ਚੰਡੀਗੜ੍ਹ 14 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ Haryana Sikh Gurdwara Management Committee (HSGMC) ਮੈਂਬਰਾਂ ਦੀ 2 ਫ਼ਰਵਰੀ ਦੀ ਮੀਟਿੰਗ ਰੱਦ ਤੋਂ ਬਾਅਦ ਹੁਣ 14 ਫ਼ਰਵਰੀ ਨੂੰ ਪੰਚਕੂਲਾ ਵਿਖੇ ਨਵੇਂ ਚੁਣੇ ਗਏ ਰੱਖੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਗਈ। ਇਸ ਮੀਟਿੰਗ ਵਿੱਚ HSGMC ਦੇ ਨਵੇਂ 9 ਮੈਂਬਰ co-opt ਹੋਣੇ ਸੀ ਪਰ ਇਸ ਸਬੰਧੀ ਸਹਿਮਤੀ ਨਾ ਬਣ ਸਕੀ। ਸਾਰੇ ਧੜਿਆਂ ਦੇ ਨੇਤਾ ਅਤੇ 40 ਚੁਣੇ ਹੋਏ ਮੈਂਬਰ ਪੰਚਕੂਲਾ ਦੇ ਲੋਕ ਨਿਰਮਾਣ ਭਵਨ ਵਿਖੇ ਪੁੱਜੇ ਹੋਏ ਸਨ।
ਮੀਟਿੰਗ ਮੁਲਤਵੀ ਹੋਣ ਬਾਰੇ ਦੱਸਿਆ ਗਿਆ ਹੈ ਕਿ co-option ਜਾਂ ਹੋਰ ਕਾਰਜਾਂ ਬਾਰੇ ਗੁਰਦੁਆਰਾ ਕਮੇਟੀ ਦੇ ਸੰਵਿਧਾਨ ਅਨੁਸਾਰ ਹਾਲੇ ਤੱਕ ਉਪ ਨਿਯਮ ਅਤੇ ਨਿਰਦੇਸ਼ ਨਾ ਬਣੇ ਹੋਣ ਕਰਕੇ ਗੁਰਦੁਆਰਾ ਚੋਣ ਕਮਿਸ਼ਨ ਨੇ ਇਹ ਮੀਟਿੰਗ ਮੁਲਤਵੀ ਕੀਤੀ ਹੈ। ਇਸ ਕਰਕੇ ਹਾਲੇ ਅਗਲੀ ਮੀਟਿੰਗ ਦਾ ਤੈਅ ਹੋਣਾ ਅਨਿਸਚਿਤ ਮੰਨਿਆ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੈਂਬਰਾਂ ਵਿੱਚ ਪ੍ਰਧਾਨ ਅਤੇ ਨਾਮਜ਼ਦ ਕੀਤੇ ਜਾਣ ਵਾਲੇ ਮੈਂਬਰਾਂ ਪ੍ਰਤੀ ਆਪਸੀ ਸਹਿਮਤੀ ਅਤੇ ਇੱਕਮਤ ਨਾ ਹੋਣ ਕਾਰਨ ਹੁਣ ਇਹ ਬੈਠਕ ਮੁੜ ਅਣਸ਼ਚਿਤ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।
ਗੁਰਦੁਆਰਾ ਚੋਣ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੇ ਮੁਲਤਵੀ ਹੋਣ ਮਗਰੋਂ ਅਜਾਦ ਮੈਂਬਰਾਂ ਅਤੇ ਅਕਾਲੀ ਦਲ ਦੇ ਮੈਂਬਰਾਂ ਨੇ ਉੱਥੇ ਪੀਡਬਲਯੂਡੀ ਰੈਸਟ ਹਾਊਸ ਦੇ ਗੇਟ ਨੇੜੇ ਸਰਕਾਰ ਖ਼ਿਲਾਫ਼ ਧਰਨਾ ਦਿੱਤਾ ਅਤੇ ਪ੍ਰਧਾਨ ਦੀ ਚੋਣ ਟਾਲਣ ਵਿਰੁੱਧ ਨਾਅਰੇਬਾਜੀ ਵੀ ਕੀਤੀ। ਉਨ੍ਹਾਂ ਦਾ ਦੋਸ਼ ਸੀ ਕਿ ਜਦੋਂ ਰਾਜ ਦੀ ਸਿੱਖ ਸੰਗਤ ਨੇ 40 ਮੈਂਬਰਾਂ ਦੀ ਚੋਣ ਕਰ ਲਈ ਹੈ ਤਾਂ ਹੁਣ ਅੱਗੇ 9 ਮੈਂਬਰ co-opt ਕਰਨ ਦੀ ਪ੍ਰਕਿਰਿਆ ਸ਼ੁਰੂ ਕਿਉਂ ਨਹੀਂ ਕੀਤੀ ਜਾ ਰਹੀ ਅਤੇ ਪ੍ਰਧਾਨ ਦੀ ਚੋਣ ਕਿਉਂ ਟਾਲੀ ਜਾ ਰਹੀ ਹੈ। ਉੱਨਾਂ ਇਹ ਵੀ ਦੋਸ਼ ਲਾਇਆ ਕਿ ਚੋਣ ਕਮਿਸ਼ਨਰ ਦੇ ਦੱਸਣ ਅਨੁਸਾਰ ਜੇਕਰ ਹਾਲੇ ਤੱਕ ਉਪ ਨਿਯਮ ਨਹੀਂ ਬਣਾਏ ਗਏ ਤਾਂ ਕਮਿਸ਼ਨ ਨੇ ਇਹ ਮੀਟਿੰਗ ਕਿਉਂ ਸੱਦੀ। ਇੱਕ ਮੈਂਬਰ ਦਾ ਤਾਂ ਇੱਥੋਂ ਤੱਕ ਕਹਿਣਾ ਸੀ ਕਿ ਹੁਣ ਤਾਂ ਜਦੋਂ ਭਾਜਪਾ ਚਾਹੇਗੀ ਤਾਂ ਹੀ ਅਗਲੀ ਮੀਟਿੰਗ ਹੋਵੇਗੀ ਕਿਉਂਕਿ ਉਪ ਨਿਯਮ ਬਣਾਉਣੇ ਭਾਜਪਾ ਸਰਕਾਰ ਦੇ ਹੱਥ ਵੱਸ ਵਿੱਚ ਹਨ। ਉੱਨਾਂ ਵਿੱਚੋਂ ਕੁੱਝ ਨੇ ਭਾਜਪਾ ਹਮਾਇਤੀ ਧੜੇ ਵੱਲੋਂ ਪ੍ਰਧਾਨਗੀ ਹਾਸਲ ਕਰਨ ਲਈ horse trading ਹੋਣ ਦਾ ਵੀ ਖ਼ਦਸ਼ਾ ਜ਼ਾਹਰ ਕੀਤਾ।
ਦੱਸ ਦੇਈਏ ਬੀਤੀ 19 ਜਨਵਰੀ ਨੂੰ ਪਹਿਲੀ ਵਾਰ ਹੋਈਆਂ HSGMC ਚੋਣਾਂ ‘ਚ ਕਿਸੇ ਇੱਕ ਧੜੇ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਜਿਸ ਕਾਰਨ ਜੋੜ-ਤੋੜ ਦੀਆਂ ਕੋਸ਼ਿਸ਼ਾਂ ਕਾਫੀ ਸਮੇਂ ਤੋਂ ਜਾਰੀ ਹਨ। ਇਸੇ ਸੰਦਰਭ ਵਿੱਚ ਪੰਥਕ ਦਲ (ਝੀਂਡਾ) ਦੇ ਮੁਖੀ ਅਤੇ HSGMC (Adhoc) ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਸਿੱਖ ਸਮਾਜ ਸੰਸਥਾ ਦੇ ਪ੍ਰਧਾਨ ਅਤੇ ਪੁਰਾਣੀ ਕਮੇਟੀ ਦੇ ਸਾਬਕਾ ਸੀਨੀਅਰ ਉਪ-ਪ੍ਰਧਾਨ ਦੀਦਾਰ ਸਿੰਘ ਨਲਵੀ ਅਤੇ ਉਸ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਬੀਤੀ 9 ਅਤੇ 11 ਫ਼ਰਵਰੀ ਨੂੰ ਪੰਚਕੂਲਾ ਵਿੱਚ ਦੋ ਗੁਪਤ ਮੀਟਿੰਗਾਂ ਕੀਤੀਆਂ ਤਾਂ ਜੋ ਆਜ਼ਾਦ ਮੈਂਬਰਾਂ ਦੀ ਹਮਾਇਤ ਹਾਸਲ ਕਰਕੇ HSGMC ਦੀ ਪ੍ਰਧਾਨਗੀ ਹਾਸਲ ਕੀਤੀ ਜਾ ਸਕੇ।
