ਦਾਦੂਵਾਲ ਨੂੰ ਅਜ਼ਾਦ ਉਮੀਦਵਾਰ ਨੇ ਵੱਡੇ ਫਰਕ ਨਾਲ ਹਰਾਇਆ
ਸਭ ਤੋਂ ਵੱਧ 22 ਅਜ਼ਾਦ ਉਮੀਦਵਾਰ ਜਿੱਤੇ – ਝੀਂਡਾ ਗਰੁੱਪ ਨੇ 11 ਸੀਟਾਂ ਜਿੱਤੀਆਂ
ਸ਼੍ਰੋਮਣੀ ਅਕਾਲੀ ਦਲ ਵਲੋਂ 18 ਸੀਟਾਂ ਜਿੱਤਣ ਦਾ ਦਾਅਵਾ
ਚੰਡੀਗੜ੍ਹ, 19 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਕਰੀਬ 10 ਸਾਲ ਪਹਿਲਾਂ ਹੋਂਦ ਵਿਚ ਆਈ Haryana Sikh Gurdwara Management Committee ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਅੱਜ ਐਤਵਾਰ ਨੂੰ ਪਹਿਲੀ ਵਾਰ ਆਮ ਚੋਣਾਂ ਹੋਈਆਂ ਅਤੇ ਮੈਦਾਨ ਵਿਚ ਨਿੱਤਰੇ ਸਾਰੇ ਹੀ ਧੜਿਆਂ ਦੇ ਉਮੀਦਵਾਰਾਂ ਨੂੰ ਰਲਵੀਂ-ਮਿਲਵੀਂ ਜਿੱਤ ਨਸੀਬ ਹੋਈ ਹੈ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੀ। ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਵਿਚਾਲੇ ਵੋਟਰ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚੇ।
ਇੰਨਾਂ HSGMC Elections ਚੋਣਾਂ ਵਿਚ ਸਭ ਤੋਂ ਵੱਧ ਸਰਗਰਮ ਰਹੇ ਕਮੇਟੀ ਦੇ ਨਾਮਜ਼ਦ ਕੀਤੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੂੰ ਸਿਰਸਾ ਦੇ ਵਾਰਡ ਨੰਬਰ 35 ਹਲਕੇ ਦੀ ਕਾਲਾਂਵਾਲੀ ਸੀਟ ਤੋਂ 1771 ਵੋਟਾਂ ਦੇ ਫ਼ਰਕ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਪਿੰਡ ਕਾਲਾਂਵਾਲੀ ਦੇ ਹੀ 28 ਸਾਲਾ ਨੌਜਵਾਨ ਐਡਵੋਕੇਟ ਬਿੰਦਰ ਸਿੰਘ ਖ਼ਾਲਸਾ (ਅਜ਼ਾਦ ਉਮੀਦਵਾਰ) ਨੇ ਵੱਡੇ ਅੰਤਰ ਨਾਲ ਮਾਤ ਦਿੱਤੀ।
