ਡਿਫਾਲਟਰਾਂ ਦੇ ਵਾਹਨਾਂ ਦੀ ਮਾਲਕੀ ਟਰਾਂਸਫਰ ਹੋ ਜਾਵੇਗੀ ਔਖੀ
ਚੰਡੀਗੜ੍ਹ, 21 ਜਨਵਰੀ 2025 ਫਤਿਹ ਪੰਜਾਬ ਬਿਊਰੋ) ਰਾਜਧਾਨੀ ਵਿੱਚ 7.5 ਲੱਖ ਤੋਂ ਵੱਧ ਜੁਰਮਾਨਾ ਭਰਨ ਖੁਣੋ ਬਕਾਇਆ ਪਏ Unpaid Traffic Challans ਟਰੈਫਿਕ ਚਲਾਨਾਂ ਦੇ ਮੁੱਦੇ ’ਤੇ ਸਖ਼ਤ ਰੁਖ਼ ਅਪਣਾਉਂਦਿਆਂ ਯੂਟੀ ਪ੍ਰਸ਼ਾਸਨ ਨੇ ਅਜਿਹੇ ਵਾਹਨ ਚਾਲਕਾਂ ਨੂੰ ਨੋਟਿਸ ਜਾਰੀ ਕਰਨ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਨੇ ਪੰਜ ਜਾਂ ਇਸ ਤੋਂ ਵੱਧ ਵਾਰ ਗੱਡੀਆਂ ਦੇ ਹੋਏ ਚਲਾਨਾਂ ਦਾ ਜੁਰਮਾਨਾ ਹਾਲੇ ਤੱਕ ਵੀ ਅਦਾ ਨਹੀਂ ਕੀਤਾ। ਇੰਨਾਂ ਨੋਟਿਸਾਂ ਵਿੱਚ ਡਿਫਾਲਟਰਾਂ ਨੂੰ 15 ਦਿਨਾਂ ਦੇ ਅੰਦਰ ਆਪਣੇ ਬਕਾਇਆ ਪਏ ਚਲਾਨ ਭੁਗਤਣ ਲਈ ਕਿਹਾ ਗਿਆ ਹੈ। ਨਹੀਂ ਤਾਂ ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੇ ਨਾਲ ਉਨ੍ਹਾਂ ਦੀਆਂ ਗੱਡੀਆਂ ਦੀ ਰਜਿਸਟਰੇਸ਼ਨ ਸਰਟੀਫਿਕੇਟ (ਆਰਸੀ) ਵੀ ਮੁਅੱਤਲ ਕਰ ਦਿੱਤੇ ਜਾਣਗੇ।
ਟਰਾਂਸਪੋਰਟ ਅਧਿਕਾਰੀਆਂ ਨੇ ਪਿਛਲੇ ਸਾਲਾਂ ਦੌਰਾਨ ਅਜਿਹੇ ਚਲਾਨਾਂ ਦੀ ਅਦਾਇਗੀ ਨਾ ਕੀਤੇ ਜਾਣ ਦੇ ਮੁੱਦੇ ਉਪਰ ਗੰਭੀਰਤਾ ਨਾਲ ਚਰਚਾ ਕੀਤੀ ਹੈ। ਰਜਿਸਟਰਿੰਗ ਤੇ ਲਾਇਸੈਂਸਿੰਗ ਅਥਾਰਟੀ (ਆਰਐਲਏ) ਚੰਡੀਗੜ੍ਹ ਦੇ ਇੰਚਾਰਜ ਪ੍ਰਦੁਮਨ ਸਿੰਘ ਨੇ ਕਿਹਾ ਕਿ ਵਾਰ-ਵਾਰ ਯਾਦ-ਪੱਤਰਾਂ ਅਤੇ ਨੋਟਿਸਾਂ ਦੇ ਬਾਵਜੂਦ, ਬਹੁਤ ਸਾਰੇ ਵਾਹਨ ਚਾਲਕ ਅਕਸਰ ਤੇਜ਼ ਰਫ਼ਤਾਰ, ਲਾਲ ਬੱਤੀ ਦੀ ਉਲੰਘਣਾ ਅਤੇ ਖਤਰਨਾਕ ਡਰਾਈਵਿੰਗ ਵਰਗੇ ਅਪਰਾਧਾਂ ਲਈ ਜੁਰਮਾਨੇ ਦੀ ਅਣਦੇਖੀ ਕਰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਰਐਲਏ ਇੰਨਾਂ ਨੋਟਿਸਾਂ ਦੀ ਅਣਦੇਖੀ ਕਰਨ ਵਾਲੇ ਡਿਫਾਲਟਰਾਂ ਦੇ ਵਾਹਨਾਂ ਨੂੰ ‘ਲੈਣ-ਦੇਣ ਨਹੀਂ’ ਵਜੋਂ ਫਲੈਗ ਕੀਤਾ ਜਾਵੇਗਾ ਜਿਸ ਕਰਕੇ ਅਜਿਹੇ ਵਾਹਨ ਨਾਲ ਸਬੰਧਤ ਕਿਸੇ ਵੀ ਲੈਣ-ਦੇਣ ਨੂੰ ਰੋਕ ਦਿੱਤਾ ਜਾਵੇਗਾ ਜਿਸ ਵਿੱਚ ਮਾਲਕੀ ਟਰਾਂਸਫਰ, ਆਰਸੀ ਨਵੀਨੀਕਰਨ, ਡੁਪਲੀਕੇਟ ਆਰਸੀ ਜਾਰੀ ਕਰਨਾ, ਪ੍ਰਦੂਸ਼ਣ ਸਰਟੀਫਿਕੇਟ ਅਤੇ ਬੀਮਾ ਸ਼ਾਮਲ ਹਨ।