ਇਨ੍ਹਾਂ ਚੋਣਾਂ ਵਿੱਚ ਝੀਂਡਾ ਅਤੇ ਨਲਵੀ ਆਪੋ-ਆਪਣੀਆਂ ਸੀਟਾਂ ਜਿੱਤਣ ਵਿੱਚ ਕਾਮਯਾਬ ਰਹੇ ਜਦਕਿ ਦਾਦੂਵਾਲ ਚੋਣ ਹਾਰ ਗਏ। ਇਸ ਕਮੇਟੀ ਵਿੱਚ 22 ਆਜ਼ਾਦ ਮੈਂਬਰ, ਪੰਥਕ ਦਲ (ਝੀਂਡਾ) ਦੇ 9, ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਹਰਿਆਣਾ ਸਿੱਖ ਪੰਥਕ ਦਲ ਦੇ 6 ਅਤੇ ਸਿੱਖ ਸਮਾਜ ਸੰਸਥਾ ਦੇ 3 ਮੈਂਬਰ ਜਿੱਤੇ ਹਨ।
ਆਪਣੀ ਸਥਿਤੀ ਮਜ਼ਬੂਤ ਕਰਨ ਲਈ 19 ਆਜ਼ਾਦ ਮੈਂਬਰਾਂ ਨੇ ਆਪਣਾ ‘ਅਕਾਲ ਪੰਥਕ ਮੋਰਚਾ’ ਬਣਾਇਆ ਹੈ ਜਿਸ ਨੂੰ ਸਿੱਖ ਪੰਥਕ ਦਲ ਦੇ 6 ਮੈਂਬਰਾਂ ਦੀ ਵੱਲੋਂ ਹਮਾਇਤ ਦਿੱਤੀ ਗਈ ਹੈ ਜਿਸ ਕਰਕੇ ਇਸ ਮੋਰਚੇ ਕੋਲ ਹੁਣ 25 ਮੈਂਬਰ ਦੱਸੇ ਜਾ ਰਹੇ ਹਨ ਜੋ ਬਹੁਮਤ ਲਈ ਕਾਫੀ ਹਨ।
ਬਹੁਮਤ ਤੋਂ ਵਾਂਝੇ ਨੇਤਾਵਾਂ ਦੀ ਪ੍ਰਤੀਕਿਰਿਆ
ਜਗਦੀਸ਼ ਸਿੰਘ ਝੀਂਡਾ ਦਾ ਕਹਿਣਾ ਹੈ ਕਿ “ਜੇਕਰ ਇਹ ਕੌਮ ਦੀ ਭਲਾਈ ਲਈ ਅਤੇ HSGMC ਅਧੀਨ ਗੁਰਦੁਆਰਿਆਂ ਦੇ ਬਿਹਤਰ ਪ੍ਰਬੰਧ ਚਲਾਉਣ ਵਾਸਤੇ ਹੈ ਤਾਂ ਮੈਨੂੰ ਕਿਸੇ ਨਾਲ ਵੀ ਹੱਥ ਮਿਲਾਉਣ ਵਿੱਚ ਕੋਈ ਦਿੱਕਤ ਨਹੀਂ ਹੈ।”
ਦੀਦਾਰ ਸਿੰਘ ਨਲਵੀ ਨੇ ਵੀ ਇਹੋ ਜਿਹੀ ਭਾਵਨਾ ਪ੍ਰਗਟਾਈ ਅਤੇ ਕਿਹਾ ਕਿ “ਮੇਰੇ ਲਈ ਸਿੱਖ ਕੌਮ ਦੀ ਬਿਹਤਰੀ ਸਭ ਤੋਂ ਵੱਡੀ ਤਰਜੀਹ ਹੈ। ਚੋਣ ਨਤੀਜਿਆਂ ਦੇ ਦਿਨ ਹੀ ਮੈਂ ਆਪਣੇ ਗਰੁੱਪ ਦੀ ਹਮਾਇਤ ਝੀਂਡਾ ਨੂੰ ਦੇਣ ਦੀ ਪੇਸ਼ਕਸ਼ ਕਰ ਦਿੱਤੀ ਸੀ। ਇਸ ਇਲਾਵਾ ਚੋਣ ਨਤੀਜਿਆਂ ਸਬੰਧੀ ਵਿਚਾਰ ਕਰਨ ਲਈ ਮੈਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਵੀ ਮੁਲਾਕਾਤ ਕੀਤੀ ਹੈ।”
ਬਲਜੀਤ ਸਿੰਘ ਦਾਦੂਵਾਲ ਨੇ ਆਪਣੇ ਮਕਸਦ ‘ਤੇ ਜ਼ੋਰ ਦਿੰਦਿਆਂ ਕਿਹਾ ਕਿ “ਜਿਨ੍ਹਾਂ ਨੇ ਹਰਿਆਣਾ ਦੇ ਗੁਰਦੁਆਰਾ ਪ੍ਰਬੰਧਾਂ ਖਾਤਰ ਸਾਡੀ ਲੜਾਈ ਦੀ ਵਿਰੋਧਤਾ ਕੀਤੀ ਸੀ ਉਨ੍ਹਾਂ ਨੂੰ HSGMC ਤੇ ਕਬਜ਼ਾ ਨਹੀਂ ਕਰਨ ਦੇਵਾਂਗੇ। ਹਰਿਆਣਾ ਦੇ ਸਿੱਖਾਂ ਨੇ 20 ਸਾਲ ਤੱਕ ਵੱਖਰੀ ਕਮੇਟੀ ਲਈ ਸੰਘਰਸ਼ ਕੀਤਾ। ਅਸੀਂ ਹੁਣ ਆਪਣੇ ਆਪਸੀ ਮਤਭੇਦ ਭੁਲਾ ਕੇ ਦੋ ਮੀਟਿੰਗਾਂ ਕੀਤੀਆਂ ਹਨ। ਸਾਡੇ ਕੋਲ ਕਮੇਟੀ ਬਣਾਉਣ ਲਈ ਲੋੜੀਂਦੇ ਮੈਂਬਰ ਹਨ।”
