Skip to content

ਨਵੀਂ ਦਿੱਲੀ 12 ਮਈ 2024 (ਫਤਿਹ ਪੰਜਾਬ, ਇੰਟ.) ਪੱਛਮ ਏਸ਼ੀਆ ’ਚ ਚੱਲ ਰਹੇ ਭੂ-ਸਿਆਸੀ ਤਣਾਅ ਅਤੇ ਈਰਾਨ ’ਚ ਜਾਰੀ ਸੰਘਰਸ਼ ਦੀ ਮਾਰ ਕੇਸਰ ’ਤੇ ਪਈ ਹੈ। ਭਾਰਤ ’ਚ ਪ੍ਰਚੂਨ ਵਿਚ ਕੇਸਰ ਦੀ ਕੀਮਤ 4.95 ਲੱਖ ਰੁਪਏ ਕਿਲੋ ਤੱਕ ਪਹੁੰਚ ਗਈ ਹੈ। ਦਰਅਸਲ, ਈਰਾਨ ਪੂਰੀ ਦੁਨੀਆ ਨੂੰ ਕੇਸਰ ਸਪਲਾਈ ਕਰਦਾ ਹੈ। ਭਾਰਤ ’ਚ ਵੀ ਕੇਸਰ ਈਰਾਨ ਤੋਂ ਹੀ ਆਉਂਦਾ ਹੈ। ਪੱਛਮ ਏਸ਼ੀਆ ’ਚ ਚੱਲ ਰਹੇ ਤਣਾਅ ਦੀ ਵਜ੍ਹਾ ਨਾਲ ਕੇਸਰ ਦੀ ਸਪਲਾਈ ਠੱਪ ਹੋ ਗਈ ਹੈ, ਸਪਲਾਈ ਨਾ ਹੋਣ ਕਾਰਨ ਭਾਰਤ ’ਚ ਕੇਸਰ 20 ਤੋਂ 27 ਫੀਸਦੀ ਤੱਕ ਮਹਿੰਗਾ ਹੋ ਗਿਆ ਹੈ।

ਜੰਮੂ-ਕਸ਼ਮੀਰ ਦੇ ਕਾਰੋਬਾਰੀਆਂ ਮੁਤਾਬਕ ਜੰਮੂ-ਕਸ਼ਮੀਰ ਦੇ ਇਲਾਕਿਆਂ ’ਚ ਕੇਸਰ ਦੀਆਂ ਕੀਮਤਾਂ ’ਚ ਇਕ ਮਹੀਨੇ ਦੇ ਅੰਦਰ 27 ਫੀਸਦੀ ਤੱਕ ਦੀ ਤੇਜ਼ੀ ਆ ਗਈ ਹੈ। ਵਧੀਆ ਕੁਆਲਿਟੀ ਦਾ ਕੇਸਰ, ਜੋ ਪਹਿਲਾਂ 3.5 ਤੋਂ 3.6 ਲੱਖ ਰੁਪਏ ਕਿਲੋ ਮਿਲਦਾ ਸੀ, ਉਹ ਹੁਣ ਵਧ ਕੇ 4.95 ਲੱਖ ਰੁਪਏ ਤੱਕ ਪਹੁੰਚ ਗਿਆ ਹੈ।

ਈਰਾਨ ’ਚ ਸਭ ਤੋਂ ਜ਼ਿਆਦਾ ਕੇਸਰ ਦਾ ਉਤਪਾਦਨ

ਇਸੇ ਤਰ੍ਹਾਂ ਥੋਕ ’ਚ ਜੋ ਕੇਸਰ ਜੰਮੂ-ਕਸ਼ਮੀਰ ’ਚ ਪਹਿਲਾਂ 2.8 ਤੋਂ 3 ਲੱਖ ਰੁਪਏ ਕਿਲੋ ਵਿਕਦਾ ਸੀ, ਉਹ ਹੁਣ ਵਧ ਕੇ 3.62 ਲੱਖ ਦੇ ਲੱਗਭਗ ਪਹੁੰਚ ਚੁੱਕਾ ਹੈ। ਦਰਅਸਲ, ਈਰਾਨ ਹਰ ਸਾਲ ਲੱਗਭਗ 430 ਟਨ ਕੇਸਰ ਦਾ ਉਤਪਾਦਨ ਕਰਦਾ ਹੈ, ਜੋ ਦੁਨੀਆ ਦੇ ਕੁੱਲ ਉਤਪਾਦਨ ਦਾ 90 ਫੀਸਦੀ ਹੁੰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਕੇਸਰ ਦੇ ਮਹਿੰਗੇ ਹੋਣ ਕਾਰਨ ਖਾਣ-ਪੀਣ ਦੀ ਚੀਜ਼ਾਂ, ਕਾਸਮੈਟਿਕ ਵਸਤਾਂ, ਇਥੋਂ ਤੱਕ ਕਿ ਦਵਾਈਆਂ ਵੀ ਮਹਿੰਗੀਆਂ ਹੋ ਸਕਦੀਆਂ ਹਨ। ਇਸ ਦੀ ਵਜ੍ਹਾ ਇਹ ਹੈ ਕਿ ਇਨ੍ਹਾਂ ਸਾਰੀਆਂ ਚੀਜ਼ਾਂ ’ਚ ਕੇਸਰ ਦੇ ਫਲੇਵਰ ਦੀ ਵਰਤੋਂ ਕੀਤੀ ਜਾਂਦੀ ਹੈ।

ਭਾਰਤ ਦੀ ਕਿਵੇਂ ਵਧੇਗੀ ਮੁਸ਼ਕਲ

ਭਾਰਤ ’ਚ ਹਰ ਸਾਲ ਲੱਗਭਗ 55 ਤੋਂ 60 ਟਨ ਕੇਸਰ ਦੀ ਦਰਾਮਦ ਈਰਾਨ ਤੋਂ ਕਰਦਾ ਹੈ। ਭੂ-ਸਿਆਸੀ ਤਣਾਅ ਦੀ ਵਜ੍ਹਾ ਨਾਲ ਸਪਲਾਈ ਰੁਕ ਗਈ ਹੈ। ਲਿਹਾਜ਼ਾ ਭਾਰਤ ’ਚ ਕੇਸਰ ਦਾ ਸੰਕਟ ਪੈਦਾ ਹੋ ਗਿਆ ਹੈ, ਜਿਸ ਦੀ ਵਜ੍ਹਾ ਨਾਲ ਕੀਮਤਾਂ ’ਚ ਅਚਾਨਕ ਤੇਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਉਥੇ ਹੀ, ਭਾਰਤ ’ਚ ਘਟਦੇ ਕੇਸਰ ਦੇ ਉਤਪਾਦਨ ਨੇ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।

ਅੰਕੜਿਆਂ ਦੇ ਮੁਤਾਬਕ ਸਾਲ 2011-12 ਦੌਰਾਨ ਭਾਰਤ ਲੱਗਭਗ 8 ਟਨ ਕੇਸਰ ਦਾ ਉਤਪਾਦਨ ਕਰਦਾ ਸੀ, ਜੋ ਸਾਲ 2023-24 ’ਚ ਘਟ ਕੇ ਸਿਰਫ 2.6 ਟਨ ਰਹਿ ਗਿਆ ਹੈ, ਜਦਕਿ ਭਾਰਤ ’ਚ ਕੇਸਰ ਦੀ ਖਪਤ 60 ਟਨ ਨਾਲੋਂ ਵੀ ਜ਼ਿਆਦਾ ਹੈ। ਲਿਹਾਜ਼ਾ ਕੇਸਰ ਦੇ ਲਈ ਭਾਰਤ ਨੂੰ ਈਰਾਨ ’ਤੇ ਨਿਰਭਰ ਰਹਿਣਾ ਪੈਂਦਾ ਹੈ। ਸ਼੍ਰੀਨਗਰ ’ਚ ਕੇਸਰ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਸ਼ਾਹਬਾਜ ਬਿਨ ਖਾਲਿਕ ਮੁਤਾਬਿਕ ਕੇਸਰ ਦੀਆਂ ਕੀਮਤਾਂ ਹਰ ਰੋਜ਼ ਵਧ ਰਹੀਆਂ ਹਨ। ਜੇਕਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਦਿਨਾਂ ’ਚ ਕੀਮਤਾਂ ਹੋਰ ਵਧਣਗੀਆਂ।