ਇੰਨ੍ਹਾਂ ਚੋਣਾਂ ਵਿਚ ਜਗਦੀਸ਼ ਸਿੰਘ ਝੀਂਡਾ ਧੜਾ ਵੱਡਾ ਗਰੁੱਪ ਬਣਕੇ ਉਭਰਿਆ ਹੈ ਜਿੰਨਾ ਨੇ ਹਰਿਆਣਾ ਪੰਥਕ ਦਲ ਦੇ ਬੈਨਰ ਹੇਠ ਚੋਣਾਂ ਲੜੀਆਂ ਜਦਕਿ ਦੀਦਾਰ ਸਿੰਘ ਨਲਵੀਂ ਵੱਲੋਂ ਸਿੱਖ ਸਮਾਜ ਸੰਸਥਾ, ਬਲਜੀਤ ਸਿੰਘ ਦਾਦੂਵਾਲ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅਜਾਦ) ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁੜੇ ਬਲਦੇਵ ਸਿੰਘ ਕਿਆਮਪੁਰੀ ਵੱਲੋਂ ਹਰਿਆਣਾ ਸਿੱਖ ਪੰਥਕ ਦਲ ਦੇ ਨਾਂ ਹੇਠ ਚੋਣਾਂ ਲੜੀਆਂ ਗਈਆਂ। ਕੁੱਲ 22 ਸੀਟਾਂ ਅਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਹਨ। ਉਸ ਤੋਂ ਬਾਅਦ ਝੀਂਡਾ ਗਰੁੱਪ ਦੇ ਉਮੀਦਵਾਰ ਜੇਤੂ ਰਹੇ, ਜਿਨ੍ਹਾਂ ਨੇ 11 ਸੀਟਾਂ ਜਿੱਤੀਆਂ। ਨਲਵੀ ਗਰੁੱਪ ਤੇ ਹਰਿਆਣਾ ਸਿੱਖ ਪੰਥਕ ਦਲ ਦੇ ਉਮੀਦਵਾਰ ਕੁਝ ਸੀਟਾਂ ‘ਤੇ ਜਿੱਤੇ ਹਨ। ਬਲਜੀਤ ਸਿੰਘ ਦਾਦੂਵਾਲ ਧੜੇ ਨਾਲ ਸੰਬੰਧਿਤ ਜ਼ਿਆਦਾਤਰ ਉਮੀਦਵਾਰ ਚੋਣਾਂ ਹਾਰ ਗਏ।
ਹਰਿਆਣਾ ਦੇ 22 ਜ਼ਿਲਿਆਂ ਵਿੱਚ ਬਣੇ ਕਰੀਬ 4 ਲੱਖ ਵੋਟਰਾਂ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਕੁੱਲ 49 ਸੀਟਾਂ ਵਿਚੋਂ 40 ਹਲਕਿਆਂ ਵਿਚ ਵੋਟਾਂ ਰਾਹੀਂ ਉਮੀਦਵਾਰ ਚੁਣੇ ਜਾਣੇ ਹਨ ਜਦਕਿ 9 ਮੈਂਬਰਾਂ ਨੂੰ ਚੁਣੇ ਹੋਏ ਮੈਂਬਰਾਂ ਵੱਲੋਂ ਸਰਕਾਰ ਦੀ ਸਹਾਇਤਾ ਨਾਲ ਨਾਮਜਦ ਕੀਤਾ ਜਾਣਾ ਹੈ। ਇੰਨਾਂ ਚੋਣਾਂ ਵਿੱਚ ਕੁਲ 340 ਪੋਲਿੰਗ ਬੂਥਾਂ ਉੱਤੇ ਵੋਟਾਂ ਪਈਆਂ ਅਤੇ ਕੁੱਲ 164 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਲਈ ਚੋਣ ਮੈਦਾਨ ਵਿੱਚ ਸਨ।
ਜਿਕਰਯੋਗ ਹੈ ਕਿ ਟੋਹਾਣਾ ਵਾਰਡ ਤੋਂ ਇੱਕ ਮਹਿਲਾ ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਚੁਣੀ ਜਾ ਚੁੱਕੀ ਹੈ। ਸਾਬਕਾ ਪ੍ਰਧਾਨ ਝੀਂਡਾ ਅਸੰਧ ਸੀਟ ਤੋਂ, ਸਿੱਖ ਸਮਾਜ ਸੰਸਥਾ ਦੇ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਸ਼ਾਹਬਾਦ ਤੇ ਹਰਿਆਣਾ ਸਿੱਖ ਪੰਥਕ ਦਲ ਦੇ ਪ੍ਰਧਾਨ ਬਲਦੇਵ ਸਿੰਘ ਕਾਇਮਪੁਰੀ ਨੇ ਬਿਲਾਸਪੁਰ ਤੋਂ ਚੋਣ ਜਿੱਤੀ ਹੈ। ਦੂਜੇ ਪਾਸੇ ਹਰਿਆਣਾ ਗੁਰਦੁਆਰਾ ਕਮੇਟੀ ਦੇ ਸਾਬਕਾ ਉਪ-ਪ੍ਰਧਾਨ ਬਾਬਾ ਗੁਰਮੀਤ ਸਿੰਘ ਤਿਰਲੋਕੇਵਾਲਾ ਰੋੜੀ ਹਲਕੇ ਤੋਂ ਚੋਣ ਹਾਰ ਗਏ। ਹਰਿਆਣਾ ਗੁਰਦੁਆਰਾ ਕਮੇਟੀ ਦੀ ਸਾਬਕਾ ਸੰਯੁਕਤ ਸਕੱਤਰ ਬੀਬੀ ਰਵਿੰਦਰ ਕੌਰ ਅਜਰਾਣਾ ਥਾਨੇਸਰ ਤੋਂ ਹਾਰ ਗਏ।
ਪੜ੍ਹੋ ਗੁਰਦੁਆਰਾ ਚੋਣਾਂ ਦੇ ਪੂਰੇ ਨਤੀਜੇ –
ਹਰਿਆਣਾ ਗੁਰਦੁਆਰਾ ਚੋਣਾਂ ਦੇ ਨਤੀਜਿਆਂ ਅਨੁਸਾਰ, ਜਿਨ੍ਹਾਂ ਵਾਰਡਾਂ ‘ਚ ਆਜ਼ਾਦ ਉਮੀਦਵਾਰਾਂ ਨੇ ਚੋਣਾਂ ਜਿੱਤੀਆਂ, ਉਨ੍ਹਾਂ ‘ਚ ਵਾਰਡ ਨੰਬਰ 1 ਕਾਲਕਾ ਤੋਂ ਗੁਰਮੀਤ ਸਿੰਘ, ਵਾਰਡ ਨੰਬਰ 2 ਪੰਚਕੂਲਾ ਤੋਂ ਸਵਰਨ ਸਿੰਘ, ਵਾਰਡ ਨੰਬਰ 4 ਬਰਾੜਾ ਤੋਂ ਰਾਜਿੰਦਰ ਸਿੰਘ, ਵਾਰਡ ਨੰ. 7 ਨਾਗਲ, ਵਾਰਡ ਨੰ. 8 ਰਾਦੌਰ ਤੋਂ ਗੁਰਬੀਰ ਸਿੰਘ ਛੀਨਾ, ਵਾਰਡ ਨੰ. 15 ਥਾਨੇਸਰ ਤੋਂ ਹਰਮਨਪ੍ਰੀਤ ਸਿੰਘ, ਵਾਰਡ ਨੰ. 19 ਕਰਨਾਲ ਤੋਂ ਪਲਵਿੰਦਰ ਸਿੰਘ, ਵਾਰਡ ਨੰ. 21 ਕੰਗਥਲੀ ਤੋਂ ਬਲਵਿੰਦਰ ਸਿੰਘ, ਵਾਰਡ ਨੰ. 25 ਤੋਂ ਅਮਨਪ੍ਰੀਤ ਕੌਰ ਟੋਹਾਣਾ, ਵਾਰਡ ਨੰ.-27 ਫਤਿਹਾਬਾਦ ਤੋਂ ਕਰਮਜੀਤ ਸਿੰਘ, ਵਾਰਡ ਨੰ. 28 ਰਤੀਆ ਤੋਂ ਇਕਬਾਲ ਸਿੰਘ, ਵਾਰਡ ਨੰ. 29 ਹਿਸਾਰ ਤੋਂ ਬਲਵਿੰਦਰ ਸਿੰਘ, ਵਾਰਡ ਨੰ. 30 ਡੱਬਵਾਲੀ ਤੋਂ ਕੁਲਦੀਪ ਸਿੰਘ, ਵਾਰਡ ਨੰ. 31 ਰਾਣੀਆ ਤੋਂ ਹਰਜੀਤ ਸਿੰਘ, ਵਾਰਡ ਨੰ. 32 ਏਲਨਾਬਾਦ ਤੋਂ ਗੁਰਪਾਲ ਸਿੰਘ, ਵਾਰਡ ਨੰ. 33 ਸਿਰਸਾ ਤੋਂ ਗੁਰਮੀਤ ਸਿੰਘ, ਵਾਰਡ ਨੰ. 34 ਨੱਥੂਸ਼੍ਰੀ ਚੌਪਟਾ ਤੋਂ ਪ੍ਰਕਾਸ਼ ਸਿੰਘ, ਵਾਰਡ ਨੰਬਰ-35 ਕਾਲਾਂਵਾਲੀ ਤੋਂ ਬਿੰਦਰ ਸਿੰਘ, ਵਾਰਡ ਨੰਬਰ-36 ਰੋੜੀ ਤੋਂ ਕੁਲਦੀਪ ਸਿੰਘ, ਵਾਰਡ ਨੰਬਰ-37 ਬੜਾ ਗੁੱਢਾ ਤੋਂ ਅੰਮਿ੍ਤਪਾਲ ਸਿੰਘ, ਵਾਰਡ ਨੰਬਰ-38 ਪਿਪਲੀ ਤੋਂ ਜਗਤਾਰ ਸਿੰਘ, ਵਾਰਡ ਨੰਬਰ-39 ਗੁਰੂਗ੍ਰਾਮ ਤੋਂ ਤੇਜਿੰਦਰਪਾਲ ਸਿੰਘ ਚੋਣ ਜਿੱਤੇ।
