ਅੰਮ੍ਰਿਤਸਰ, 11 ਜਨਵਰੀ, 2025 (ਫਤਿਹ ਪੰਜਾਬ ਬਿਊਰੋ) ਸ਼੍ਰੀ ਅਕਾਲ ਤਖ਼ਤ ਸਾਹਿਬ Sri Akal Takht Sahib ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ Giani Raghbir Singh ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਪੱਸ਼ਟ ਘੁਰਕੀ ਦਿੰਦਿਆਂ ਆਖਿਆ ਹੈ ਕਿ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਬੀਤੇ 2 ਦਸੰਬਰ ਨੂੰ ਸੁਣਾਏ ਹੁਕਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਿੱਚ ਅਕਾਲੀ ਦਲ Shiromani Akali Dal ਹਾਲੇ ਵੀ ਆਨਾ-ਕਾਨੀ ਕਰ ਰਿਹਾ ਹੈ ਜੋ ਕਿ ਠੀਕ ਨਹੀਂ ਹੈ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ “ਇਹ ਠੀਕ ਹੈ ਕਿ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਬੀਤੇ ਦਿਨ ਸੁਖ਼ਬੀਰ ਸਿੰਘ ਬਾਦਲ ਦਾ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਸਵੀਕਾਰ ਕਰ ਲਿਆ ਹੈ ਪਰ 7 ਮੈਂਬਰੀ ਕਮੇਟੀ ਬਾਰੇ ਦਿੱਤਾ ਆਦੇਸ਼ ਅੱਜ ਵੀ ਕਾਇਮ ਹੈ। ਜੇ ਇਹ ਨਹੀਂ ਮੰਨਿਆ ਜਾ ਰਿਹਾ ਤਾਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਹਾਲੇ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਲਾਗੂ ਕਰਨ ਤੋਂ ਟਾਲਾ ਵੱਟ ਰਿਹਾ ਹੈ।”
ਜਥੇਦਾਰ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਇਹ ਸਪੱਸ਼ਟ ਕੀਤਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਲਾਗੂ ਕਰਨ ਵਿੱਚ ਕੋਈ ਢਿੱਲ-ਮੱਠ ਨਹੀਂ ਹੋਣੀ ਚਾਹੀਦੀ।
ਉੱਨਾਂ ਕਿਹਾ ਕਿ “ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਚਲਾਉਣ ਅਤੇ ਲੀਡਰਸ਼ਿਪ ਦੀ ਚੋਣ ਕਰਨ ਲਈ ਗਠਿਤ ਕੀਤੀ 7 ਮੈਂਬਰੀ ਕਮੇਟੀ ਰੱਦ ਨਹੀਂ ਕੀਤੀ। ਇਹ ਫ਼ੈਸਲਾ ਅਜੇ ਵੀ ਸਟੈਂਡ ਕਰਦਾ ਹੈ ਪਰ ਬੀਤੇ ਕਲ੍ਹ ਅਕਾਲੀ ਦਲ ਦੀ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੇ ਫੈਸਲੇ ਵਿੱਚ 7 ਮੈਂਬਰੀ ਕਮੇਟੀ ਦਾ ਕੋਈ ਜ਼ਿਕਰ ਨਾ ਆਉਣਾ ਅਤੇ ਇਸ ਕਮੇਟੀ ਨੂੰ ਕਾਰਜਸ਼ੀਲ ਨਾ ਕਰਨਾ, ਸਹੀ ਨਹੀਂ ਹੈ।”