ਦੂਜੇ ਪਾਸੇ ਅਜ਼ਾਦ ਮੈਂਬਰਾਂ ਵਾਲੇ ਅਕਾਲ ਪੰਥਕ ਮੋਰਚਾ ਦਾ ਦਾਅਵਾ ਹੈ ਕਿ ਉਹਨਾਂ ਕੋਲ ਮੈਂਬਰਾਂ ਦੀ ਪੂਰੀ ਗਿਣਤੀ ਹੈ। ਨਥੂਸਾਰੀ ਚੋਪਟਾ ਤੋਂ ਆਜ਼ਾਦ ਮੈਂਬਰ ਪ੍ਰਕਾਸ਼ ਸਿੰਘ ਸਹੂਵਾਲ ਨੇ ਕਿਹਾ ਕਿ “ਸਾਡੇ ਕੋਲ ਲੋੜੀਂਦੀ ਗਿਣਤੀ ਹੈ ਅਤੇ ਅਸੀਂ ਮੈਂਬਰ co-opt ਕਰਨ ਵਿੱਚ ਵੀ ਹਿੱਸਾ ਲਵਾਂਗੇ।” ਹਰਿਆਣਾ ਸਿੱਖ ਪੰਥਕ ਦਲ ਦੇ ਪ੍ਰਧਾਨ ਬਲਦੇਵ ਸਿੰਘ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਗਰੁੱਪ ਨੇ 19 ਮੈਂਬਰਾਂ ਵਾਲੇ ਅਕਾਲ ਪੰਥਕ ਮੋਰਚੇ ਨੂੰ ਹਮਾਇਤ ਦਿੱਤੀ ਹੈ ਅਤੇ HSGMC ਦੇ ਪ੍ਰਬੰਧ ਸੰਭਾਲਣ ਲਈ ਇਹ ਮਜ਼ਬੂਤ ਗਰੁੱਪ ਹੈ।
Co-opt ਹੋਣ ਵਾਲੇ 9 ਮੈਂਬਰਾਂ ਦੀ ਸਥਿਤੀ
ਹਰਿਆਣਾ ਦੇ ਗੁਰਦੁਆਰਾ ਚੋਣ ਕਮਿਸ਼ਨਰ ਜਸਟਿਸ(ਸੇਵਾ ਮੁਕਤ) ਐਚ ਐਸ ਭੱਲਾ ਨੇ ਦੱਸਿਆ ਕਿ HSGMC ਦੇ 40 ਚੁਣੇ ਹੋਏ ਮੈਂਬਰ ਹੀ 9 ਹੋਰ ਮੈਂਬਰ co-opt ਕਰਨਗੇ ਜਿਸ ਨਾਲ ਕਮੇਟੀ ਦੇ ਮੈਂਬਰਾਂ ਦੀ ਕੁੱਲ ਗਿਣਤੀ 49 ਹੋ ਜਾਵੇਗੀ। ਚੁਣੇ ਵਾਲੇ ਇੰਨਾਂ 9 co-opted ਮੈਂਬਰਾਂ ਵਿੱਚ 2 ਸਿੱਖ ਮਹਿਲਾਵਾਂ, 3 ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਜਾਤੀਆਂ ਤੋਂ, 2 ਸਿੱਖ ਵਿਦਵਾਨ (ਬੁੱਧੀਜੀਵੀ) ਜਦਕਿ 2 ਮੈਂਬਰ ਹਰਿਆਣਾ ਦੀਆਂ ਰਜਿਸਟਰਡ ਸਿੰਘ ਸਭਾਵਾਂ ਦੇ ਪ੍ਰਧਾਨਾਂ ਵਿੱਚੋਂ ਚੁਣੇ ਜਾਣਗੇ। ਇਹ ਸਾਰੇ ਮੈਂਬਰਾਂ ਕੋਲ ਵੋਟ ਪਾਉਣ ਦਾ ਅਧਿਕਾਰ ਹੋਵੇਗਾ ਅਤੇ ਕਾਰਜਕਾਰਨੀ ਬੋਰਡ ਦੇ ਅਹੁਦੇਦਾਰਾਂ ਦੀ ਚੋਣ ਵਿੱਚ ਭਾਗ ਲੈਣਗੇ।