ਨਵੀਂ ਦਿੱਲੀ, 12 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਦੇ ਹਰੇਕ ਕਿਸਾਨ ਪਰਿਵਾਰ ਦੇ ਸਿਰ ਉੱਤੇ ਕਰੀਬ 2 ਲੱਖ ਰੁਪਏ ਦਾ ਕਰਜ਼ਾ ਹੈ ਜਦਕਿ ਕੌਮੀ ਪੱਧਰ ’ਤੇ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਦਾ ਔਸਤ 74,121 ਰੁਪਏ ਹੈ। ਖੇਤੀ ਤੇ ਕਿਸਾਨ ਭਲਾਈ ਰਾਜ ਮੰਤਰੀ ਰਾਮਨਾਥ ਠਾਕੁਰ ਨੇ ਇਹ ਜਾਣਕਾਰੀ ਲੋਕ ਸਭਾ ਵਿੱਚ ਸੰਸਦ ਮੈਂਬਰ ਰਚਨਾ ਬੈਨਰਜੀ ਵੱਲੋਂ ਪੁੱਛੇ ਇੱਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਦਿੱਤੀ ਹੈ। ਸਰਕਾਰੀ ਅੰਕੜਿਆਂ ਮੁਤਾਬਕ ਹਰਿਆਣਾ ਵਿੱਚ ਹਰੇਕ ਕਿਸਾਨ ਪਰਿਵਾਰ ਸਿਰ ਔਸਤਨ 1.83 ਲੱਖ ਰੁਪਏ ਦਾ ਕਰਜ਼ਾ ਹੈ ਜਦਕਿ ਹਿਮਾਚਲ ਪ੍ਰਦੇਸ਼ ਵਿੱਚ ਇਹ ਕਰਜ਼ਾ 85,825 ਰੁਪਏ ਅਤੇ ਜੰਮੂ ਕਸ਼ਮੀਰ ਵਿੱਚ 30,435 ਰੁਪਏ ਹੈ।
ਉਨ੍ਹਾਂ ਦੱਸਿਆ ਕਿ ਇਹ ਅੰਕੜੇ ਕੌਮੀ ਸੈਂਪਲ ਸਰਵੇ (ਐੱਨਐੱਸਐੱਸ) ਦੇ 70ਵੇਂ ਦੌਰ ਵਿੱਚ ‘ਗ੍ਰਾਮੀਣ ਭਾਰਤ ਵਿੱਚ ਖੇਤੀਬਾੜੀ ਪਰਿਵਾਰਾਂ ਅਤੇ ਪਰਿਵਾਰਾਂ ਦੀ ਜ਼ਮੀਨ ਤੇ ਪਸ਼ੂਧਨ ਜਾਇਦਾਦ ਦੀ ਸਥਿਤੀ ਦਾ ਮੁਲਾਂਕਣ, 2019’ ਸਬੰਧੀ ਬਣਾਈ ਰਿਪੋਰਟ ’ਤੇ ਅਧਾਰਤ ਹਨ।
ਪੰਜਾਬ ਰਾਜ ਦੇ ਕਿਸਾਨ ਔਸਤ ਖੇਤੀਬਾੜੀ ਪਰਿਵਾਰ ਕਰਜ਼ੇ ਦੇ ਮਾਮਲੇ ਵਿੱਚ ਕੇਰਲਾ (2.42 ਲੱਖ ਰੁਪਏ) ਅਤੇ ਆਂਧਰਾ ਪ੍ਰਦੇਸ਼ (2.45 ਲੱਖ ਰੁਪਏ) ਤੋਂ ਬਾਅਦ ਦੇਸ਼ ਵਿੱਚ ਤੀਜੇ ਨੰਬਰ ’ਤੇ ਹਨ। ਸੰਸਦ ਮੈਂਬਰ ਬੈਨਰਜੀ ਨੇ ਸਰਕਾਰ ਤੋਂ ‘ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ ਵਿੱਚ ਪ੍ਰਤੀ ਕਿਸਾਨ ਕਰਜ਼ੇ ਦੀ ਔਸਤ ਰਕਮ ਦੇ ਵੇਰਵਿਆਂ, ਰੁਝਾਨਾਂ ਅਤੇ ਚੁਣੌਤੀਆਂ ਬਾਰੇ ਚਾਨਣਾ ਪਾਉਣ’ ਦੀ ਜਾਣਕਾਰੀ ਮੰਗੀ ਸੀ।