ਗਿਆਨੀ ਰਘਬੀਰ ਸਿੰਘ ਨੇ ਦੁਹਰਾਇਆ ਕਿ ਅਕਾਲੀ ਦਲ ਨੂੰ 2 ਦਸੰਬਰ ਦੇ ਸਾਰੇ ਆਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਂਜ ਉਨ੍ਹਾਂ ਨੇ ਅਕਾਲੀ ਦਲ ਵੱਲੋਂ ਭਰਤੀ ਪ੍ਰਕ੍ਰਿਆ ਸ਼ੁਰੂ ਕੀਤੇ ਜਾਣ ਦੇ ਫ਼ੈਸਲੇ ਨੂੰ ਵੀ ਸਹੀ ਦਿਸ਼ਾ ਵਿੱਚ ਚੁੱਕਿਆ ਕਦਮ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਬਾਗੀ ਧੜਾ ਪਹਿਲਾਂ ਹੀ ਅਕਾਲ ਤਖ਼ਤ ਸਾਹਿਬ ਵੱਲੋਂ ਏਕਤਾ ਕਰਨ ਦੇ ਯਤਨਾਂ ਤਹਿਤ ਆਪਣੀ ‘ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ’ ਨੂੰ ਭੰਗ ਕਰ ਚੁੱਕਾ ਹੈ ਅਤੇ ਹੁਣ ਅਕਾਲੀ ਦਲ ਵੱਲੋਂ 7 ਮੈਂਬਰੀ ਕਮੇਟੀ ਬਾਰੇ ਫ਼ੈਸਲੇ ਨੂੰ ਅੱਖੋਂ-ਪਰੋਖ਼ੇ ਕੀਤੇ ਜਾਣ ’ਤੇ ਸਖ਼ਤ ਇਤਰਾਜ਼ ਕਰ ਰਿਹਾ ਹੈ। ਉਨ੍ਹਾਂ ਨੇ ਇਸ ਤਾਜ਼ਾ ਘਟਨਾਕ੍ਰਮ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਮਿਲਣ ਦਾ ਫੈਸਲਾ ਲਿਆ ਹੈ। ਬਾਗੀ ਆਗੂਆਂ ਨੇ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਸਬੰਧੀ ਕਮੇਟੀ ਵਿੱਚੋਂ 2 ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬੀਬੀ ਸਤਵੰਤ ਕੌਰ ਨੂੰ ਬਾਹਰ ਰੱਖੇ ਜਾਣ ਦਾ ਹਵਾਲਾ ਦਿੰਦਿਆਂ ਇਤਰਾਜ਼ ਕੀਤਾ ਹੈ ਕਿ ਅਕਾਲੀ ਦਲ ਨੇ ਆਪਣੇ ਪੱਧਰ ’ਤੇ ਹੀ ਮੈਂਬਰਸ਼ਿਪ ਭਰਤੀ ਲਈ ਅਬਜਰਬਰ ਲਾ ਦਿੱਤੇ ਹਨ।
ਗੱਲਬਾਤ ਦੌਰਾਨ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਪਿਛਲੇ ਦਿਨੀ ਮੀਟਿੰਗ ਦੌਰਾਨ ਵਕੀਲਾਂ ਦੀ ਰਾਏ ਅਤੇ ਚੋਣ ਕਮਿਸ਼ਨ ਦੀ ਵੈਬਸਾਈਟ ’ਤੇ ਪਿਆ ਉਹ ਪਰਫ਼ਾਰਮਾ ਜ਼ਰੂਰ ਅਕਾਲ ਤਖ਼ਤ ਨੂੰ ਦਿੱਤਾ ਗਿਆ ਹੈ ਜਿਹੜਾ ਕਿਸੇ ਪਾਰਟੀ ਦੀ ਰਜਿਸਟਰੇਸ਼ਨ ਕਰਾਉਣ ਵੇਲੇ ਭਰਿਆ ਜਾਂਦਾ ਹੈ ਪਰ ਇਸ ਤੋਂ ਇਲਾਵਾ ਉਨ੍ਹਾਂ ਨੂੰ ਪਾਰਟੀ ਨੇ ਆਪਣੇ ਤੌਰ ’ਤੇ ਦਸਤਖ਼ਤ ਕਰਕੇ ਕੁਝ ਨਹੀਂ ਦਿੱਤਾ।