Skip to content

ਨਵੀਂ ਸਿੱਖਿਆ ਨੀਤੀ ਬਾਰੇ SGPC ਨੂੰ ਪੜਚੋਲ ਕਰਨ ਲਈ ਕਿਹਾ

ਸ਼੍ਰੀ ਆਨੰਦਪੁਰ ਸਾਹਿਬ, 15 ਮਾਰਚ 2025 (ਫਤਿਹ ਪੰਜਾਬ ਬਿਊਰੋ) ਤਖਤ ਸ੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਆਨੰਦਪੁਰ ਸਾਹਿਬ ਦੀ ਫਸੀਲ ਤੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਲਾਨ ਕੀਤਾ ਹੈ ਕਿ ਵਿਸਾਖੀ ਦੇ ਮੌਕੇ ‘ਤੇ ਸੰਗਤਾਂ ਨੂੰ ਗੁਰੂ ਪੰਥ ਨਾਲ ਜੋੜਨ ਲਈ ਇੱਕ ਵੱਡੀ ਗੁਰਮਤਿ ਲਹਿਰ ਸ਼ੁਰੂ ਕੀਤੀ ਜਾਵੇਗੀ, ਜੋ ਕਿ ਗਰੀਬ ਸਿੱਖਾਂ ਦੇ ਘਰਾਂ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਨੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਧਰਮ ਪ੍ਰਚਾਰ ਲਹਿਰ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਸਹਿਯੋਗ ਦੇਣ।

ਜਥੇਦਾਰ ਗੜਗੱਜ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਹਿ ਰਿਹਾ ਹੈ ਅਤੇ ਮਾਝੇ ਦੀ ਧਰਤੀ ‘ਤੇ ਵੀ ਧਰਮ ਪਰਿਵਰਤਨ ਹੋ ਰਿਹਾ ਹੈ, ਜੋ ਕਿ ਇੱਕ ਬਹੁਤ ਹੀ ਚਿੰਤਾਜਨਕ ਸਥਿਤੀ ਹੈ। ਪੰਜਾਬੀ ਮਾਂ-ਬੋਲੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਹੀ ਲੋਕ ਆਪਣੀ ਬੋਲੀ ਤੋਂ ਦੂਰ ਹੋ ਰਹੇ ਹਨ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਅਪੀਲ ਕੀਤੀ ਕਿ ਉਹ ਨਵੀਂ ਸਿੱਖਿਆ ਨੀਤੀ ‘ਤੇ ਚਰਚਾ ਕਰਨ ਲਈ ਮਾਹਿਰਾਂ ਦੇ ਸੁਝਾਅ ਲੈਣ ਅਤੇ ਇਸ ਬਾਰੇ ਵਿਚਾਰ ਕਰਨ ਕਿ ਕੀ ਇਹ ਸਿੱਖਿਆ ਨੀਤੀ ਪੰਜਾਬ ਦੇ ਹਿੱਤ ਵਿੱਚ ਹੈ ਜਾਂ ਨਹੀਂ। 

ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਾਡਾ ਹੋਮਲੈਂਡ ਹੈ। ਸੰਨ 1947 ਵਿੱਚ ਸਿੱਖਾਂ ਦਾ ਵੱਡਾ ਉਜਾੜਾ ਹੋਇਆ ਸੀ, ਅਤੇ ਜਾਨ ਤੋਂ ਪਿਆਰੇ ਗੁਰੂ ਘਰ ਸਾਡੇ ਤੋਂ ਵਿੱਛੜ ਗਏ ਸਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਸਮੇਂ ਪੰਜਾਬ ਵਿਰੋਧੀ ਤਾਕਤਾਂ ਦੁਆਰਾ ਆਪਣੀ ‘ਬਸਤੀ’ ਬਣਾਇਆ ਜਾ ਰਿਹਾ ਹੈ, ਅਤੇ ਪੰਜਾਬ ਦੇ ਅੰਦਰ ਬਾਹਰੀ ਲੋਕ ਆ ਕੇ ਕਬਜ਼ੇ ਕਰ ਰਹੇ ਹਨ। ਉਹਨਾਂ ਕਿਹਾ ਅੱਜ ਦੂਸਰੇ ਸੂਬਿਆਂ ਵਿੱਚ ਪੰਜਾਬੀਆਂ ਨੂੰ ਜਗਾਹ ਲੈਣ ਜਾਂ ਵੋਟਾਂ ਬਣਾਉਣ ਦੀ ਇਜਾਜ਼ਤ ਨਹੀਂ ਪਰ ਅਫਸੋਸ ਹੈ ਕਿ ਪੰਜਾਬ ਵਿੱਚ ਸਾਜਿਸ਼ ਅਧੀਨ ਗੈਰ ਪੰਜਾਬੀਆਂ ਦੀਆਂ ਧੜਾ-ਧੜ ਵੋਟਾਂ ਬਣਾਈਆਂ ਜਾ ਰਹੀਆਂ ਹਨ ਜੋ ਖ਼ਤਰੇ ਦੀ ਘੰਟੀ ਹੈ।

ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਪੰਥ ਵਿਰੋਧੀ ਤਾਕਤਾਂ ਸਾਡੇ ਗੁਰਧਾਮਾਂ ‘ਤੇ ਕਬਜ਼ਾ ਕਰਨਾ ਚਾਹੁੰਦੀਆਂ ਹਨ, ਪਰ ਅਜਿਹੀਆਂ ਤਾਕਤਾਂ ਨੂੰ ਗੁਰਦੁਆਰਿਆਂ ‘ਤੇ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜਥੇਦਾਰ ਨੇ ਇਹ ਵੀ ਕਿਹਾ ਕਿ ਸਿੱਖ ਵਿਰੋਧੀ ਡੇਰੇ ਸਾਨੂੰ ਵੰਡਣਾ ਚਾਹੁੰਦੇ ਹਨ, ਅਤੇ ਇਨ੍ਹਾਂ ਨੂੰ ਰੋਕਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ।

ਡੇਰਾ ਮੁਖੀ ਤੇ ਤਿੱਖੇ ਨਿਸ਼ਾਨੇ ਸਾਧਦਿਆਂ ਉਹਨਾਂ ਕਿਹਾ ਬੰਦੀ ਸਿੰਘ ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿੱਚ ਬੰਦ ਹਨ ਪਰ ਜਬਰ-ਜਨਾਹ ਦੇ ਦੋਸ਼ੀ ਨੂੰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਜੋ ਕਿ ਬਿਲਕੁਲ ਗੈਰ-ਵਾਜਬ ਹੈ। ਮੌੜ ਬੰਬ ਧਮਾਕੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿਰਸੇ ਵਾਲੇ ਸਾਧ ਦੇ ਡੇਰੇ ਵਿੱਚ ਜਿਹੜੀ ਗੱਡੀ ਤਿਆਰ ਕੀਤੀ ਗਈ ਸੀ, ਉਸ ਰਾਹੀਂ ਹੀ ਇਹ ਧਮਾਕਾ ਕੀਤਾ ਗਿਆ ਸੀ। ਭਾਵੇਂ ਕਿ ਮੌੜ ਬੰਬ ਧਮਾਕੇ ਨੂੰ ਕਾਗਜ਼ਾਂ ਵਿੱਚ ਅੱਤਵਾਦੀ ਹਮਲਾ ਦੱਸਿਆ ਗਿਆ ਹੈ, ਪਰ ਇਸ ਦਾ ਇਨਸਾਫ਼ ਹਾਲੇ ਤੱਕ ਨਹੀਂ ਮਿਲਿਆ।

ਜਥੇਦਾਰ ਨੇ ਕੇਂਦਰ ਸਰਕਾਰ ‘ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਵਾਅਦਾ ਨਰੇਂਦਰ ਮੋਦੀ ਸਰਕਾਰ ਨੇ ਪਿਛਲੀਆਂ ਚੋਣਾਂ ਦੌਰਾਨ ਕੀਤਾ ਸੀ, ਪਰ ਇਹ ਵਾਅਦਾ ਕਰੀਬ 6 ਸਾਲਾਂ ਬਾਅਦ ਵੀ ਪੂਰਾ ਨਹੀਂ ਹੋਇਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਵੀ ਕੋਈ ਪ੍ਰਾਪਤੀ ਕਰਨੀ ਹੋਵੇ, ਤਾਂ ਏਕਤਾ ਬਹੁਤ ਜ਼ਰੂਰੀ ਹੁੰਦੀ ਹੈ। ਉਨ੍ਹਾਂ ਕਿਹਾ, “ਸਾਡੀ ਏਕਤਾ ਨਾ ਹੋਣ ਦੇ ਕਾਰਨ ਅੱਜ ਦਿੱਲੀ ਸਾਨੂੰ ਦਬਾਅ ਵਿੱਚ ਰੱਖ ਰਹੀ ਹੈ।”

error: Content is protected !!