ਚੰਡੀਗੜ੍ਹ, 20 ਨਵੰਬਰ, 2025 (ਫਤਹਿ ਪੰਜਾਬ ਬਿਊਰੋ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਦਖ਼ਲ ਤੋਂ ਬਾਅਦ ਸਿੱਖ ਇਤਿਹਾਸ ਅਤੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ‘ਤੇ ਬਣੀ ਪਰ ਬੇਸਬਰੀ ਨਾਲ ਇੰਤਜ਼ਾਰ ਕੀਤੀ ਜਾ ਰਹੀ ਇੱਕ ਐਨੀਮੇਟਡ ਫਿਲਮ ਨੂੰ ਸਿੱਖੀ ਸਿਧਾਂਤਾਂ ਦੇ ਉਲਟ ਹੋਣ ਕਾਰਨ ਰੋਕ ਦਿੱਤਾ ਗਿਆ ਹੈ। “ਹਿੰਦ ਦੀ ਚਾਦਰ – ਗੁਰੂ ਲਾਧੋ ਰੇ” ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਹੈ ਕਿ ਫਿਲਮ ਦੇ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ ਜੋ ਕਿ ਪਹਿਲਾਂ 21 ਨਵੰਬਰ ਸ਼ੁੱਕਰਵਾਰ ਨੂੰ ਰਿਲੀਜ ਹੋਣੀ ਸੀ। ਇਹ ਫੈਸਲਾ ਸਿੱਖਾਂ ਦੇ ਸਰਵਉੱਚ ਅਸਥਾਨ ਦੇ ਇਸ ਆਦੇਸ਼ ਦੇ ਬਾਅਦ ਆਇਆ ਹੈ ਜਿਸ ਵਿੱਚ ਫਿਲਮ ਦੀ ਸੱਚਾਈ ਅਤੇ ਧਾਰਮਿਕ ਰਵਾਇਤਾਂ ਦੀ ਪਾਲਣਾ ਨੂੰ ਲੈ ਕੇ ਚਿੰਤਾ ਜਤਾਈ ਗਈ ਸੀ।
ਐਸ.ਜੀ.ਪੀ.ਸੀ. ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇੱਕ ਅੰਦਰੂਨੀ ਸਮੀਖਿਆ ਕਮੇਟੀ ਦੁਆਰਾ ਗੰਭੀਰ ਇਤਿਹਾਸਕ ਅਤੇ ਵਿਚਾਰਧਾਰਕ ਗਲਤੀਆਂ ਨੂੰ ਸਾਹਮਣੇ ਲਿਆਉਣ ਤੋਂ ਬਾਅਦ ਫਿਲਮ ਦੇ ਰਿਲੀਜ਼ ਨੂੰ ਰੋਕਣ ਦਾ ਸਪਸ਼ਟ ਆਦੇਸ਼ ਜਾਰੀ ਕੀਤਾ ਹੈ। ਮੰਨਣ ਨੇ ਕਿਹਾ ਕਿ ਐਨੀਮੇਸ਼ਨ ਦੇ ਮਾਧਿਅਮ ਰਾਹੀਂ ਗੁਰੂ ਸਾਹਿਬਾਨ ਦਾ ਚਿੱਤਰਣ ਸਿੱਖ ਸਿਧਾਂਤਾਂ ਦੇ ਖਿਲਾਫ਼ ਹੈ ਅਤੇ ਫ਼ਿਲਮਾਂ ਦੇ ਨਿਰਮਾਣ ਲਈ ਅਕਾਲ ਤਖ਼ਤ ਸਾਹਿਬ ਵੱਲੋਂ ਤੈਅ ਕੀਤੇ ਗਏ ਨਿਰਦੇਸ਼ਾਂ ਤੇ ਮਾਪਦੰਡਾਂ ਦੀ ਉਲੰਘਣਾ ਹੈ। ਉਨ੍ਹਾਂ ਨੇ ਫਿਲਮ ਨਿਰਮਾਤਾਵਾਂ ‘ਤੇ ਜ਼ੋਰ ਦਿੱਤਾ ਕਿ ਉਹ ਸਿੱਖ ਭਾਵਨਾਵਾਂ ਦਾ ਆਦਰ ਕਰਨ ਅਤੇ ਇਸ ਨਿਰਦੇਸ਼ ਦੀ ਪਾਲਣਾ ਕਰਨ।
ਹਾਲਾਂਕਿ ਫਿਲਮ ਦੇ ਨਿਰਮਾਤਾਵਾਂ ਨੇ ਉਠਾਏ ਗਏ ਮੁੱਦਿਆਂ ਨੂੰ ਦੂਰ ਕਰਨ ਦੀ ਆਸ ਜਤਾਈ ਹੈ ਪਰ ਉਨ੍ਹਾਂ ਨੇ ਫ਼ਿਲਮ ਰਿਲੀਜ਼ ਦੀ ਕੋਈ ਨਵੀਂ ਤਾਰੀਖ ਦਾ ਐਲਾਨ ਨਹੀਂ ਕੀਤਾ। ਐਸ.ਜੀ.ਪੀ.ਸੀ. ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਗੁਰੂ ਸਾਹਿਬਾਨ ਦਾ ਕੋਈ ਵੀ ਚਿੱਤਰਣ ਸੱਚਾਈ, ਪਵਿੱਤਰਤਾ ਅਤੇ ਸਿੱਖ ਮਰਯਾਦਾ ਅਨੁਸਾਰ ਯਕੀਨੀ ਬਣਾਉਣ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

error: Content is protected !!