ਨਵੀਂ ਦਿੱਲੀ 16 ਮਈ 2024 (ਫਤਿਹ ਪੰਜਾਬ) ਭਾਰਤੀ ਸਟਾਰ ਫੁੱਟਬਾਲਰ ਸੁਨੀਲ ਛੇਤਰੀ ਨੇ ਅੱਜ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਉ ਪੋਸਟ ਕਰਕੇ ਇਹ ਐਲਾਨ ਕੀਤਾ ਹੈ।

ਉਨ੍ਹਾਂ ਦਸਿਆ ਕਿ ਉਹ 6 ਜੂਨ ਨੂੰ ਕੁਵੈਤ ਵਿਰੁਧ ਫੀਫਾ ਵਿਸ਼ਵ ਕੱਪ ਕੁਆਲੀਫਾਈ ਮੈਚ ਤੋਂ ਬਾਅਦ ਫੁੱਟਬਾਲ ਦੇ ਮੈਦਾਨ ਨੂੰ ਅਲਵਿਦਾ ਕਹਿ ਦੇਣਗੇ। ਇਸ 40 ਸਾਲਾ ਭਾਰਤੀ ਫੁਟਬਾਲਰ ਨੇ 12 ਜੂਨ 2005 ਨੂੰ ਪਾਕਿਸਤਾਨ ਵਿਰੁਧ ਅਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ ਅਤੇ ਉਸੇ ਮੈਚ ਵਿਚ ਭਾਰਤ ਲਈ ਅਪਣਾ ਪਹਿਲਾ ਗੋਲ ਵੀ ਕੀਤਾ ਸੀ।

ਭਾਰਤੀ ਕਪਤਾਨ ਨੇ ਅਪਣੇ ਕਰੀਅਰ ਵਿਚ ਕੁੱਲ 6 ਵਾਰ ਏਆਈਐਫਐਫ ਪਲੇਅਰ ਆਫ ਦਿ ਈਅਰ ਦਾ ਐਵਾਰਡ ਜਿੱਤਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ 2011 ਵਿਚ ਅਰਜੁਨ ਐਵਾਰਡ ਅਤੇ 2019 ਵਿਚ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। 

ਅੰਤਰਰਾਸ਼ਟਰੀ ਮੰਚ ‘ਤੇ ਛੇਤਰੀ ਉਨ੍ਹਾਂ ਭਾਰਤੀ ਟੀਮਾਂ ਦਾ ਹਿੱਸਾ ਰਹੇ ਹਨ ਜਿਨ੍ਹਾਂ ਨੇ ਏਐਫਸੀ ‘ਚ ਖਿਤਾਬ ਜਿੱਤੇ ਹਨ। ਸਾਲ 2008 ਵਿਚ ਚੈਲੇਂਜ ਕੱਪ, 2011 ਅਤੇ 2015 ਵਿਚ ਸੈਫ ਚੈਂਪੀਅਨਸ਼ਿਪ, 2007, 2009 ਅਤੇ 2012 ਵਿਚ ਨਹਿਰੂ ਕੱਪ, 2017 ਅਤੇ 2018 ਵਿਚ ਇੰਟਰਕੌਂਟੀਨੈਂਟਲ ਕੱਪ ਸ਼ਾਮਲ ਹਨ।

Skip to content