ਵਾਸ਼ਿੰਗਟਨ, 20 ਨਵੰਬਰ 2025 (ਫਤਿਹ ਪੰਜਾਬ ਬਿਊਰੋ) – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਹੀ ਸਿਆਸੀ ਪਾਰਟੀ ਦੇ ਦਬਾਅ ਅੱਗੇ ਝੁਕਦਿਆਂ ਜਿਨਸੀ ਅਪਰਾਧਾਂ ਤਹਿਤ ਦੋਸ਼ੀ ਠਹਿਰਾਏ ਗਏ ਜੈਫਰੀ ਐਪਸਟੀਨ (Jeffrey Epstein) ਬਾਰੇ ਫਾਈਲਾਂ ਜਨਤਕ ਕਰਨ ਲਈ ਮਜਬੂਰ ਕਰਦੇ ਇਕ ਕਾਨੂੰਨ ’ਤੇ ਸਹੀ ਪਾ ਦਿੱਤੀ ਹੈ। ਸਦਰ ਟਰੰਪ ਆਪਣੇ ਪੱਧਰ ’ਤੇ ਹੀ ਇਹ ਸਾਰੀਆਂ ਫਾਈਲਾਂ ਜਾਰੀ ਕਰ ਸਕਦੇ ਸੀ ਪਰ ਉਨ੍ਹਾਂ ਨੇ ਇਸ ਤੋਂ ਪਹਿਲਾਂ ਅਜਿਹੀ ਕਿਸੇ ਵੀ ਪੇਸ਼ਕਦਮੀ ਦਾ ਵਿਰੋਧ ਕੀਤਾ।
ਟਰੰਪ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਸਬੰਧਤ ਬਿੱਲ ’ਤੇ ਸਹੀ ਪਾਉਣ ਦਾ ਐਲਾਨ ਕਰਦਿਆਂ ਕਿਹਾ, ‘‘ਡੈਮੋਕਰੈਟਾਂ ਨੇ ਐਪਸਟੀਨ ਦੇ ਮੁੱਦੇ ਦੀ ਵਰਤੋਂ ਕੀਤੀ ਹੈ ਜੋ ਉਨ੍ਹਾਂ ਨੂੰ ਰਿਪਬਲਿਕਨ ਪਾਰਟੀ ਨਾਲੋਂ ਕਿਤੇ ਵੱਧ ਅਸਰਅੰਦਾਜ਼ ਕਰਦਾ ਹੈ ਇਹ ਸਾਡੀਆਂ ‘ਸ਼ਾਨਦਾਰ ਜਿੱਤਾਂ’ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ।’
ਇਹ ਬਿੱਲ ਨਿਆਂ ਵਿਭਾਗ ਨੂੰ ਐਪਸਟੀਨ ਨਾਲ ਸਬੰਧਤ ਸਾਰੀਆਂ ਫਾਈਲਾਂ ਅਤੇ ਚਿੱਠੀਆਂ ਦੇ ਨਾਲ-ਨਾਲ 2019 ਵਿੱਚ ਇੱਕ ਸੰਘੀ ਜੇਲ੍ਹ ਵਿੱਚ ਉਸ ਦੀ ਮੌਤ ਦੀ ਜਾਂਚ ਬਾਰੇ ਕੋਈ ਵੀ ਜਾਣਕਾਰੀ 30 ਦਿਨਾਂ ਦੇ ਅੰਦਰ ਜਾਰੀ ਕਰਨ ਲਈ ਪਾਬੰਦ ਕਰਦਾ ਹੈ।