ਅੰਮ੍ਰਿਤਸਰ: 11 ਮਾਰਚ, 2025 (ਫਤਿਹ ਪੰਜਾਬ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁੜ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਹਰਮੰਦਿਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਦੋਸ਼ ਲਾਇਆ ਹੈ ਕਿ ਕਿ ਦੋਵੇਂ ਤਖਤ ਸਾਹਿਬਾਨ – ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ – ਦੇ ਜਥੇਦਾਰਾਂ ਦੀ ਸੇਵਾ ਸੰਭਾਲ ਦੀਆਂ ਰਸਮਾਂ ਵੇਲੇ ਪੰਥਕ ਮਰਿਆਦਾ ਦਾ ਘਾਣ ਹੋਇਆ ਹੈ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਇਸ ਮਾਮਲੇ ਸਬੰਧੀ ਇਤਰਾਜ਼ ਉਠਾਏ ਹਨ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਸੇਵਾ ਸੰਭਾਲ ਦੀ ਮਰਿਆਦਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਜੱਥੇਦਾਰਾਂ ਦੀ ਨਿਯੁਕਤੀ ਉਪਰੰਤ ਸੇਵਾ ਸੰਭਾਲਣ ਵੇਲੇ ਵਿਸ਼ੇਸ਼ ਤੌਰ ‘ਤੇ ਸਮਾਗਮ ਸਜਾਇਆ ਜਾਂਦਾ ਹੈ ਤੇ ਇਸ ਵਿੱਚ ਸਾਰੀਆਂ ਸਿੱਖ ਜਥੇਬੰਦੀਆਂ, ਸੰਪਰਦਾਵਾਂ, ਦਲ ਪੰਥ ਅਤੇ ਉਦਾਸੀਆਂ ਸੰਤਾਂ-ਮਹਾਂਪੁਰਖਾ ਨੂੰ ਵੀ ਸੱਦਾ ਦਿੱਤਾ ਜਾਂਦਾ ਹੈ। ਅਜਿਹੇ ਸਮਾਗਮਾਂ ਦੌਰਾਨ ਹਰਿਮੰਦਰ ਸਾਹਿਬ ਦਾ ਮੁੱਖ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਦੀ ਫ਼ਸੀਲ ਤੋਂ ਸਿੰਘ ਸਾਹਿਬ ਦੀ ਨਿਯੁਕਤੀ ਦਾ ਐਲਾਨ ਕਰਦਾ ਹੈ ਤੇ ਸੰਗਤਾਂ ਜੈਕਾਰੇ ਬੁਲਾ ਕੇ ਉਸ ਨੂੰ ਪ੍ਰਵਾਨਗੀ ਦਿੰਦਿਆਂ ਹਨ।
ਉਨ੍ਹਾ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਤੜਕਸਾਰ ਸ੍ਰੀ ਅਖੰਡ ਪਾਠ ਸਾਹਿਬ ਵਾਲੇ ਕਮਰੇ ਵਿਚ ਸਕੱਤਰ ਅਤੇ ਮੈਨੇਜਰ ਵਲੋਂ ਜਥੇਦਾਰ ਸਾਹਿਬ ਨੂੰ ਦਸਤਾਰ ਭੇਟ ਕੀਤੀ ਗਈ ਜਦਕਿ ਉਸ ਵੇਲੇ ਤਖਤ ਸਾਹਿਬ ਵਿਖੇ ਹਾਲੇ ਪ੍ਰਕਾਸ਼ ਵੀ ਨਹੀਂ ਸੀ ਹੋਇਆ। ਜਿਸ ਬਾਰੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ।