39 ਵਾਰਡਾਂ ਤੋਂ 164 ਉਮੀਦਵਾਰ ਮੈਦਾਨ ਚ
ਜਾਖਲ ਵਾਰਡ ਤੋਂ ਉਮੀਦਵਾਰ ਅਮਨਪ੍ਰੀਤ ਕੌਰ ਨਿਰਵਿਰੋਧ ਚੁਣੀ ਗਈ
ਚੰਡੀਗੜ੍ਹ 14 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰਿਟ ਪਟੀਸ਼ਨਾ ਦੇ ਨਿਪਟਾਰੇ ਪਿੱਛੋਂ ਪਹਿਲੀਆਂ Haryana Sikh Gurdwaras Management Committee (ਐਚਐਸਜੀਐਮਸੀ) ਚੋਣਾਂ ਲਈ ਰਾਹ ਪੱਧਰਾ ਹੋਣ ਨਾਲ ਚੋਣਾਂ ਲੜ ਰਹੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਆਗੂਆਂ ਨੇ ਆਪਣੀਆਂ ਪ੍ਰਚਾਰ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ।
ਇੰਨਾਂ ਗੁਰਦੁਆਰਾ ਚੋਣਾਂ ਲਈ ਹਰਿਆਣਾ ਨੂੰ 40 ਵਾਰਡਾਂ ਵਿੱਚ ਵੰਡਿਆ ਗਿਆ ਹੈ। ਜਾਖਲ ਤੋਂ ਇੱਕ ਉਮੀਦਵਾਰ ਅਮਨਪ੍ਰੀਤ ਕੌਰ ਬਿਨਾਂ ਵਿਰੋਧ ਚੁਣੀ ਜਾ ਚੁੱਕੀ ਹੈ। ਹੁਣ 39 ਵਾਰਡਾਂ ਤੋਂ 164 ਉਮੀਦਵਾਰ ਮੈਦਾਨ ਵਿੱਚ ਹਨ ਅਤੇ ਵੋਟਾਂ 19 ਜਨਵਰੀ ਨੂੰ ਪੈਣਗੀਆਂ। ਉਸੇ ਦਿਨ ਸ਼ਾਮ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
ਪ੍ਰਮੁੱਖ ਸਿੱਖ ਗਰੁੱਪਾਂ ਵਿੱਚ ਐਚਐਸਜੀਐਮਸੀ (HSGMC) ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ਵਾਲੇ ਪੰਥਕ ਦਲ (ਝੀਂਡਾ) ਨੇ 26 ਉਮੀਦਵਾਰ ਖੜ੍ਹੇ ਕੀਤੇ ਹਨ। ਦੀਦਾਰ ਸਿੰਘ ਨਲਵੀ ਦੀ ਅਗਵਾਈ ਵਾਲੇ ਸਿੱਖ ਸਮਾਜ ਸੰਸਥਾ ਨੇ 18 ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਪ੍ਰਾਪਤ ਹਰਿਆਣਾ ਸਿੱਖ ਪੰਥਕ ਦਲ ਨੇ 29 ਉਮੀਦਵਾਰ ਖੜ੍ਹੇ ਕੀਤੇ ਹਨ ਜਿਸ ਦੀ ਅਗਵਾਈ ਬਲਦੇਵ ਸਿੰਘ ਕੈਮਪੁਰ ਕਰ ਰਹੇ ਹਨ ਅਤੇ ਇਹ 10 ਹੋਰ ਅਜ਼ਾਦ ਉਮੀਦਵਾਰਾਂ ਦਾ ਸਮਰਥਨ ਵੀ ਕਰ ਰਿਹਾ ਹੈ।
HSGMC ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਦੇ ਗਰੁੱਪ ਨੇ ਲਗਭਗ ਸਾਰੇ ਵਾਰਡਾਂ ਵਿੱਚ ਉਮੀਦਵਾਰ ਖੜ੍ਹੇ ਕੀਤੇ ਹਨ। ਕਿਉਂਕਿ ਦਾਦੂਵਾਲ ਦੀ ਅਗਵਾਈ ਵਾਲਾ ਦਲ ਗੁਰਦੁਆਰਾ ਚੋਣ ਕਮਿਸ਼ਨ ਕੋਲ ਰਜਿਸਟਰਡ ਨਹੀਂ ਹੋ ਸਕਿਆ, ਇਸ ਲਈ ਇਸ ਨਾਲ ਜੁੜੇ ਸਾਰੇ ਉਮੀਦਵਾਰ, ਜਿਨ੍ਹਾਂ ਵਿੱਚ ਦਾਦੂਵਾਲ ਵੀ ਸ਼ਾਮਲ ਹੈ, ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜ ਰਹੇ ਹਨ।
ਗੁਰਦੁਆਰਾ ਚੋਣ ਕਮਿਸ਼ਨ ਅਨੁਸਾਰ, ਵੋਟਰਾਂ ਦੀ ਅੰਤਿਮ ਸੂਚੀ ਵੀ 13 ਜਨਵਰੀ ਨੂੰ ਜਾਰੀ ਹੋ ਚੁੱਕੀ ਹੈ ਜਿਸ ਵਿੱਚ ਪ੍ਰਤੀ ਵਾਰਡ 9,000 ਤੋਂ 11,000 ਵੋਟਾਂ ਹਨ।
ਵੱਖ-ਵੱਖ ਗਰੁੱਪ ਅਤੇ ਚੋਣ ਦੰਗਲ ਰਣਨੀਤੀ
ਗੁਰਮਤ ਪ੍ਰਚਾਰ ਅਤੇ ਗੁਰਦੁਆਰਿਆਂ ਦੀ ਦੇਖਭਾਲ ਸਾਰੇ ਉਮੀਦਵਾਰਾਂ ਅਤੇ ਸਿੱਖ ਨੇਤਾਵਾਂ ਦੀ ਤਰਜੀਹੀ ਸੂਚੀ ਵਿੱਚ ਸਭ ਤੋਂ ਉੱਪਰ ਹੈ। ਵਿਰੋਧੀਆਂ ਦਾ ਮੁਕਾਬਲਾ ਕਰਨ ਲਈ, ਵੱਖ-ਵੱਖ ਗਰੁੱਪ ਅਤੇ ਉਨ੍ਹਾਂ ਦੇ ਨੇਤਾ HSGMC ਦੀ ਸਥਾਪਨਾ ਅਤੇ ਕੰਮਕਾਜ ਵਿੱਚ ਆਪੋ-ਆਪਣੀ ਭੂਮਿਕਾ ਦੇ ਨਾਲ-ਨਾਲ HSGMC ਦੀ ਸਥਾਪਨਾ ਤੋਂ ਪਹਿਲਾਂ ਵਿਰੋਧੀ ਆਗੂਆਂ ਦੀਆਂ ਭੂਮਿਕਾਵਾਂ ਦੇ ਮੁੱਦੇ ‘ਤੇ ਵਿਰੋਧੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ।
HSGMC ਦਾ ਇਤਿਹਾਸ
HSGMC ਸਾਲ 2014 ਵਿੱਚ ਭੁਪਿੰਦਰ ਹੁੱਡਾ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਸ਼ਾਸਨ ਦੌਰਾਨ ਹੋਂਦ ਵਿੱਚ ਆਈ ਸੀ, ਪਰ ਇਸਦਾ ਅਸਲ ਵਜੂਦ ਢਾਈ ਸਾਲ ਪਹਿਲਾਂ ਉਦੋਂ ਆਇਆ ਜਦੋਂ ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਦੇ ਇੱਕ ਵੱਖਰੀ ਸਿੱਖ ਸੰਸਥਾ ਦੇ ਫੈਸਲੇ ਨੂੰ ਬਰਕਰਾਰ ਰੱਖਿਆ। ਉਦੋਂ ਤੋਂ, HSGMC ਪ੍ਰਦੇਸ਼ ਦੀ ਭਾਜਪਾ ਸਰਕਾਰ ਵੱਲੋਂ ਨਾਮਜ਼ਦ ਐਡਹਾਕ ਮੈਂਬਰਾਂ ਨਾਲ ਕੰਮ ਚਲਾ ਰਹੀ ਹੈ।
ਝੀਂਡਾ ਅਤੇ ਨਲਵੀ ਦੇ ਦਾਅਵੇ
ਆਪਣੀਆਂ ਮੁਹਿੰਮਾਂ ਵਿੱਚ, ਝੀਂਡਾ ਅਤੇ ਨਲਵੀ ਨੇ ਸਾਲ 1990 ਤੋਂ HSGMC ਦੀ ਸਥਾਪਨਾ ਲਈ ਉਨ੍ਹਾਂ ਦੁਆਰਾ ਕੀਤੇ ਗਏ 22 ਸਾਲ ਪੁਰਾਣੇ ਸੰਘਰਸ਼ ਨੂੰ ਪ੍ਰਚਾਰ ਦੌਰਾਨ ਸਪੱਸ਼ਟ ਤੌਰ ‘ਤੇ ਊਭਾਰਿਆ ਹੈ। ਦੋਵੇਂ ਆਗੂ ਇਸਦਾ ਸਿਹਰਾ ਲੈਂਦੇ ਹਨ ਅਤੇ ਦਾਦੂਵਾਲ ਗਰੁੱਪ ਨੂੰ ਭਾਜਪਾ ਸਰਕਾਰ ਦਾ ਹਿੱਸਾ ਹੋਣ ਅਤੇ ਕੈਮਪੁਰੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਚਿਹਰਾ ਹੋਣ ਲਈ ਨਿਸ਼ਾਨਾ ਬਣਾਉਂਦੇ ਹਨ, ਜੋ ਹਰਿਆਣਾ ਦੇ ਗੁਰਦੁਆਰਿਆਂ ਦੇ ਕੰਮਕਾਜ ਅਤੇ ਉਨ੍ਹਾਂ ਦੇ ਪ੍ਰਬੰਧਨ ਨੂੰ ਹੋਰ ਪ੍ਰਭਾਵਤ ਕਰ ਸਕਦਾ ਹੈ।
ਜਗਦੀਸ਼ ਸਿੰਘ ਝੀਂਡਾ ਦਾ ਕਹਿਣਾ ਹੈ ਕਿ “ਅਸੀਂ ਹਰਿਆਣਾ ਵਿੱਚ ਸਿੱਖਾਂ ਦੀ ਸ਼ਾਨ, ਗੁਰੂਘਰਾਂ ਦੀ ਮਰਿਆਦਾ ਅਤੇ ਸਿੱਖ ਪ੍ਰਚਾਰ ਨੂੰ ਯਕੀਨੀ ਬਣਾਉਣ ਲਈ ਇੱਕ ਲੰਬੀ ਲੜਾਈ ਲੜੀ ਹੈ। ਬਦਕਿਸਮਤੀ ਨਾਲ, ਹਰਿਆਣਾ ਸਰਕਾਰ ਅਤੇ ਉਨ੍ਹਾਂ ਦੇ ਨਾਮਜ਼ਦ ਕੀਤੇ ਹੋਏ ਆਗੂਆਂ ਦੇ ਦਖਲ ਕਾਰਨ ਪਿਛਲੇ ਢਾਈ ਸਾਲਾਂ ਵਿੱਚ ਅਜਿਹਾ ਨਹੀਂ ਹੋਇਆ। ਹੁਣ ਗੁਰਦੁਆਰਿਆਂ ਦੇ ਸਹੀ ਪ੍ਰਬੰਧਨ ਦਾ ਸਮਾਂ ਹੈ।”
ਦਾਦੂਵਾਲ ਸੰਤ ਸਮਾਜ ਦੇ ਸਹਾਰੇ
ਇੰਨਾਂ ਚੋਣਾਂ ਵਿੱਚ ਆਜ਼ਾਦ ਉਮੀਦਵਾਰਾਂ ਦੀ ਅਗਵਾਈ ਕਰ ਰਹੇ ਬਲਜੀਤ ਸਿੰਘ ਦਾਦੂਵਾਲ ਨੇ ਝੀਂਡਾ ਅਤੇ ਬਲਦੇਵ ਸਿੰਘ ਕੈਮਪੁਰੀ ਨੂੰ ਨਿਸ਼ਾਨਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਕਿਹਾ ਕਿ “ਉਹ ਇੱਕ ਹਨ। ਸਾਡਾ ਦਲ ਕਮਿਸ਼ਨ ਕੋਲ ਰਜਿਸਟਰਡ ਨਹੀਂ ਹੋ ਸਕਿਆ ਪਰ ਅਸੀਂ ਸਿਰਫ਼ ਉਨ੍ਹਾਂ ਨੂੰ ਹੀ ਮੈਦਾਨ ਵਿੱਚ ਉਤਾਰਿਆ ਹੈ ਜੋ ਅਸਲੀ ਸਿੱਖ ਹਨ ਅਤੇ ਸੰਤ ਸਮਾਜ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਦੇ ਹਨ। ਮੈਂ ਉਨ੍ਹਾਂ ਦੇ ਉਮੀਦਵਾਰਾਂ ਨੂੰ ਪੰਜ ਬਾਣੀਆਂ ਬਾਰੇ ਗਿਆਨ ਅਤੇ ਪੂਰਾ ਪਾਠ ਸੁਣਾਉਣ ਦੀ ਚੁਣੌਤੀ ਦਿੰਦਾ ਹਾਂ।” ਉਸਨੇ ਹੋਰ ਕਿਹਾ ਕਿ “ਇਨ੍ਹਾਂ ਚੋਣਾਂ ਵਿੱਚ ਮੈਂ ਬਾਕੀ ਗਰੁੱਪਾਂ ਦੇ ਇੱਕੋ ਇੱਕ ਨਿਸ਼ਾਨੇ ਉੱਤੇ ਹਾਂ।”