ਕੋਲਹਾਪੁਰ, 1 ਦਸੰਬਰ 2024 (ਫਤਿਹ ਪੰਜਾਬ) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਨਵੀਂ ਦਿੱਲੀ ਵਿਚ ਹੋਈ ਮੀਟਿੰਗ ਤੋਂ ਬਾਅਦ ਮਹਾਰਾਸ਼ਟਰ ਦੇ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੇ ਨਿਰਾਸ਼ ਹੋਣ ਜਾਂ ਨਾ ਹੋਣ ਨੂੰ ਲੈ ਕੇ ਬਣੀ ਦੁਬਿਧਾ ਅਜੇ ਦੂਰ ਨਹੀਂ ਹੋਈ ਪਰ ਡਾਕਟਰਾਂ ਮੁਤਾਬਕ ਸ਼ਿਵ ਸੈਨਾ ਮੁਖੀ ਸ਼ਿੰਦੇ ਦੀ ਸਿਹਤ ਇਸ ਵੇਲੇ ਅੱਛੀ ਨਹੀਂ ਹੈ। ਦੱਸ ਦੇਈਏ ਕਿ ਸ਼ਿੰਦੇ ਆਪਣੀਆਂ ਨਿਰਧਾਰਤ ਮੀਟਿੰਗਾਂ ਰੱਦ ਕਰਕੇ ਸ਼ੁੱਕਰਵਾਰ ਨੂੰ ਸਤਾਰਾ ਵਿੱਚ ਆਪਣੇ ਜੱਦੀ ਪਿੰਡ ਡੇਰੇ ਟੁੰਬ ਪਹੁੰਚੇ ਸਨ ਜਿੱਥੇ ਉਸ ਦੀ ਤਬੀਅਤ ਵਿਗੜ ਗਈ ਹੈ ਅਤੇ ਉਸ ਨੂੰ ਡਾਕਟਰੀ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ।
ਇਹ ਖਬਰ ਸ਼ਿਵ ਸੈਨਾ ਦੇ ਨੇਤਾ ਸੰਜੇ ਸ਼ਿਰਸ਼ਾਤ ਵੱਲੋਂ ਸ਼ਨੀਵਾਰ ਨੂੰ ਇਹ ਖੁਲਾਸਾ ਕਰਨ ਤੋਂ ਕੁਝ ਘੰਟਿਆਂ ਬਾਅਦ ਆਈ ਹੈ ਕਿ ਸ਼ਿੰਦੇ ਵੱਲੋਂ ਅਗਲੇ 24 ਘੰਟਿਆਂ ਦੇ ਅੰਦਰ ਇੱਕ ਵੱਡਾ ਸਿਆਸੀ ਫੈਸਲਾ ਲੈਣ ਦੀ ਉਮੀਦ ਹੈ ਕਿਉਂਕਿ ਮਹਾਯੁਤੀ ਸ਼ਾਸਿਤ ਰਾਜ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਇਸ ‘ਤੇ ਦੁਬਿਧਾ ਵਧ ਗਈ ਹੈ।
ਸਤਾਰਾ ਦੇ ਸਿਵਲ ਸਰਜਨ, ਡਾ: ਯੁਵਰਾਜ ਕਾਰਪੇ ਨੇ ਕਿਹਾ ਕਿ ਸੀਐਮ ਸ਼ਿੰਦੇ ਨੂੰ ਸਾਹ ਦੀ ਨਾਲੀ ਦੀ ਲਾਗ ਹੈ। ਨਾਲੇ ਬੁਖਾਰ, ਤੇ ਕਮਜ਼ੋਰੀ ਦੇ ਨਾਲ-ਨਾਲ ਗਲੇ ਵਿੱਚ ਖਾਰਸ਼ ਵੀ ਹੈ।
ਸ਼ਿੰਦੇ ਦੀ ਸਿਹਤ ਵਿਗੜਨ ਦੇ ਕਾਰਨਾਂ ਬਾਰੇ ਪੁੱਛੇ ਜਾਣ ‘ਤੇ ਡਾਕਟਰ ਕਾਰਪੇ ਨੇ ਕਿਹਾ, ਮੁੱਖ ਮੰਤਰੀ ਨੇ ਪਿਛਲੇ ਮਹੀਨੇ ਬਹੁਤ ਯਾਤਰਾ ਕੀਤੀ ਅਤੇ ਇੱਥੇ ਆ ਕੇ ਆਪਣੇ ਖੇਤ ਵਿੱਚ ਕੰਮ ਵੀ ਕੀਤਾ, ਜਿਸ ਕਰਕੇ ਬਹੁਤ ਜ਼ਿਆਦਾ ਥਕਾਵਟ ਹੋਈ ਹੈ। ਕਮਜ਼ੋਰੀ ਕਾਰਨ ਉਨ੍ਹਾਂ ਨੂੰ ਅਗਲੇ ਦੋ ਦਿਨ ਆਰਾਮ ਕਰਨ ਦਾ ਸੁਝਾਅ ਦਿੱਤਾ ਹੈ।