ਡੀਜ਼ਲ ਦੀ ਵਰਤੋਂ ਵਿੱਚ ਸਾਲ ਅੰਦਰ 2.4 ਪ੍ਰਤੀਸ਼ਤ ਅਤੇ ਮਈ ਮਹੀਨੇ ਦੇ ਸੰਦਰਭ ਵਿੱਚ 6.3 ਪ੍ਰਤੀਸ਼ਤ ਦਾ ਵਾਧਾ ਹੋਇਆ। ਪੈਟਰੋਲ ਦੀ ਖਪਤ ਵਿੱਚ 3 ਪ੍ਰਤੀਸ਼ਤ ਸਲਾਨਾ ਅਤੇ ਮਈ ਵਿੱਚ 6 ਪ੍ਰਤੀਸ਼ਤ ਦਾ ਵਾਧਾ ਹੋਇਆ
ਨਵੀਂ ਦਿੱਲੀ 1 ਜੂਨ 2024 (ਫਤਿਹ ਪੰਜਾਬ) ਮਈ 2024 ਵਿੱਚ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਖੁੱਲੀ ਖੱਪਤ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਕਿਉਂਕਿ ਇਸ ਮਹੀਨੇ ਲੋਕ ਸਭਾ ਚੋਣ ਪ੍ਰਚਾਰ, ਵੋਟਿੰਗ, ਕਹਿਰ ਦੀ ਗਰਮੀ ਅਤੇ ਗਰਮੀਆਂ ਦੀਆਂ ਛੁੱਟੀਆਂ ਕਾਰਨ ਹਰ ਤਰਾਂ ਦੇ ਵਾਹਨਾਂ ਦੀ ਆਵਾਜਾਈ ਜ਼ਿਆਦਾ ਰਹੀ।
ਇਸ ਤੋਂ ਇਲਾਵਾ, ਦੁਨੀਆ ਦੇ ਤੀਜੇ ਸਭ ਤੋਂ ਵੱਡੇ ਕੱਚੇ ਤੇਲ ਦੇ ਦਰਾਮਦਕਾਰ ਭਾਰਤ ਵਿੱਚ ਉਦਯੋਗਾਂ ਅਤੇ ਵਪਾਰਕ ਗਤੀਵਿਧੀਆਂ ਵਿੱਚ ਵੀ ਤੇਲ ਦੀ ਵਧਦੀ ਮੰਗ ਨੇ ਇਸ ਖੱਪਤ ਵਿੱਚ ਹਿੱਸਾ ਪਇਆ ਹੈ।
ਪ੍ਰਾਪਤ ਤਾਜ਼ਾ ਅੰਕੜਿਆਂ ਅਨੁਸਾਰ ਮਈ 2023 ਵਿੱਚ ਡੀਜ਼ਲ ਦੀ ਖੱਪਤ 8.2 ਮਿਲੀਅਨ ਟਨ ਅਤੇ ਪੈਟਰੋਲ ਦੀ ਵਰਤੋਂ 3.4 ਮਿਲੀਅਨ ਟਨ ਹੋਈ ਸੀ ਪਰ ਪਿਛਲੇ ਮਹੀਨੇ ਡੀਜ਼ਲ ਦੀ ਖੱਪਤ 8.4 ਮਿਲੀਅਨ ਟਨ ਅਤੇ ਪੈਟਰੋਲ ਦੀ ਵਰਤੋਂ 3.5 ਮਿਲੀਅਨ ਟਨ ਤੱਕ ਚਲੀ ਗਈ ਜੋ ਕਿ ਇੱਕ ਰਿਕਾਰਡ ਬਣਿਆ ਹੈ।
ਇਸ ਤਰਾਂ ਡੀਜ਼ਲ ਦੀ ਵਰਤੋਂ ਵਿੱਚ ਇੱਕ ਸਾਲ ਅੰਦਰ 2.4 ਪ੍ਰਤੀਸ਼ਤ ਅਤੇ ਮਈ ਮਹੀਨੇ ਦੇ ਸੰਦਰਭ ਵਿੱਚ 6.3 ਪ੍ਰਤੀਸ਼ਤ ਦਾ ਵਾਧਾ ਹੋਇਆ ਜਦੋਂ ਕਿ ਪੈਟਰੋਲ ਦੀ ਖਪਤ ਵਿੱਚ 3 ਪ੍ਰਤੀਸ਼ਤ ਸਲਾਨਾ ਅਤੇ ਮਈ ਵਿੱਚ 6 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਰਾਜਨੀਤਿਕ ਪਾਰਟੀਆਂ ਵੱਲੋਂ ਵੋਟਰਾਂ ਤੱਕ ਪਹੁੰਚਣ ਖਾਤਰ ਚੋਣ ਸਰਗਰਮੀਆਂ ਲਈ ਐਤਕੀਂ ਸਭ ਤੋਂ ਵੱਧ ਵੋਟਿੰਗ ਦੌਰ ਸਨ। ਵਾਧੂ ਤੇਲ ਦੀ ਮੰਗ ਵਿੱਚ ਯੋਗਦਾਨ ਪਾਉਣ ਵਾਲਾ ਇੱਕ ਹੋਰ ਕਾਰਕ ਚਾਰ ਧਾਮ ਯਾਤਰਾ ਤੇ ਗਰਮੀਆਂ ਦੀਆਂ ਛੁੱਟੀਆਂ ਵੀ ਸਨ ਜਿਸ ਵਿੱਚ ਉੱਤਰੀ ਅਤੇ ਮੱਧ ਭਾਰਤ ਦੇ ਲੋਕ ਵੱਡੀ ਗਿਣਤੀ ਵਿੱਚ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਦੀਆਂ ਠੰਡੀਆਂ ਵਾਦੀਆਂ ਵੱਲ ਗੱਡੀਆਂ ਲੈ ਕੇ ਰਵਾਨਾ ਹੁੰਦੇ ਹਨ।
ਦੱਸ ਦੇਈਏ ਕਿ ਵਿੱਤੀ ਸਾਲ 2024 ਵਿੱਚ ਡੀਜ਼ਲ ਅਤੇ ਪੈਟਰੋਲ ਦੀ ਖੱਪਤ ਕ੍ਰਮਵਾਰ 89.65 ਮੀਟਰਿਕ ਟਨ ਅਤੇ 37.22 ਮੀਟਰਿਕ ਟਨ ਰਹੀ ਅਤੇ ਇਹ ਵੀ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ।