ਨਵੀਂ ਦਿੱਲੀ 2 ਫਰਵਰੀ 2025 (ਫਤਿਹ ਪੰਜਾਬ ਬਿਊਰੋ) Prime Minister Narendra Modi ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਪਹਿਲਾਂ ਕੇਂਦਰੀ ਬਜਟ ਵਿੱਚ ਵਿਦੇਸ਼ੀ ਬਾਈਕਾਂ ‘ਤੇ ਦਰਾਮਦ ਡਿਊਟੀ ਘਟਾ ਕੇ ਮੋਦੀ ਸਰਕਾਰ ਨੇ ‘ਹਾਰਲੇ ਡਿਪਲੋਮੇਸੀ’ ਲਈ ਰਾਹ ਪੱਧਰਾ ਕਰ ਲਿਆ ਹੈ। ਇਸ ਕਦਮ ਨਾਲ ਮਸ਼ਹੂਰ ਅਮਰੀਕੀ ਮੋਟਰਸਾਈਕਲ Harley Davidson ਹਾਰਲੇ ਡੈਵਿਡਸਨ ਨੂੰ ਸਿੱਧਾ ਫਾਇਦਾ ਹੋਵੇਗਾ ਉਥੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਖੁਸ਼ ਹੋਵੇਗਾ ਕਿਉਂਕਿ ਅਮਰੀਕੀ ਚੋਣਾਂ ਤੋਂ ਪਹਿਲਾਂ ਉਸਨੇ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੂੰ ਦੋਹਰੇ ਟੈਕਸਾਂ, ਉੱਚੀਆਂ ਦਰਾਮਦ ਡਿਊਟੀਆਂ ਅਤੇ ਡਾਲਰ ਨੂੰ ਕਮਜ਼ੋਰ ਕਰਨ ਵਿਰੁੱਧ ਵੱਡੇ ਕਦਮ ਚੁੱਕਣ ਅਤੇ ਟੈਕਸ ਲਾਉਣ ਦੀ ਚੇਤਾਵਨੀ ਦਿੱਤੀ ਸੀ।

ਯਾਦ ਰਹੇ ਕਿ ਰਾਸ਼ਟਰਪਤੀ ਟਰੰਪ ਵੱਲੋਂ ਭਾਰਤ ਸਮੇਤ ਉਨਾਂ ਦੇਸ਼ਾਂ ਵਿਰੁੱਧ ਉੱਚੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੋਈ ਹੈ ਜੋ ਅਮਰੀਕਾ ਦੇ ਉਤਪਾਦਾਂ ਉੱਪਰ ਵਾਧੂ ਦਰਾਮਦ ਟੈਕਸ ਲਗਾਉਣਗੇ। ਇਸ ਧਮਕੀ ਨਾਲ਼ ਸਿੱਝਣ ਲਈ ਕੇਂਦਰ ਨੇ ਟੇਸਲਾ ਵਰਗੀਆਂ ਵਿਦੇਸ਼ੀ ਕਾਰਾਂ ਤੇ ਵਿਦੇਸ਼ੀ ਮੋਟਰਸਾਈਕਲਾਂ ਦੀ ਦਰਾਮਦ ਲਈ ਹੈੱਡਲਾਈਨ ਟੈਕਸ ਵਿੱਚ ਤਬਦੀਲੀ ਦਾ ਸੰਕੇਤ ਦੇ ਦਿੱਤਾ ਹੈ ਪਰ ਪ੍ਰਭਾਵੀ ਡਿਊਟੀ ਉਹੀ ਰਹੇਗੀ। ਇਹ ਇਸ ਲਈ ਹੈ ਕਿਉਂਕਿ ਭਾਵੇਂ ਕਸਟਮ ਡਿਊਟੀ 125 ਫੀਸਦ ਤੋਂ ਘਟਾ ਕੇ 70 ਫ਼ੀਸਦ ਕਰ ਦਿੱਤੀ ਗਈ ਹੈ ਪਰ ਇਹ ਇੱਕ ਸੈੱਸ ਹੈ। ਇਸਦਾ ਇਹ ਵੀ ਮਤਲਬ ਹੈ ਕਿ ਕਸਟਮ ਟੈਰਿਫ ਨੂੰ ਰਾਜਾਂ ਨਾਲ ਸਾਂਝਾ ਕਰਨ ਦੀ ਬਜਾਏ ਸੈੱਸ ਮਾਲੀਆ ਕੇਂਦਰ ਕੋਲ ਹੀ ਰਹਿੰਦਾ ਹੈ। ਇਹ ਪ੍ਰਕਿਰਿਆ ਸੋਲਰ ਸੈੱਲਾਂ, ਕਿਸ਼ਤੀਆਂ (ਯਾਟਾਂ) ਅਤੇ ਹੋਰ ਉਤਪਾਦਾਂ ਲਈ ਵੀ ਰੱਖੀ ਗਈ ਹੈ। ਇੱਕ ਤੀਜੀ ਸ਼੍ਰੇਣੀ ਹੈ – ਵੱਡੇ ਵਾਹਨ ਅਤੇ ਸਾਮਾਨ ਦੀ ਢੋਆ-ਢੁਆਈ ਵਾਲੇ ਭਾਰੀ ਵਾਹਨ – ਜਿਨ੍ਹਾਂ ਲਈ ਪ੍ਰਭਾਵੀ ਦਰਾਮਦ ਦਰ ਵੀ ਘੱਟ ਜਾਵੇਗੀ। ਟੈਕਸਾਂ ਦੇ ਮਾਹਿਰਾਂ ਅਨੁਸਾਰ ਔਸਤ ਦਰਾਮਦ ਡਿਊਟੀ 105 ਬੇਸਿਸ ਪੁਆਇੰਟ (100 ਬੇਸਿਸ ਪੁਆਇੰਟ ਭਾਵ ਇੱਕ ਫੀਸਦ ਅੰਕ) ਘਟਾ ਕੇ 10.6 ਫ਼ੀਸਦ ਕਰ ਦਿੱਤੀ ਗਈ ਹੈ ਜਦੋਂ ਕਿ ਸੈੱਸ ਸਰਕਾਰ ਨੂੰ ਲੋੜ ਪੈਣ ‘ਤੇ ਸਮੁੱਚੀ ਲੇਵੀ ਘਟਾਉਣ ਦੀ ਢਿੱਲ ਦਿੰਦਾ ਹੈ।

ਜਿਕਰਯੋਗ ਹੈ ਕਿ ਕੇਂਦਰ ਸਰਕਾਰ ਨੂੰ ਆਪਣੀ ਟੈਰਿਫ ਨੀਤੀ ‘ਤੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਔਸਤ ਡਿਊਟੀ ਵਿੱਚ ਕੀਤਾ ਬਦਲਾਅ ਸਰਕਾਰ ਉੱਪਰ ਦਬਾਅ ਨੂੰ ਕੁਝ ਘੱਟ ਕਰੇਗਾ। ਕੇਂਦਰ ਵੱਲੋਂ ਹੁਣ ਆਪਣੇ ਦਰਾਮਦ ਟੈਕਸ ਆਪਣੀਆਂ ਅੰਤਰਰਾਸ਼ਟਰੀ ਵਚਨਬੱਧਤਾਵਾਂ ਦੇ ਅਨੁਸਾਰ ਤੈਅ ਕੀਤੇ ਜਾਣ ਲੱਗੇ ਹਨ।

ਦਰਾਮਦਯੋਗ ਵੱਡੀਆਂ ਬਾਈਕਾਂ ‘ਤੇ ਕਸਟਮ ਡਿਊਟੀ ਹੁਣ 30 ਫੀਸਦ

ਪੂਰੀ ਤਰ੍ਹਾਂ ਤਿਆਰ ਦਰਾਮਦ ਕੀਤੇ ਜਾਣ ਵਾਲੇ 1,600cc ਦੇ ਬਾਈਕਾਂ ਲਈ ਕਸਟਮ ਡਿਊਟੀ ਘਟਾ ਕੇ 30 ਫੀਸਦ ਕਰ ਦਿੱਤੀ ਗਈ ਹੈ। ਇਸ ਬਜਟ ਵਿੱਚ ਨਾ ਸਿਰਫ਼ 1,600cc ਤੋਂ ਵੱਧ ਸਮਰੱਥਾ ਦੇ ਇੰਜਣਾਂ ਵਾਲੇ ਵੱਡੇ ਮੋਟਰਸਾਈਕਲਾਂ ਉਪਰ ਕਸਟਮ ਡਿਊਟੀ ਘਟਾਈ ਗਈ ਹੈ ਸਗੋਂ ਛੋਟੇ ਮੋਟਰਸਾਈਕਲਾਂ ਦੇ ਮਾਮਲੇ ਵਿੱਚ ਵੀ ਆਯਾਤ ਕੀਤੇ ਜਾਣ ਵਾਲੇ ਬਾਈਕ ਜਿਵੇਂ- ਹੌਂਡਾ, ਸੁਜ਼ੂਕੀ, ਡੁਕਾਟੀ ਅਤੇ ਕੇਟੀਐਮ – ਖਰੀਦਣ ਵਾਲਿਆਂ ਨੂੰ ਵੀ ਰਾਹਤ ਦਿੱਤੀ ਗਈ ਹੈ। 

ਪੂਰੀ ਤਰ੍ਹਾਂ ਤਿਆਰ ਬਾਈਕਾਂ ਨੂੰ ਹੁਣ ਪਹਿਲਾਂ 50 ਫੀਸਦ ਦੀ ਬਜਾਏ 40 ਫ਼ੀਸਦ ਕਸਟਮ ਡਿਊਟੀ ਦੇਣੀ ਪਵੇਗੀ। ਇਸੇ ਤਰਜ਼ ਤੇ ਪੂਰੀ ਤਰ੍ਹਾਂ ਤਿਆਰ ਆਯਾਤ ਕੀਤੇ ਜਾਣ ਵਾਲੇ 1,600 ਸੀਸੀ ਅਤੇ ਇਸ ਤੋਂ ਵੱਧ ਤਾਕਤਵਰ ਮੋਟਰਸਾਈਕਲਾਂ ਲਈ ਹੁਣ ਕਸਟਮ ਡਿਊਟੀ 50 ਫੀਸਦ ਤੋਂ ਘਟਾ ਕੇ 30 ਫ਼ੀਸਦ ਕਰ ਦਿੱਤੀ ਗਈ ਹੈ।

error: Content is protected !!
Skip to content