ਇਸਲਾਮੋਫੋਬੀਆ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਅਖੌਤੀ ਧਰਮ ਨਿਰਪੱਖ ਬੁੱਧੀਜੀਵੀ, ਮੁੱਖ ਮੰਤਰੀ ਨੇ ਕਿਹਾ
ਨਵੀਂ ਦਿੱਲੀ 30 ਮਈ 2024 (ਫਤਿਹ ਪੰਜਾਬ) ਭਾਜਪਾ ਨੇਤਾ ਅਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਦੇਸ਼ ਦੇ ਬਹੁਤ ਸਾਰੇ ਹਿੰਦੂਆਂ ਅੰਦਰ ਇਸਲਾਮੋਫੋਬੀਆ ਅਸਲੀਅਤ ਵਿੱਚ ਹੈ ਅਤੇ “ਅਖੌਤੀ ਧਰਮ ਨਿਰਪੱਖ ਬੁੱਧੀਜੀਵੀ” ਇਸਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਹਨ।
ਉਸਨੇ ਕਿਹਾ ਕਿ ਇਸ ਦਾ ਹੱਲ ਤਾਂ ਹੀ ਨਿੱਕਲ ਸਕਦਾ ਹੈ ਜੇਕਰ ਮੁਸਲਮਾਨ ਮਥੁਰਾ ਦੀ ਸ਼ਾਹੀ ਈਦਗਾਹ ਅਤੇ ਵਾਰਾਣਸੀ ਦੀ ਗਿਆਨਵਾਪੀ ਮਸਜਿਦ ਨੂੰ “ਆਪਸੀ ਸਲਾਹ-ਮਸ਼ਵਰੇ” ਅਤੇ “ਦੋ ਭਾਈਚਾਰਿਆਂ ਵਿਚਕਾਰ ਰਚਨਾਤਮਕ ਵਿਚਾਰ-ਵਟਾਂਦਰੇ” ਰਾਹੀਂ ਹੋਰ ਥਾਵਾਂ ‘ਤੇ ਤਬਦੀਲ ਕਰਨ ਲਈ ਸਹਿਮਤ ਹੋ ਜਾਣ।
ਇੰ.ਐ. ਨਾਲ ਇੱਕ ਇੰਟਰਵਿਊ ਵਿੱਚ, ਸਰਮਾ ਨੇ ਕਿਹਾ, “ਜੇਕਰ ਮੁਸਲਮਾਨ ਮਥੁਰਾ ਵਿੱਚ ਸ਼ਾਹੀ ਈਦਗਾਹ ਨੂੰ ਉੱਥੇ ਹੀ ਕਾਇਮ ਰੱਖਦੇ ਹਨ, ਤਾਂ ਮਥਰਾ ਜਾਣ ਵਾਲੇ ਹਿੰਦੂ ਕੁਦਰਤੀ ਤੌਰ ‘ਤੇ ਗੁੱਸੇ ਹੋਣਗੇ। ਉਨ੍ਹਾਂ ਨੂੰ ਸ਼ਾਹੀ ਈਦਗਾਹ ਨੂੰ ਕਿਸੇ ਹੋਰ ਥਾਂ ‘ਤੇ ਤਬਦੀਲ ਕਰ ਲੈਣਾ ਚਾਹੀਦਾ ਹੈ। ਜੇ ਅਜਿਹਾ ਹੁੰਦਾ ਹੈ, ਭਵਿੱਖ ਵਿੱਚ ਜਦੋਂ ਵੀ ਕੋਈ ਹਿੰਦੂ ਮਥੁਰਾ ਜਾਵੇਗਾ, ਤਾਂ ਉਹ ਮੁਸਲਿਮ ਭਾਈਚਾਰੇ ਦਾ ਧੰਨਵਾਦ ਕਰਦਿਆਂ ਵਾਪਸ ਆਵੇਗਾ।
