ਵੈਨਕੁਵਰ 12ਈ 2024 (ਫਤਿਹ ਪੰਜਾਬ) ਕੈਨੇਡਾ ‘ਚ ਰਹਿਣ ਵਾਲੇ ਚੌਥੇ ਭਾਰਤੀ ਨਾਗਰਿਕ ‘ਤੇ ਪਿਛਲੇ ਸਾਲ ਸਰੀ,ਬ੍ਰਿਟਿਸ਼ ਕੋਲੰਬੀਆ ਦੇ ਇਕ ਗੁਰਦੁਆਰਾ ਸਾਹਿਬ ਦੇ ਬਾਹਰ ਸਿੱਖ ਹਸਤੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਦੋਸ਼ ਲੱਗਾ ਹੈ ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। 

ਸੂਬੇ ਦੀ ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਸ਼ਨੀਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ 22 ਸਾਲਾ ਅਮਨਦੀਪ ਸਿੰਘ ਪਹਿਲਾਂ ਹੀ ਓਨਟਾਰੀਓ ਵਿੱਚ ਪੀਲ ਰੀਜਨਲ ਪੁਲਿਸ ਦੀ ਹਿਰਾਸਤ ਵਿੱਚ ਸੀ। ਪੁਲਿਸ ਨੇ ਕਿਹਾ ਗਿਆ ਹੈ, ਕਿ ਆਈਐਚਆਈਟੀ ਨੇ ਸਬੂਤਾਂ ਦੀ ਪੈਰਵੀ ਕਰਦਿਆਂ ਬੀਸੀ ਪ੍ਰਾਸੀਕਿਊਸ਼ਨ ਸਰਵਿਸ ਨੂੰ ਅਮਨਦੀਪ ਸਿੰਘ ‘ਤੇ ਫਸਟ-ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਉਣ ਲਈ ਲੋੜੀਂਦੀ ਜਾਣਕਾਰੀ ਹਾਸਲ ਕੀਤੀ।

ਪੁਲਿਸ ਨੇ ਇਹ ਵੀ ਪੁਸ਼ਟੀ ਕੀਤੀ ਕਿ ਅਮਨਦੀਪ ਇੱਕ ਭਾਰਤੀ ਨਾਗਰਿਕ ਹੈ ਜੋ ਕੈਨੇਡਾ ਵਿੱਚ ਆਪਣਾ ਸਮਾਂ ਬਰੈਂਪਟਨ, ਓਨਟਾਰੀਓ, ਸਰੀ, ਬੀ.ਸੀ., ਅਤੇ ਐਬਟਸਫੋਰਡ, ਬੀ.ਸੀ. ਵਿੱਚ ਬਿਤਾ ਰਿਹਾ ਹੈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਚੱਲ ਰਹੀ ਜਾਂਚ ਅਤੇ ਅਦਾਲਤੀ ਪ੍ਰਕਿਰਿਆਵਾਂ ਕਾਰਨ ਗ੍ਰਿਫਤਾਰੀ ਦੇ ਹੋਰ ਵੇਰਵੇ ਜਾਰੀ ਨਹੀਂ ਕੀਤੇ ਜਾ ਸਕਦੇ ਹਨ।

ਇਸ ਮਹੀਨੇ ਦੇ ਸ਼ੁਰੂ ਵਿੱਚ, ਪੁਲਿਸ ਨੇ ਪਹਿਲਾਂ ਤਿੰਨ ਭਾਰਤੀ ਨਾਗਰਿਕਾਂ – ਕਰਨ ਬਰਾੜ, ਕਮਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਨੂੰ ਐਡਮਿੰਟਨ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਉਹਨਾਂ ‘ਤੇ ਨਿੱਝਰ ਦੀ ਹੱਤਿਆ ਵਿੱਚ ਫਸਟ-ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਸਨ। ਯਾਦ ਰਹੇ ਕਿ ਭਾਈ ਨਿੱਝਰ ਸਰੀ ਦੇ ਪ੍ਰਸਿੱਧ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਨ ਜਿੰਨਾ ਨੂੰ ਗੁਰਦੁਆਰਾ ਦੀ ਪਾਰਕਿੰਗ ਵਿੱਚ ਹੱਤਿਆਰਿਆਂ ਨੇ ਗੋਲੀਆਂ ਮਾਰ ਦਿੱਤੀਆਂ ਸੀ।

ਗੁਰਦੁਆਰਾ ਸਾਹਿਬ ਦੇ ਮੈਂਬਰ ਤੇ ਸਿੱਖ ਸੰਗਤ ਨੇ ਪਿਛਲੇ ਦਿਨੀ ਸਰੀ ਵਿੱਚ ਪ੍ਰੋਵਿੰਸ਼ੀਅਲ ਕੋਰਟ ਹਾਊਸ ਦੇ ਬਾਹਰ ਰੈਲੀ ਕੀਤੀ, ਜਦੋਂ ਇਸ ਕੇਸ ਵਿੱਚ ਚਾਰਜ ਕੀਤੇ ਗਏ ਤਿੰਨ ਵਿਅਕਤੀ ਵੀਡੀਓ ਲਿੰਕ ਰਾਹੀਂ ਪੇਸ਼ ਹੋਏ।

ਨਿੱਝਰ ਦੇ ਕਤਲ ਨੇ ਕੈਨੇਡਾ ਅਤੇ ਭਾਰਤ ਵਿਚਕਾਰ ਤਣਾਅ ਪੈਦਾ ਕਰ ਦਿੱਤਾ ਹੈ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਭਰੋਸੇਯੋਗ ਖੁਫੀਆ ਜਾਣਕਾਰੀ ਅਨੁਸਾਰ ਇਹ ਕਾਤਲ ਭਾਰਤੀ ਏਜੰਸੀਆਂ ਨਾਲ ਜੁੜਦਾ ਹੈ, ਜਦਕਿ ਭਾਰਤੀ ਅਧਿਕਾਰੀ ਸਰਕਾਰੀ ਸ਼ਮੂਲੀਅਤ ਤੋਂ ਇਨਕਾਰ ਕਰਦੇ ਹਨ।

Skip to content