ਝੀਂਡਾ ਗਰੁੱਪ ਤੋਂ ਚੁਣੇ ਗਏ ਮੈਂਬਰਾਂ ‘ਚ ਵਾਰਡ ਨੰਬਰ 9 ਜਗਾਧਰੀ ਤੋਂ ਜੋਗਾ ਸਿੰਘ, ਵਾਰਡ ਨੰਬਰ 11 ਪਿਹੋਵਾ ਤੋਂ ਕੁਲਦੀਪ ਸਿੰਘ ਮੁਲਤਾਨੀ, ਵਾਰਡ ਨੰਬਰ 12 ਮੁਰਤਜ਼ਾਪੁਰ ਤੋਂ ਇੰਦਰਜੀਤ ਸਿੰਘ, ਵਾਰਡ ਨੰਬਰ 16 ਨੀਲੋਖੇੜੀ ਤੋਂ ਕਪੂਰ ਕੌਰ, ਵਾਰਡ ਨੰਬਰ- 17 ਨੀਸਿੰਗ ਤੋਂ ਗੁਰਨਾਮ ਸਿੰਘ ਲਾਡੀ, ਵਾਰਡ ਨੰਬਰ 18 ਅਸੰਧ ਤੋਂ ਜਗਦੀਸ਼ ਸਿੰਘ ਝੀਂਡਾ, ਵਾਰਡ ਨੰਬਰ 20 ਮੇਜਰ ਸਿੰਘ, ਵਾਰਡ ਨੰਬਰ 22 ਕੈਥਲ ਤੋਂ ਬਲਦੇਵ ਸਿੰਘ, ਵਾਰਡ ਨੰਬਰ 23 ਜੀਂਦ ਤੋਂ ਮੋਹਨਜੀਤ ਸਿੰਘ, ਵਾਰਡ ਨੰਬਰ 24 ਜੀਂਦ ਸਿੰਘ ਤੋਂ ਕਰਨੈਲ ਸਿੰਘ, ਵਾਰਡ ਨੰਬਰ 26, ਰਤਨਗੜ੍ਹ ਤੋਂ ਕਾਕਾ ਸਿੰਘ ਸ਼ਾਮਿਲ ਹਨ।
ਹਰਿਆਣਾ ਸਿੱਖ ਪੰਥਕ ਦਲ ਦੇ ਬੈਨਰ ਹੇਠ ਚੋਣ ਲੜਨ ਵਾਲੇ ਉਮੀਦਵਾਰਾਂ ‘ਚ ਵਾਰਡ ਨੰਬਰ 3 ਨਰਾਇਣਗੜ੍ਹ ਤੋਂ ਗੁਰਜੀਤ ਸਿੰਘ ਧਮੋਲੀ, ਵਾਰਡ ਨੰਬਰ 10 ਬਿਲਾਸਪੁਰ ਤੋਂ ਬਲਦੇਵ ਸਿੰਘ, ਵਾਰਡ ਨੰਬਰ 14 ਲਾਡਵਾ ਤੋਂ ਜਸਬੀਰ ਕੌਰ ਮਾਨਸਾ, ਵਾਰਡ ਨੰਬਰ-40 ਫਰੀਦਾਬਾਦ ਤੋਂ ਰਵਿੰਦਰ ਸਿੰਘ ਸ਼ਾਮਿਲ ਹਨ।
ਨਲਵੀ ਗਰੁੱਪ ਤੋਂ ਜਿੱਤਣ ਵਾਲੇ ਉਮੀਦਵਾਰਾਂ ‘ਚ ਵਾਰਡ ਨੰਬਰ 5 ਅੰਬਾਲਾ ਛਾਉਣੀ ਤੋਂ ਰੁਪਿੰਦਰ ਸਿੰਘ ਪੰਜੋਖਰਾ, ਵਾਰਡ ਨੰਬਰ 6 ਅੰਬਾਲਾ ਸ਼ਹਿਰ ਤੋਂ ਗੁਰਤੇਜ ਸਿੰਘ, ਵਾਰਡ ਨੰਬਰ 13 ਸ਼ਾਹਬਾਦ ਤੋਂ ਦੀਦਾਰ ਸਿੰਘ ਨਲਵੀ ਸ਼ਾਮਿਲ ਹਨ।
ਸ਼੍ਰੋਮਣੀ ਅਕਾਲੀ ਦਲ ਵਲੋਂ 18 ਸੀਟਾਂ ਜਿੱਤਣ ਦਾ ਦਾਅਵਾ
ਉਧਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਐਕਸ ਤੇ ਕਿਹਾ ਹੈ ਕਿ ਹਰਿਆਣਾ ਸਰਕਾਰ ਵੱਲੋਂ ਪੈਦਾ ਕੀਤੀਆਂ ਗਈਆਂ ਸਾਰੀਆਂ ਰੁਕਾਵਟਾਂ ਦੇ ਬਾਵਜੂਦ, ਸ਼੍ਰੋਮਣੀ ਅਕਾਲੀ ਦਲ ਅਤੇ ਇਸਦੇ ਗੱਠਜੋੜ ਭਾਈਵਾਲਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚਐੱਸਜੀਪੀਸੀ) ਦੀਆਂ ਚੋਣਾਂ ਦੌਰਾਨ 18 ਸੀਟਾਂ ਜਿੱਤ ਲਈਆਂ ਹਨ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਇੱਕ ਰਾਜਨੀਤਿਕ ਪਾਰਟੀ ਵਜੋਂ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਸ ਲਈ ਇਸਦੇ ਉਮੀਦਵਾਰਾਂ ਨੂੰ ਹਰਿਆਣਾ ਸਿੱਖ ਪੰਥਕ ਦਲ ਦੇ ਨਾਮ ‘ਤੇ ਇੱਕ ਧਾਰਮਿਕ ਗਰੁੱਪ ਬਣਾਉਣਾ ਪਿਆ ਜਿਸਨੂੰ “ਢੋਲ” ਦਾ ਇੱਕ ਨਵਾਂ ਚੋਣ ਨਿਸ਼ਾਨ ਦਿੱਤਾ ਗਿਆ ਸੀ। ਇਸ ਗਰੁੱਪ ਨੇ ਇਸ ਚੋਣ ਨਿਸ਼ਾਨ ‘ਤੇ 6 ਸੀਟਾਂ ਜਿੱਤੀਆਂ ਹਨ ਅਤੇ ਇਸਦੇ ਸਮਰਥਕ ਉਮੀਦਵਾਰਾਂ ਨੇ ਵੱਖ-ਵੱਖ ਚੋਣ ਨਿਸ਼ਾਨਾਂ ‘ਤੇ ਆਜ਼ਾਦ ਉਮੀਦਵਾਰਾਂ ਵਜੋਂ 12 ਹੋਰ ਸੀਟਾਂ ਜਿੱਤੀਆਂ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਸਾਰਿਆਂ ਨਾਲ ਪ੍ਰੀ-ਪੋਲ ਐਡਜਸਟਮੈਂਟ ਕੀਤੀ ਸੀ। ਡਾਕਟਰ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ ਹੈ ਅਤੇ ਹਰਿਆਣਾ ਸਿੱਖ ਸੰਗਤ ਦਾ ਦਿਲੋਂ ਸਮਰਥਨ ਦੇਣ ਲਈ ਧੰਨਵਾਦ ਵੀ ਕੀਤਾ ਹੈ।
ਜੇਤੂ ਮੈਂਬਰ ਕਰਨਗੇ ਪ੍ਰਧਾਨ ਸਣੇ 9 ਅਹੁਦੇਦਾਰਾਂ ਦੀ ਚੋਣ
ਐੱਚਐੱਸਜੀਪੀਸੀ ਚੋਣਾਂ ਵਿੱਚ ਚੁਣੇ ਗਏ ਮੈਂਬਰਾਂ ਵੱਲੋਂ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਨਵੇਂ ਚੁਣੇ 40 ਮੈਂਬਰਾਂ ਵਲੋਂ 9 ਮੈਂਬਰ ਨਾਮਜ਼ਦ ਕੀਤੇ ਜਾਣਗੇ, ਜਿਨ੍ਹਾਂ ਵਿੱਚ ਦੋ ਬੀਸੀ, ਦੋ ਐੱਸਸੀ, ਦੋ ਔਰਤਾਂ ਅਤੇ ਤਿੰਨ ਜਨਰਲ ਮੈਂਬਰ ਸ਼ਾਮਲ ਹੋਣਗੇ। ਕਮੇਟੀ ਦੇ ਨਵੇਂ ਚੁਣੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਸੂਬੇ ਦੇ 51 ਗੁਰਦੁਆਰਿਆਂ ਦਾ ਪ੍ਰਬੰਧ ਅਤੇ ਸਮਾਜਿਕ ਤੇ ਮੈਡੀਕਲ ਸੰਸਥਾਵਾਂ ਦਾ ਕੰਮਕਾਜ ਚਲਾਇਆ ਜਾਵੇਗਾ।