ਐਤਕੀਂ ਕੇਂਦਰੀ ਮੰਤਰੀ ਮੰਡਲ ‘ਚ ਮੁਸਲਮਾਨਾਂ ਦੀ ਕੋਈ ਪ੍ਰਤਿਨਿਧਤਾ ਨਹੀਂ
ਨਵੀਂ ਦਿੱਲੀ 10 ਜੂਨ 2024 (ਫਤਿਹ ਪੰਜਾਬ) ਇਹ ਪਹਿਲੀ ਵਾਰ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਐਨਡੀਏ National Democratic Alliance NDA ਵੱਲੋਂ ਕਿਸੇ ਮੁਸਲਿਮ ਸੰਸਦ ਮੈਂਬਰ ਨੂੰ ਕੇਂਦਰੀ ਮੰਤਰੀ ਨਹੀਂ ਬਣਾਇਆ ਗਿਆ।
ਹਰ ਆਮ ਚੋਣਾਂ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ਵਿੱਚ ਘੱਟੋ-ਘੱਟ ਇੱਕ ਮੁਸਲਿਮ ਸੰਸਦ ਮੈਂਬਰ ਜਰੂਰ ਸ਼ਾਮਲ ਹੁੰਦਾ ਰਿਹਾ ਹੈ। ਸਾਲ 2014 ਵਿੱਚ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਦਮੋਦਰਦਾਸ ਮੋਦੀ ਨੇ ਪਹਿਲੀ ਵਾਰ ਸਹੁੰ ਚੁੱਕੀ ਸੀ ਤਾਂ ਨਜਮਾ ਹੇਪਤੁੱਲਾ ਨੇ ਸਹੁੰ ਚੁੱਕੀ ਸੀ ਅਤੇ ਉਨ੍ਹਾਂ ਨੂੰ ਘੱਟ ਗਿਣਤੀ ਮਾਮਲਿਆਂ ਦੀ ਮੰਤਰੀ ਬਣਾਇਆ ਗਿਆ ਸੀ। ਸਾਲ 2019 ਵਿੱਚ ਮੁਖਤਾਰ ਅੱਬਾਸ ਨਕਵੀ ਨੇ ਸਹੁੰ ਚੁੱਕੀ ਅਤੇ ਉਨ੍ਹਾਂ ਵੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਬਣਾਇਆ ਗਿਆ ਸੀ।
ਐਤਕੀਂ ਮੋਦੀ ਦੇ ਤੀਜੇ ਕਾਰਜਕਾਲ ਦੌਰਾਨ ਮੰਤਰੀ ਮੰਡਲ ਵਿੱਚ ਮੁਸਲਮਾਨਾਂ ਦੀ ਨੁਮਾਇੰਦਗੀ ਨਾ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ 18ਵੀਂ ਲੋਕ ਸਭਾ ਵਿੱਚ ਭਾਜਪਾ ਜਾਂ ਐਨਡੀਏ ਦੀਆਂ ਸਹਿਯੋਗੀ ਪਾਰਟੀਆਂ ਵਿੱਚੋਂ ਕੋਈ ਵੀ ਮੁਸਲਮਾਨ ਉਮੀਦਵਾਰ ਨਹੀਂ ਚੁਣਿਆ ਗਿਆ। ਹੇਠਲੇ ਸਦਨ ਲੋਕ ਸਭਾ ਲਈ ਐਤਕੀਂ ਜਿੱਤ ਕੇ ਆਏ 24 ਮੁਸਲਿਮ ਸੰਸਦ ਮੈਂਬਰਾਂ ਵਿੱਚੋਂ 21 INDIA ਗੱਠਜੋੜ ਦੇ ਹਨ ਅਤੇ ਬਾਕੀ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ AIMIM ਦੇ ਅਸਦੁਦੀਨ ਓਵੈਸੀ ਅਤੇ ਦੋ ਆਜ਼ਾਦ-ਅਬਦੁਲ ਰਸ਼ੀਦ ਸ਼ੇਖ ਉਰਫ ‘ਇੰਜੀਨੀਅਰ ਰਸ਼ੀਦ’ ਅਤੇ ਜੰਮੂ-ਕਸ਼ਮੀਰ ਤੋਂ ਮੁਹੰਮਦ ਹਨੀਫਾ ਹਨ।
ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਵੇਲੇ ਸਾਲ 2004 ਅਤੇ 2009 ਦੇ ਮੰਤਰੀ ਮੰਡਲ ਵਿੱਚ ਕ੍ਰਮਵਾਰ ਚਾਰ ਅਤੇ ਪੰਜ ਮੁਸਲਿਮ ਸੰਸਦ ਮੈਂਬਰ ਮੰਤਰੀ ਬਣਾਏ ਗਏ ਸਨ। ਸਾਲ 1999 ਵਿੱਚ ਵੀ ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਮੰਤਰੀ ਮੰਡਲ ਵਿੱਚ ਦੋ ਮੁਸਲਮਾਨ ਸ਼ਾਹਨਵਾਜ਼ ਹੁਸੈਨ ਅਤੇ ਉਮਰ ਅਬਦੁੱਲਾ ਕੇਂਦਰੀ ਮੰਤਰੀ ਸਨ ਜਦਕਿ ਸਾਲ 1998 ਵਿੱਚ ਵਾਜਪਾਈ ਦੀ ਅਗਵਾਈ ਵਾਲੀ ਵਜ਼ਾਰਤ ਵਿੱਚ ਮੁਖਤਾਰ ਅੱਬਾਸ ਨਕਵੀ ਰਾਜ ਮੰਤਰੀ ਸਨ।
ਦੱਸਣਯੋਗ ਹੈ ਕਿ ਨਕਵੀ ਨੂੰ ਰਾਜ ਸਭਾ ਲਈ ਦੁਬਾਰਾ ਨਾ ਚੁਣੇ ਜਾਣ ਤੋਂ ਬਾਅਦ ਇਸ ਮੰਤਰੀ ਮੰਡਲ ਵਿਚ ਮੁਸਲਮਾਨਾਂ ਦਾ ਕੋਈ ਪ੍ਰਤਿਨਿਧ ਮੰਤਰੀ ਨਹੀਂ ਹੈ।
ਵਧੇਰੇ ਜਾਣਕਾਰੀ ਲਈ ਇਹ ਖ਼ਬਰ ਵੀ ਪੜ੍ਹੋ ;