ਚੰਡੀਗੜ੍ਹ, 14 ਜੁਲਾਈ (ਫਤਿਹ ਪੰਜਾਬ) ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਜਾਨਲੇਵਾ ਹਮਲਾ ਕਰਦਿਆਂ ਇਕ ਹਮਲਾਵਰ ਨੇ ਬਟਲਰ, ਪੈਨਸਿਲਵੇਨੀਆ ਵਿੱਚ ਇੱਕ ਰੈਲੀ ਦੌਰਾਨ ਸਟੇਜ ‘ਤੇ ਬੋਲਦੇ ਸਮੇਂ ਗੋਲੀ ਮਾਰ ਦਿੱਤੀ। ਇਹ ਘਟਨਾ ਭਾਰਤੀ ਸਮੇਂ ਅਨੁਸਾਰ ਐਤਵਾਰ ਸਵੇਰੇ 4 ਵਜੇ ਵਾਪਰੀ ਤੇ ਉਦੋਂ ਅਮਰੀਕਾ ਵਿੱਚ ਸ਼ਨੀਵਾਰ ਸ਼ਾਮ 6:30 ਵਜੇ ਦਾ ਸਮਾਂ ਸੀ।
ਕੁੱਝ ਲੋਕਾਂ ਨੂੰ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਟਰੰਪ ਨੇ ਆਪਣੇ ਸੱਜੇ ਕੰਨ ‘ਤੇ ਹੱਥ ਰੱਖਿਆ ਅਤੇ ਹੇਠਾਂ ਝੁਕ ਗਏ। ਸੀਕ੍ਰੇਟ ਸਰਵਿਸ ਏਜੰਟਾਂ ਨੇ ਟਰੰਪ ਨੂੰ ਕਵਰ ਕਰਕੇ ਸਟੇਜ ਤੋਂ ਉਤਾਰ ਕੇ ਕਾਰ ਵਿਚ ਬਿਠਾ ਲਿਆ ਅਤੇ ਉਥੋਂ ਲੈ ਗਏ।
ਟਰੰਪ ਨੇ ਹਾਦਸੇ ਬਾਰੇ ਕਿਹਾ ਕਿ ਉਨ੍ਹਾਂ ਦੇ ਸੱਜੇ ਕੰਨ ਦੇ ਉਪਰਲੇ ਹਿੱਸੇ ਵਿੱਚ ਗੋਲੀ ਲੱਗੀ ਹੈ। ਸੋਸ਼ਲ ਮੀਡੀਆ ‘ਤੇ ਪੋਸਟ ਵਿਚ ਉਹਨਾਂ ਕਿ ਮੈਨੂੰ ਕੰਨ ਦੇ ਨੇੜੇ ਇਕ ਸਨਸਨੀ ਮਹਿਸੂਸ ਹੋਈ, ਜਿਸ ਨਾਲ ਮੈਨੂੰ ਤੁਰੰਤ ਅਹਿਸਾਸ ਹੋਇਆ ਕਿ ਕੁਝ ਗਲਤ ਹੈ। ਦੇਖਿਆ ਤਾਂ ਬਹੁਤ ਸਾਰਾ ਖੂਨ ਵਹਿ ਰਿਹਾ ਸੀ, ਮੈਨੂੰ ਫਿਰ ਅਹਿਸਾਸ ਹੋਇਆ ਕਿ ਕੀ ਹੋ ਰਿਹਾ ਹੈ।