ਨਵੀਂ ਦਿੱਲੀ 10 ਅਗਸਤ 2024 (ਫਤਿਹ ਪੰਜਾਬ) ਕਾਂਸੀ ਦਾ ਤਗਮਾ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਦਾ ਸ਼ਨੀਵਾਰ ਨੂੰ ਦਿੱਲੀ ਪਹੁੰਚਣ ਉੱਤੇ ਕਾਫੀ ਧੂਮ-ਧਾਮ ਅਤੇ ਢੋਲ-ਢਮੱਕਿਆਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ। ਯਾਦ ਰਹੇ ਕਿ ਭਾਰਤ ਨੇ ਪੈਰਿਸ ਓਲੰਪਿਕ 2024 ਵਿੱਚ ਪਲੇਆਫ ਮੈਚ ਵਿੱਚ ਸਪੇਨ ਨੂੰ 2-1 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਹੈ। ਓਲੰਪਿਕ ਵਿੱਚ ਭਾਰਤ ਦਾ ਇਹ ਲਗਾਤਾਰ ਦੂਜਾ ਅਤੇ 44 ਸਾਲਾਂ ਵਿੱਚ ਦੂਜਾ ਕਾਂਸੀ ਦਾ ਤਗ਼ਮਾ ਸੀ।
ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ ਹਾਕੀ ਖਿਡਾਰੀਆਂ ਦਾ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਹਾਰਾਂ ਅਤੇ ਢੋਲ ਦੇ ਡੱਗੇ ਨਾਲ ਸਵਾਗਤ ਕੀਤਾ ਗਿਆ। ਕੁਝ ਖਿਡਾਰੀਆਂ ਨੇ ਏਅਰਪੋਰਟ ਦੇ ਬਾਹਰ ਭੰਗੜਾ ਪਾ ਕੇ ਆਪਣੀ ਘਰ ਵਾਪਸੀ ਦਾ ਜਸ਼ਨ ਮਨਾਇਆ।
ਤਗਮਾ ਜਿੱਤਣ ਤੋਂ ਬਾਅਦ ਸੰਨਿਆਸ ਲੈਣ ਵਾਲਾ ਤਜਰਬੇਕਾਰ ਗੋਲਕੀਪਰ ਪੀਆਰ ਸ਼੍ਰੀਜੇਸ਼ ਪੈਰਿਸ ਵਿੱਚ ਹੀ ਹੈ ਕਿਉਂਕਿ ਉਹ ਸਮਾਪਤੀ ਸਮਾਰੋਹ ਮੌਕੇ ਮਨੂ ਭਾਕਰ ਦੇ ਨਾਲ ਭਾਰਤ ਦਾ ਸਾਂਝਾ ਝੰਡਾਬਰਦਾਰ ਹੋਵੇਗਾ। ਇਸ ਤੋਂ ਇਲਾਵਾ ਅਮਿਤ ਰੋਹੀਦਾਸ, ਰਾਜ ਕੁਮਾਰ ਪਾਲ, ਅਭਿਸ਼ੇਕ, ਸੁਖਜੀਤ ਸਿੰਘ ਅਤੇ ਸੰਜੇ ਵੀ ਪੈਰਿਸ ਵਿੱਚ ਹੀ ਰੁਕੇ ਹੋਏ ਹਨ।
ਹਰਮਨਪ੍ਰੀਤ ਨੇ ਮੀਡੀਆ ਨੂੰ ਕਿਹਾ, “ਸਾਨੂੰ ਪੂਰਾ ਸਮਰਥਨ ਮਿਲਿਆ ਹੈ ਅਤੇ ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਹੋਈਆਂ। ਮੈਂ ਸੱਚਮੁੱਚ ਸਭਦਾ ਧੰਨਵਾਦ ਕਰਦਾ ਹਾਂ… ਅਸੀਂ ਬਹੁਤ ਖੁਸ਼ ਅਤੇ ਮਾਣ ਮਹਿਸੂਸ ਕਰ ਰਹੇ ਹਾਂ”। ਹਰਮਨਪ੍ਰੀਤ ਨੇ ਕਿਹਾ ਕਿ ਹਾਕੀ ਲਈ ਇਹ ਵੱਡੀ ਪ੍ਰਾਪਤੀ ਹੈ। ਹਾਕੀ ‘ਤੇ ਜਿਸ ਤਰਾਂ ਪਿਆਰ ਦੀ ਵਰਖਾ ਹੋ ਰਹੀ ਹੈ, ਉਸ ਨਾਲ ਸਾਡੀ ਜ਼ਿੰਮੇਵਾਰੀ ਦੁੱਗਣੀ ਹੋ ਗਈ ਹੈ। ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਕਿ ਜਦੋਂ ਵੀ ਅਸੀਂ ਮੈਦਾਨ ਵਿੱਚ ਉਤਰੀਏ ਤਾਂ ਤਮਗਾ ਲੈ ਕੇ ਹੀ ਵਾਪਸੀ ਕਰੀਏ।” ਯਾਦ ਰਹੇ ਕਿ ਹਰਮਨਪ੍ਰੀਤ ਨੇ ਇਸ ਉਲੰਪਿਕ ਵਿੱਚ 10 ਗੋਲ ਕੀਤੇ।
ਬਾਅਦ ਵਿੱਚ ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਵੱਲੋਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਮੰਡਵੀਆ ਨੇ ਟੀਮ ਦੇ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਸ਼ਵ ਪੱਧਰ ‘ਤੇ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਪੂਰੇ ਦੇਸ਼ ਨੇ ਮਾਣ ਮਹਿਸੂਸ ਕੀਤਾ ਹੈ – ਇਹ ਸਫਲਤਾ ਸਾਡੀ ਟੀਮ ਦੁਆਰਾ ਦਿਖਾਈ ਗਈ ਸਖ਼ਤ ਮਿਹਨਤ ਦਾ ਪ੍ਰਤੀਕ ਹੈ, ਤੁਸੀਂ ਦੁਨੀਆ ਨੂੰ ਦਿਖਾਇਆ ਹੈ ਕਿ ਦ੍ਰਿੜਤਾ ਅਤੇ ਮਿਹਨਤ ਨਾਲ ਕੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਭਾਰਤੀ ਟੀਮ ਅੱਜ ਰਾਜਧਾਨੀ ਦੇ ਮੇਜਰ ਧਿਆਨਚੰਦ (major dhyan chand) ਨੈਸ਼ਨਲ ਸਟੇਡੀਅਮ (national stadium) ਜਾ ਕੇ ਹਾਕੀ ਦੇ ਜਾਦੂਗਰ ਦੇ ਬੁੱਤ ਅੱਗੇ ਨਤਮਸਤਕ ਵੀ ਹੋਈ ਤੇ ਬੁੱਤ ‘ਤੇ ਫੁੱਲ ਚੜ੍ਹਾਏ। ਫਿਰ ਮੈਡਲਾਂ ਨਾਲ ਫੋਟੋ ਖਿਚਵਾਈ।
ਦੱਸ ਦੇਈਦੇ ਕਿ ਇਸ ਤੋਂ ਪਹਿਲਾਂ ਭਾਰਤ ਨੇ 1968 ਅਤੇ 1972 ਵਿੱਚ ਲਗਾਤਾਰ ਦੋ ਵਾਰ ਉਲੰਪਿਕ ਸੋਨ ਤਗਮੇ ਜਿੱਤੇ ਸਨ। ਇਸ ਪਿੱਛੋਂ ਭਾਰਤ ਨੇ 52 ਸਾਲਾਂ ਬਾਅਦ ਓਲੰਪਿਕ ਖੇਡਾਂ ਵਿੱਚ ਲਗਾਤਾਰ ਦੋ ਵਾਰ ਕਾਂਸੀ ਦੇ ਤਗਮੇ ਜਿੱਤੇ ਹਨ। ਯਾਦ ਰਹੇ ਕਿ ਭਾਰਤ ਨੇ ਚਾਰ ਦਹਾਕਿਆਂ ਬਾਅਦ ਟੋਕੀਓ ਓਲੰਪਿਕ-2020 ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ ਅਤੇ ਇਸ ਵਾਰ ਵੀ ਉਸੇ ਤਰਾਂ ਦਾ ਪ੍ਰਦਰਸ਼ਨ ਜਾਰੀ ਰੱਖਿਆ ਹੈ।