ਪੰਥਕ ਕੌਂਸਲ ਹੀ ਕਰੇਗੀ ਨਵੇਂ ਅਕਾਲੀ ਦਲ ਦੇ ਸਾਰੇ ਫੈਸਲੇ : ਮਨਪ੍ਰੀਤ ਇਯਾਲੀ

ਅੰਮ੍ਰਿਤਸਰ 11 ਅਗਸਤ 2025 (ਫਤਿਹ ਪੰਜਾਬ ਬਿਊਰੋ) : ਨਵੇਂ ਮੈਂਬਰਾਂ ਦੀ ਭਰਤੀ ਤੇ ਡੈਲੀਗੇਟਾਂ ਦੀ ਚੋਣ ਪਿੱਛੋਂ ਅੱਜ ਇੱਥੇ ਬਾਗੀ ਅਕਾਲੀ ਦਲ ਦਾ ਜਨਰਲ ਇਜਲਾਸ ਹੋਇਆ ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਜਦੋਂਕਿ ਬੀਬੀ ਸਤਵੰਤ ਕੌਰ ਨੂੰ ਪੰਥਕ ਕੌਂਸਲ ਦਾ ਚੇਅਰਪਰਸਨ ਬਣਾਇਆ ਗਿਆ ਹੈ। ਸੂਤਰਾਂ ਮੁਤਾਬਕ ਹੁਣ ਇਹ ਧੜਾ ਅਸਲੀ ਸ਼੍ਰੋਮਣੀ ਅਕਾਲੀ ਦਲ ਹੋਣ ਅਤੇ ਇਸ ਦੇ ਚੋਣ ਨਿਸ਼ਾਨ ‘ਤੱਕੜੀ’ ‘ਤੇ ਦਾਅਵਾ ਕਰਨ ਦਾ ਐਲਾਨ ਕਰ ਸਕਦਾ ਹੈ।

ਬਾਗੀ ਹੋਏ ਪੰਜ ਅਕਾਲੀ ਆਗੂਆਂ ਨੇ ਭਰਤੀ ਕਮੇਟੀ ਵੱਲੋਂ ਇਹ ਇਜਲਾਸ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਹੋਇਆ ਜਿਸ ਵਿੱਚ ਗੋਬਿੰਦ ਸਿੰਘ ਲੋਂਗੋਵਾਲ, ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਇਕਬਾਲ ਸਿੰਘ ਝੂੰਦਾ, ਆਦਿ ਵੱਡੀ ਗਿਣਤੀ ਵਿਚ ਡੈਲੀਗੇਟ ਅਤੇ ਸਮਰਥਕ ਹਾਜ਼ਰ ਸਨ। ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪ੍ਰਧਾਨਗੀ ਲਈ ਬਾਬਾ ਸਰਬਜੋਤ ਸਿੰਘ ਬੇਦੀ ਨੇ ਪੇਸ਼ ਕੀਤਾ ਤੇ ਇਸ ਦੀ ਭਾਈ ਗੋਬਿੰਦ ਸਿੰਘ ਲੋਗੋਵਾਲ ਤੇ ਸੁੱਚਾ ਸਿੰਘ ਛੋਟੇਪੁਰ ਨੇ ਤਾਇਦ-ਮਜੀਦ ਕੀਤੀ। ਸਮੁੱਚੇ ਹਾਊਸ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਮੁਕਾਬਲੇ ਕਿਸੇ ਹੋਰ ਦਾ ਨਾਮ ਨਾ ਪੇਸ਼ ਹੋਣ ਤੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਧਾਨ ਐਲਾਨ ਦਿੱਤਾ ਗਿਆ ਹੈ।

ਇਸ ਤੋਂ ਪਹਿਲਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਮਤਾ ਪੇਸ਼ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਅਤੇ ਇਸ ਦੇ ਉਭਾਰ ਲਈ ਮਤਾ ਪ੍ਰਵਾਨਗੀ ਲਈ ਰੱਖਿਆ ਜਾਂਦਾ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਪੰਥਕ ਸਿਧਾਂਤਾਂ ਸੰਸਥਾਵਾਂ ਤੇ ਪਰੰਪਰਾਵਾਂ ਵਿੱਚ ਰਾਜਨੀਤਿਕ ਦਖਲ ਕਾਰਨ ਆਏ ਨਿਘਾਰ ਨੂੰ ਦੂਰ ਕਰਨ ਲਈ ਪੰਥਕ ਕੌਂਸਲ ਦੀ ਸਥਾਪਨਾ ਕਰਨ ਦਾ ਮਤਾ ਪੇਸ਼ ਕੀਤਾ ਜਾਂਦਾ ਹੈ ਤਾਂ ਕਿ ਸਿੱਖ ਸਿਆਸਤ ਉੱਪਰ ਧਰਮ ਦਾ ਕੁੰਡਾ ਕਾਇਮ ਰਹਿ ਸਕੇ। ਇਸ ਪੰਥਕ ਕੌਂਸਲ ਵਿੱਚ ਸਮੁੱਚੇ ਅਹੁਦੇਦਾਰ ਅਤੇ ਮੈਂਬਰ ਸਮਰਪਿਤ ਭਾਵਨਾ ਨਾਲ ਸਿੱਖ ਚਿੰਤਕ ਹੋਣਗੇ ਜਿਹੜੇ ਪੰਥ ਦੀ ਚੜ੍ਹਦੀ ਕਲਾ ਅਤੇ ਖਾਲਸਾ ਜੀ ਦੇ ਬੋਲ ਬਾਲੇ ਉੱਪਰ ਸਿਧਾਂਤਕ ਪਹਿਰੇਦਾਰੀ ਕਰਨਗੇ। ਇਹ ਪੰਥਕ ਕੌਂਸਲ ਸਮੁੱਚੇ ਪੰਥ ਦੀ ਇੱਕਜੁੱਟਤਾ ਲਈ ਪੰਥ ਦੀ ਏਕਤਾ ਲਈ ਬਾਕੀ ਸੁਹਿਰਦ ਸਿੱਖ ਧਿਰਾਂ ਨਾਲ ਤਾਲਮੇਲ ਬਣਾਉਣ ਲਈ ਯਤਨ ਕਰੇਗੀ ਤਾਂ ਕਿ ਸਮੁੱਚੀ ਸਿੱਖ ਸ਼ਕਤੀ ਨੂੰ ਕੇਂਦਰੀ ਸਿਧਾਂਤਕ ਧੁਰੇ ਨਾਲ ਇਕੱਤਰ ਕੀਤਾ ਜਾ ਸਕੇ। ਇਹ ਸ਼੍ਰੋਮਣੀ ਅਕਾਲੀ ਦਲ ਭਵਿੱਖ ਵਿੱਚ ਆਪਣੇ ਸਾਰੇ ਫੈਸਲੇ ਪੰਥਕ ਕੌਂਸਲ ਦੀ ਸਹਿਮਤੀ ਨਾਲ ਹੀ ਕਰੇਗਾ। ਇਸ ਮਤੇ ਨੂੰ ਜੈਕਾਰਿਆਂ ਨਾਲ ਪ੍ਰਵਾਨ ਕਰ ਲਿਆ ਗਿਆ।

