ਚੰਡੀਗੜ੍ਹ 26 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਵੱਖ-ਵੱਖ ਥਾਣਿਆਂ ਵਿੱਚ ਦਰਜ 79,000 ਅਪਰਾਧਿਕ ਮੁਕੱਦਮਿਆਂ ਦੀ ਜਾਂਚ ਛੇਤੀ ਮੁਕੰਮਲ ਕਰਨ ਲਈ ਇੱਕ Action Plan ਕਾਰਜ ਯੋਜਨਾ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਨ੍ਹਾਂ ਦੀ ਕਾਨੂੰਨੀ ਮਿਆਦ ਖਤਮ ਹੋਣ ਦੇ ਬਾਵਜੂਦ ਜਾਂਚ ਅਜੇ ਵੀ ਪੂਰੀ ਨਹੀਂ ਕੀਤੀ ਗਈ।

ਕਾਨੂੰਨ ਅਨੁਸਾਰ 10 ਸਾਲ ਤੱਕ ਦੀ ਸਜ਼ਾ ਵਾਲੇ ਕਿਸੇ ਅਪਰਾਧ ਦੇ ਮੁਕੱਦਮੇ ਵਿੱਚ ਜਾਂਚ ਪੂਰੀ ਕਰਨ ਦੀ ਮਿਆਦ 60 ਦਿਨ ਦੀ ਹੈ ਅਤੇ ਜਿਨ੍ਹਾਂ ਕੇਸਾਂ ਵਿੱਚ ਨਿਰਧਾਰਤ ਸਜ਼ਾ ਮੌਤ ਜਾਂ 10 ਸਾਲ ਤੱਕ ਦੀ ਉਮਰ ਕੈਦ ਹੈ ਜਾਂ ਇਸ ਤੋਂ ਵੱਧ ਦੀ ਹੈ ਉਨਾਂ ਅਪਰਾਧਾਂ ਲਈ ਚਲਾਨ ਦਾਇਰ ਕਰਨ ਦੀ ਮਿਆਦ 90 ਦਿਨ ਹੈ।

ਉੱਚ ਅਦਾਲਤ ਅੱਗੇ ਫਿਰੋਜ਼ਪੁਰ ਵਿੱਚ ਦਰਜ ਕਤਲ ਦੀ ਕੋਸ਼ਿਸ਼ ਦੇ ਇੱਕ ਮੁਕੱਦਮੇ ਦੀ ਸੁਣਵਾਈ ਦੌਰਾਨ ਪੜਤਾਲ ਅਧੀਨ ਐਫਆਈਆਰਜ਼ ਦਾ ਹੈਰਾਨ ਕਰਨ ਵਾਲਾ ਅੰਕੜਾ ਸਾਹਮਣੇ ਆਇਆ ਹੈ। ਸੁਣਵਾਈ ਦੌਰਾਨ ਪਟੀਸ਼ਨਕਰਤਾ ਨੇ ਮੁਲਜ਼ਮ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਸੀ ਅਤੇ ਇਹ ਦਲੀਲ ਦਿੱਤੀ ਸੀ ਕਿ ਜਦੋਂ ਤੱਕ ਮੁਲਜ਼ਮ ਨੂੰ ਦਿੱਤੀ ਗਈ ਜ਼ਮਾਨਤ ਰੱਦ ਨਹੀਂ ਕੀਤੀ ਜਾਂਦੀ, ਪੁਲਿਸ ਵੱਲੋਂ ਸਹੀ ਜਾਂਚ ਨਹੀਂ ਕੀਤੀ ਜਾ ਸਕੇਗੀ।

ਇਸ ਸੁਣਵਾਈ ਦੌਰਾਨ ਬੈਂਚ ਨੇ ਦੇਖਿਆ ਕਿ ਕਾਨੂੰਨੀ ਸਮਾਂ ਸੀਮਾ ਪੂਰੀ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਅਪਰਾਧਿਕ ਮੁਕੱਦਮਿਆਂ ਦਾ ਚਲਾਨ ਹੀ ਪੇਸ਼ ਨਹੀਂ ਕੀਤਾ ਗਿਆ ਜਿਸ ਕਾਰਨ ਰਾਜ ਦੇ ਡੀਜੀਪੀ ਤੋਂ ਅਜਿਹੀਆਂ ਲੰਬਿਤ ਪਈਆਂ ਪਹਿਲੀ ਸੂਚਨਾ ਰਿਪੋਰਟਾਂ (ਐਫਆਈਆਰਜ਼) ਬਾਰੇ ਵੇਰਵੇ ਮੰਗੇ ਹਨ ਜਿਨ੍ਹਾਂ ਦੀ ਜਾਂਚ ਬੀਐਨਐਸਐਸ, 2023 ਅਤੇ ਕ੍ਰਿਮੀਨਲ ਪ੍ਰੋਸੀਜਰ ਕੋਡ (ਸੀਆਰਪੀਸੀ) ਦੇ ਤਹਿਤ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਮੁਕੰਮਲ ਨਹੀਂ ਕੀਤੀ ਗਈ।

ਡੀਜੀਪੀ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਗਏ ਵੇਰਵਿਆਂ ਵਿੱਚ ਪਤਾ ਲੱਗਾ ਕਿ ਇਸ ਵੇਲੇ ਰਾਜ ਵਿੱਚ 10,000 ਤੋਂ ਵੱਧ ਐਫਆਈਆਰਜ਼ ਜਾਂਚ ਅਧੀਨ ਹਨ ਭਾਵੇਂ ਕਿ ਨਿਰਧਾਰਤ 90 ਦਿਨਾਂ ਦੀ ਮਿਆਦ ਦੇ ਅੰਦਰ ਅੰਦਰ ਅੰਤਿਮ ਰਿਪੋਰਟ ਅਦਾਲਤ ਵਿੱਚ ਦਾਖਲ ਕਰਵਾਈ ਜਾਣੀ ਚਾਹੀਦੀ ਸੀ।

ਸੁਣਵਾਈ ਦੌਰਾਨ ਰਾਜ ਦੇ ਵਕੀਲ ਨੇ ਮੰਨਿਆ ਸੀ ਕਿ ਕੁੱਲ 79,000 ਐਫਆਈਆਰ ਰਿਕਾਰਡ ‘ਤੇ ਆਈਆਂ ਹਨ ਜਿਨ੍ਹਾਂ ਦੀ ਜਾਂਚ ਇਸੇ ਤਰ੍ਹਾਂ ਦੇ ਹਾਲਾਤਾਂ ਵਿੱਚ ਮੁਕੰਮਲ ਨਹੀਂ ਹੋ ਸਕੀ ਜਿਨ੍ਹਾਂ ਲਈ ਅੰਤਿਮ ਰਿਪੋਰਟਾਂ ਦਾਖਲ ਕਰਾਉਣ ਲਈ ਨਿਰਧਾਰਤ ਸਮਾਂ ਪਹਿਲਾਂ ਹੀ ਖਤਮ ਹੋ ਚੁੱਕਾ ਹੈ।

ਕਾਨੂੰਨੀ ਸਮਾਂ ਬੀਤਣ ਦੇ ਬਾਵਜੂਦ ਅਜੇ ਵੀ ਤਰਕਪੂਰਨ ਸਿੱਟੇ ਦੀ ਉਡੀਕ ਕਰ ਰਹੀਆਂ 79,000 ਐਫਆਈਆਰਜ਼ ਦੇ ਹੈਰਾਨ ਕਰਨ ਵਾਲੇ ਅੰਕੜੇ ਤੋਂ ਹੈਰਾਨ ਹੁੰਦਿਆਂ ਜਸਟਿਸ ਸੰਦੀਪ ਮੌਦਗਿਲ ਦੀ ਅਗਵਾਈ ਵਾਲੇ ਬੈਂਚ ਨੇ ਇਸ ਕੇਸ ਦੀ ਅਗਲੀ ਸੁਣਵਾਈ 30 ਜਨਵਰੀ ਨੂੰ ਨਿਰਧਾਰਤ ਕੀਤੀ ਹੈ। ਉੱਨਾਂ ਰਾਜ ਦੇ ਡੀਜੀਪੀ ਨੂੰ ਇੱਕ ਹਲਫ਼ਨਾਮੇ ਵਿੱਚ ਦੋ ਹਫ਼ਤਿਆਂ ਦੇ ਅੰਦਰ ਇੱਕ ਕਾਰਜ ਯੋਜਨਾ ਪੇਸ਼ ਕਰਨ ਲਈ ਕਿਹਾ ਹੈ ਜਿਸ ਵਿੱਚ ਐਫਆਈਆਰ ਦੀ ਮਿਤੀ, ਜਾਂਚ ਪੂਰੀ ਹੋਣ ਲਈ ਅਦਾਲਤ ਦੁਆਰਾ ਨਿਰਧਾਰਤ ਸਮਾਂ ਅਤੇ ਇਸਨੂੰ ਪੂਰਾ ਕਰਨ ਲਈ ਪ੍ਰਸਤਾਵਿਤ ਸਮਾਂ-ਸੀਮਾ ਦਰਸਾਈ ਜਾਵੇ। 

error: Content is protected !!
Skip to content