Skip to content

ਨਵੀਂ ਦਿੱਲੀ, 1 ਜੂਨ 2024 (ਫਤਿਹ ਪੰਜਾਬ) ਫੇਸਬੁੱਕ, ਇੰਸਟਗ੍ਰਾਮ ਤੇ ਵੱਟਸਐਪ Facebook Instagram WhatsApp ਦੀ ਮਾਲਕ ਸੋਸ਼ਲ ਮੀਡੀਆ ਦਿੱਗਜ ਕੰਪਨੀ Meta ਮੈਟਾ ਨੇ ਕਿਹਾ ਹੈ ਕਿ ਚੀਨ ’ਚੋਂ ਇੱਕ ਨੈਟਵਰਕ ਨੇ ਸੋਸ਼ਲ ਮੀਡੀਆ ’ਤੇ ‘ਖਾਲਿਸਤਾਨ ਆਜ਼ਾਦੀ ਅੰਦੋਲਨ’, Khalistan K ਰਾਹੀਂ ਪੰਜਾਬ ’ਚ ਹੜ੍ਹਾਂ ਅਤੇ ਭਾਰਤ ਸਰਕਾਰ ਦੀ ਆਲੋਚਨਾ ਸਬੰਧੀ ਫਰਜ਼ੀ ਪੋਸਟਾਂ ਨਾਲ ਛੇੜਛਾੜ ਕੀਤੀਆਂ ਗਈਆਂ ਤਸਵੀਰਾਂ ਦੀ ਵਰਤੋਂ ਕਰਕੇ ਦੁਨੀਆ ਭਰ ’ਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਮੈਟਾ ਨੇ ਆਪਣੀ ਮਈ ਮਹੀਨੇ ਦੀ ਰਿਪੋਰਟ ’ਚ ਕਿਹਾ ਕਿ ਅਜਿਹਾ ਲਗਦਾ ਹੈ ਕਿ ਇਨ੍ਹਾਂ ਗਰੁੱਪਾਂ ਨੇ ‘ਅਪਰੇਸ਼ਨ ਕੇ’ ਦੇ ਨਾਂ ਹੇਠ ਇੱਕ ਫਰਜ਼ੀ ਕਾਰਕੁਨ ਅੰਦੋਲਨ ਸ਼ੁਰੂ ਕੀਤਾ ਹੈ ਜਿਸ ਨੇ ਸਿੱਖ ਹਮਾਇਤੀ ਰੋਸ ਮੁਜ਼ਾਹਰਿਆਂ ਦਾ ਸੱਦਾ ਦਿੱਤਾ ਹੈ। ਰਿਪੋਰਟ ਅਨੁਸਾਰ ਇਹ ਅੰਦੋਲਨ ਫਰਜ਼ੀ ਖ਼ਾਤਿਆਂ ਦੇ ਕਈ ਸਮੂਹਾਂ ਰਾਹੀਂ ਚਲਾਇਆ ਗਿਆ ਜਿਸ ਵਿੱਚ ਭਾਰਤ ਅਤੇ ਤਿੱਬਤ ਨੂੰ ਨਿਸ਼ਾਨਾ ਬਣਾਉਣ ਵਾਲੇ ਚੀਨ ਦੇ ਇੱਕ ਸਮੂਹ ਦੇ ਲਿੰਕ ਵੀ ਸ਼ਾਮਲ ਸਨ। 

ਸੋਸ਼ਲ ਮੀਡੀਆ ਰਾਹੀਂ ਆਸਟਰੇਲੀਆ, ਕੈਨੇਡਾ, ਭਾਰਤ, ਨਿਊਜ਼ੀਲੈਂਡ, ਪਾਕਿਸਤਾਨ, ਬਰਤਾਨੀਆ ਤੇ ਨਾਈਜੀਰੀਆ ਦੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੈਟਾ ਨੇ ਕਿਹਾ ਕਿ ਅਸੀਂ ਆਪਣੀ ਨੀਤੀ ਦੀ ਉਲੰਘਣਾ ਕਰਨ ’ਤੇ ਹੁਣ ਤੱਕ 37 ਫੇਸਬੁੱਕ ਖ਼ਾਤੇ, 13 ਪੇਜ, ਪੰਜ ਗਰੁੱਪ ਅਤੇ ਇੰਸਟਾਗ੍ਰਾਮ ਤੋਂ ਨੌਂ ਖ਼ਾਤੇ ਹਟਾ ਦਿੱਤੇ ਹਨ।

ਮੈਟਾ ਨੇ ਕਿਹਾ ਕਿ ਖ਼ਬਰਾਂ ਤੇ ਮੌਜੂਦਾ ਘਟਨਾਵਾਂ ਬਾਰੇ ਇਹ ਪੋਸਟਾਂ ਮੁੱਢਲੇ ਤੌਰ ’ਤੇ ਅੰਗਰੇਜ਼ੀ ਅਤੇ ਹਿੰਦੀ ਵਿੱਚ ਸਨ ਅਤੇ ਇਨ੍ਹਾਂ ਨਾਲ ਛੇੜਛਾੜ ਕੀਤੀਆਂ ਤਸਵੀਰਾਂ ਵੀ ਨਸ਼ਰ ਕੀਤੀਆਂ ਗਈਆਂ ਸਨ। ਪੰਜਾਬ ’ਚ ਹੜ੍ਹਾਂ ਅਤੇ ਖਾਲਿਸਤਾਨ ਆਜ਼ਾਦੀ ਅੰਦੋਲਨ ਤੋਂ ਇਲਾਵਾ ਕੈਨੇਡਾ ’ਚ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਭਾਰਤ ਸਰਕਾਰ ਦੀ ਆਲੋਚਨਾ ਨਾਲ ਸਬੰਧਤ ਤਸਵੀਰਾਂ ਦੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ। 

ਉਧਰ ਭਾਰਤੀ ਸੁਰੱਖਿਆ ਏਜੰਸੀਆਂ ਦੇ ਸੂਤਰਾਂ ਨੇ ਕਿਹਾ ਕਿ ਹੁਣ ਤੱਕ ਪਾਕਿਸਤਾਨੀ ਸੋਸ਼ਲ ਮੀਡੀਆ ਖ਼ਾਤਿਆਂ ਵੱਲੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ ਪਰ ਚੀਨ ਵੱਲੋਂ ਅਜਿਹਾ ਪਹਿਲੀ ਵਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਚੀਨ ਅਤੇ ਪਾਕਿਸਤਾਨ ਦੀ ਸਾਂਝੀ ਗਤੀਵਿਧੀ ਵੀ ਹੋ ਸਕਦੀ ਹੈ।

error: Content is protected !!