ਇਨ੍ਹਾਂ ਦੇਸ਼ਾਂ ਨੂੰ ਕੇਸਰ ਸਪਲਾਈ ਕਰਦਾ ਹੈ ਭਾਰਤ

ਭਾਰਤ ਖੁਦ ਵੀ ਕੇਸਰ ਦਾ ਉਤਪਾਦਨ ਕਰਦਾ ਹੈ। ਜੰਮੂ-ਕਸ਼ਮੀਰ ਦੇ ਪਾਂਪੋਰ, ਬਡਗਾਮ, ਕਿਸ਼ਤਵਾੜ ਅਤੇ ਸ਼੍ਰੀਨਗਰ ਵਰਗੇ ਇਲਾਕਿਆਂ ’ਚ ਇਸ ਦੀ ਖੇਤੀ ਹੁੰਦੀ ਹੈ ਪਰ ਇਸ ਦਾ ਉਤਪਾਦਨ ਸਿਰਫ 2 ਤੋਂ 3 ਟਨ ਹੀ ਰਹਿ ਗਿਆ ਹੈ। ਦਰਅਸਲ, ਕੇਸਰ ਦਾ ਉਤਪਾਦਨ ਕਰਨਾ ਬੇਹੱਦ ਔਖਾ ਹੁੰਦਾ ਹੈ। ਇਕ 10 ਗ੍ਰਾਮ ਕੇਸਰ ਦਾ ਉਤਪਾਦਨ ਕਰਨ ’ਚ 160 ਤੋਂ 180 ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਭਾਰਤ ਕੇਸਰ ਦੀ ਬਰਾਮਦ ਯੂ. ਏ. ਈ., ਅਮਰੀਕਾ, ਆਸਟ੍ਰੇਲੀਆ, ਨੇਪਾਲ ਅਤੇ ਕੈਨੇਡਾ ਵਰਗੇ ਦੇਸ਼ਾਂ ਨੂੰ ਕਰਦਾ ਹੈ। ਹੁਣ ਮੁਸੀਬਤ ਇਹ ਹੈ ਕਿ ਜਦੋਂ ਭਾਰਤ ਆਪਣੀ ਲੋੜ ਪੂਰੀ ਨਹੀਂ ਕਰ ਪਾ ਰਿਹਾ ਤਾਂ ਇਨ੍ਹਾਂ ਦੇਸ਼ਾਂ ਨੂੰ ਸਪਲਾਈ ਕਿੱਥੋਂ ਕਰੇਗਾ।

ਕੀ ਹੈ ਮੁਸੀਬਤ ਦੀ ਅਸਲ ਵਜ੍ਹਾ

ਜੰਮੂ-ਕਸ਼ਮੀਰ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਕੇਸਰ ਦਾ ਉਤਪਾਦਨ ਘਟਣ ਦੀ ਵਜ੍ਹਾ ਕੁਝ ਹੋਰ ਨਹੀਂ, ਸਗੋਂ ਇਥੋਂ ਦੀਆਂ ਵਧ ਰਹੀਆਂ ਸੀਮੈਂਟ ਫੈਕਟਰੀਆਂ ਹਨ। ਬਡਗਾਮ ’ਚ ਟੂਰਿਜ਼ਮ ਦਾ ਕੰਮ ਕਰਨ ਵਾਲੇ ਇਜ਼ਾਜ਼ ਅਹਿਮਦ ਦਾ ਕਹਿਣਾ ਹੈ ਕਿ ਬਡਗਾਮ ’ਚ ਇਨ੍ਹੀਂ ਦਿਨੀਂ ਬਹੁਤ ਸਾਰੀਆਂ ਨਵੀਆਂ ਸੀਮੈਂਟ ਦੀਆਂ ਫੈਕਟਰੀਆਂ ਖੁੱਲ੍ਹ ਗਈਆਂ ਹਨ, ਜਿਸ ਕਾਰਨ ਕੇਸਰ ਦੀ ਖੇਤੀ ’ਤੇ ਅਸਰ ਪਿਆ ਹੈ। ਇਜ਼ਾਜ਼ ਮੁਤਾਬਿਕ ਕੇਸਰ ਦੀ ਖੇਤੀ ਲਈ ਵਾਤਾਵਰਣ ਦਾ ਸਾਫ ਹੋਣਾ ਬੇਹੱਦ ਜ਼ਰੂਰੀ ਹੈ ਪਰ ਇਨ੍ਹਾਂ ਫੈਕਟਰੀਆਂ ਤੋਂ ਜੋ ਕੂੜਾ ਨਿਕਲ ਰਿਹਾ ਹੈ, ਉਸ ਦੀ ਵਜ੍ਹਾ ਨਾਲ ਕੇਸਰ ਦਾ ਉਤਪਾਦਨ ਘੱਟ ਹੋਣ ਲੱਗਾ ਹੈ।

error: Content is protected !!