੀ ਨਾਇਕ ਨੇ ਵੀ 2019 ਤੇ 2022 ਗੇੜ ਵਿਚ ਵਾਲਟ ਈਵੈਂਟ ਵਿਚ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ ਸੀ। 

ਯਾਦ ਰਹੇ ਕਿ ਡੋਪਿੰਗ ਉਲੰਘਣਾ ਕਾਰਨ 21 ਮਹੀਨਿਆਂ ਦੀ ਮੁਅਤੱਲੀ ਤੋਂ ਬਾਅਦ ਪਿਛਲੇ ਸਾਲ ਵਾਪਸੀ ਕਰਨ ਵਾਲੀ ਦੀਪਾ ਪੈਰਿਸ ਓਲੰਪਿਕ ਦੀ ਦੌੜ ਤੋਂ ਬਾਹਰ ਹੈ।

Skip to content