ਦੱਸ ਦੇਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਦੋ ਦਸੰਬਰ 2024 ਨੂੰ ਜਾਰੀ ਕੀਤੇ ਗਏ ਹੁਕਮ ਤੇ ਬਣਾਈ ਗਈ ਇਸ ਭਰਤੀ ਕਮੇਟੀ ਵੱਲੋਂ ਪੰਜਾਬ ਤੇ ਬਾਹਰਲੇ ਸੂਬਿਆਂ ਸਮੇਤ ਵਿਦੇਸ਼ਾਂ ਚ  ਵੀ 15 ਲੱਖ ਵਰਕਰਾਂ ਦੀ ਭਰਤੀ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸਾਧਿਆ ਨਿਸ਼ਾਨਾ

ਭਰਤੀ ਕਮੇਟੀ ਵੱਲੋਂ ਨਵਾਂ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਧੜੇ ਦੇ ਆਗੂ ਅਰਸ਼ਦੀਪ ਸਿੰਘ ਕਲੇਰ ਨੇ ਬਾਗੀ ਧੜੇ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਸੱਚ ਸਾਹਮਣੇ ਆ ਗਿਆ ਹੈ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ‘ਤੇ ਏਜੰਸੀਆਂ ਦਾ ਕਬਜ਼ਾ ਕਰਵਾਉਣ ਲਈ ਸਾਜ਼ਿਸ਼ ਰਚੀ ਗਈ ਸੀ ਅਤੇ ਵੇਂ ਤਖ਼ਤ ਸਾਹਿਬਾਨਾਂ ਨੂੰ ਸਾਜ਼ਿਸ਼ ਲਈ ਵਰਤਿਆ ਗਿਆ। ਉਨ੍ਹਾਂ ਕਿਹਾ ਕਿ ਦੁਨਿਆਵੀ ਅਦਾਲਤਾਂ ‘ਚ ਵੀ ਅਜਿਹਾ ਨਹੀਂ ਹੁੰਦਾ ਕਿ ਜੱਜ ਹੀ ਦੋ ਭਰਾਵਾਂ ਦੀ ਲੜਾਈ ਦੇ ਫੈਸਲੇ ‘ਚ ਹਿੱਸੇਦਾਰ ਬਣ ਜਾਣ। ਉਨ੍ਹਾਂ ਨੇ ਕਿਹਾ ਕਿ 2 ਦਸੰਬਰ ਦੇ ਹੁਕਮਨਾਮੇ ਸਮੇਂ ਗਿਆਨੀ ਹਰਪ੍ਰੀਤ ਸਿੰਘ ਖੁਦ ਜਥੇਦਾਰ ਸਨ। ਉਨ੍ਹਾਂ ਨੇ ਖੁਦ ਹੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਅਕਾਲ ਤਖ਼ਤ ਸਾਹਿਬ ਤੇ ਬੁਲਾਇਆ ਤੇ ਸਜ਼ਾ ਸੁਣਾਈ। ਆਪੇ ਹੀ ਨਵੇਂ ਅਕਾਲੀ ਦਲ ਦੇ ਪਹਿਲੇ ਮੈਂਬਰ ਬਣੇ, ਹੁਣ ਆਪ ਹੀ ਦੂਜੇ ਧੜੇ ਦੇ ਪ੍ਰਧਾਨ ਬਣ ਕੇ ਬਹਿ ਗਏ। ਉਨ੍ਹਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਨੇ ਫਸੀਲ ਤੋਂ ਧੜਿਆਂ ਦੀ ਰਾਜਨੀਤੀ ਨੂੰ ਨਕਾਰਿਆ ਸੀ ਤੇ ਬਾਗੀ ਤੇ ਦਾਗ਼ੀ ਆਗੂਆਂ ਨੂੰ ਆਪੋ ਆਪਣੇ ਧੜੇ ਸਮੇਟਣ ਲਈ ਹੁਕਮ ਕੀਤਾ ਸੀ ਪਰ ਹੁਣ ਆਪ ਹੀ ਆਪਣੇ ਬਣਾਏ ਇੱਕ ਧੜੇ ਦੇ ਪ੍ਰਧਾਨ ਬਣ ਗਏ।

error: Content is protected !!