ਭਾਜਪਾ ਨੇਤਾ ਨੇ ਕਿਹਾ ਕਿ ਈਦਗਾਹ ਦੀ ਸਥਾਨ ਬਦਲੀ “ਜ਼ਬਰਦਸਤੀ” ਨਹੀਂ ਹੋ ਸਕਦੀ, ਪਰ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਸਲਾਹ-ਮਸ਼ਵਰੇ ਨਾਲ ਹੀ ਹੋ ਸਕਦੀ ਹੈ।
CM Sarma ਨੇ ਕਿਹਾ ਜਿਹੜੇ ਵੀ ਕਾਸ਼ੀ ਜਾਂਦੇ ਹਨ ਉਹ ਗਿਆਨਵਾਪੀ ਮਸਜਿਦ ਨੂੰ ਵੇਖਕੇ ਸਵਾਲ ਪੁੱਛਦੇ ਹਨ ਅਤੇ ਉਹ ਮਨ ਵਿੱਚ ਗੁੱਸੇ ਨਾਲ ਵਾਪਸ ਆਉਂਦੇ ਹਨ। ਜੇਕਰ ਮਸਜਿਦ ਨੂੰ ਜ਼ਬਰਦਸਤੀ ਨਹੀਂ ਸਗੋਂ ਆਪਸੀ ਸਲਾਹ-ਮਸ਼ਵਰੇ ਨਾਲ ਤਬਦੀਲ ਕੀਤਾ ਜਾ ਸਕੇ ਤਾਂ ਸਥਿਤੀ ਵੱਖਰੀ ਹੀ ਹੋਵੇਗੀ। ਇਸ ਲਈ ਹਿੰਦੂਆਂ ਦੀ ਆਲੋਚਨਾ ਕਰਕੇ ਅਖੌਤੀ ਧਰਮ ਨਿਰਪੱਖ ਬੁੱਧੀਜੀਵੀ ਭਾਰਤ ਵਿੱਚ ਇਸਲਾਮੋਫੋਬੀਆ (ਮੁਸਲਮਾਨਾ ਦਾ ਭੈਅ) ਨੂੰ ਰੋਕ ਨਹੀਂ ਸਕਦੇ।
ਉਸਨੇ ਕਿਹਾ ਕਿ ਅਸੀਂ ਅਸਾਮ ਵਿੱਚ ਸਥਿਤੀ ਬਦਲੀ ਹੈ। ਜੇ ਇੱਕ ਵਾਰ ਅਸਾਮ ਵਰਗਾ ਮਾਡਲ ਸੂਬੇ ਤੋਂ ਬਾਹਰ ਦੇਸ਼ ਵਿੱਚ ਬਾਹਰ ਸਥਾਪਤ ਹੋ ਜਾਵੇ, ਮੁਸਲਮਾਨ ਇਕਸਾਰ ਸਿਵਲ ਕੋਡ ਸਮੇਤ ਮਥੁਰਾ ਵਿੱਚ ਕ੍ਰਿਸ਼ਨ ਜਨਮਭੂਮੀ ਤੇ ਗਿਆਨਵਾਪੀ ਮੰਦਰ ਨੂੰ ਪ੍ਰਵਾਨ ਕਰ ਲੈਣ ਤਾਂ ਚੀਜ਼ਾਂ ਬਦਲ ਜਾਣਗੀਆਂ ਤੇ ਇਸ ਨਾਲ ਹਿੰਦੂਆਂ ਵਿਚ ਇਸਲਾਮੋਫੋਬੀਆ ਘਟੇਗਾ।
ਜ਼ਿਕਰਯੋਗ ਹੈ ਕਿ ਸਰਮਾ ਨੇ ਹਾਲ ਹੀ ਵਿੱਚ ਇੱਕ ਨਵਾਂ ਵਿਵਾਦ ਸਹੇੜ ਲਿਆ ਜਦੋਂ ਉਸਨੇ ਝਾਰਖੰਡ ਵਿੱਚ ਇੱਕ ਚੋਣ ਮੁਹਿੰਮ ਦੌਰਾਨ ਕਿਹਾ ਕਿ ਬੰਗਲਾਦੇਸ਼ ਤੋਂ ਘੁਸਪੈਠ ਕਰਨ ਵਾਲੇ ਅਸਾਮ ਦੀ ਆਬਾਦੀ ਦਾ 1.25 ਕਰੋੜ ਹਨ ਅਤੇ ਉਥੇ 126 ਵਿੱਚੋਂ 40 ਵਿਧਾਇਕ ਬਣੇ ਹੋਏ ਹਨ। ਇਸ ਤੋਂ ਇਲਾਵਾ ਉਸਨੇ ਇਹ ਵੀ ਜਨਤਕ ਬਿਆਨ ਦਿੱਤਾ ਸੀ ਕਿ ਉਹ ਆਮ ਚੋਣਾਂ ਦੌਰਾਨ ਮੁਸਲਮਾਨਾਂ ਤੋਂ ਵੋਟਾਂ ਨਹੀਂ ਮੰਗੇਗਾ।