ਨਵੀਂ ਦਿੱਲੀ, 5 ਜੂਨ 2024 (ਫ਼ਤਿਹ ਪੰਜਾਬ) ਵੋਟਰਾਂ ਵੱਲੋਂ ਇਨ੍ਹਾਂ ਲੋਕ ਸਭਾ ਚੋਣਾਂ ’ਚ ਕਈ ਸਿਤਾਰਿਆਂ (ਬੌਲੀਵੁੱਡ ਅਤੇ ਟੀਵੀ ਕਲਾਕਾਰਾਂ) ’ਤੇ ਭਰੋਸਾ ਪ੍ਰਗਟਾਇਆ ਗਿਆ ਹੈ ਜੋ ਸੰਸਦੀ ਚੋਣਾਂ ਜਿੱਤਣ ’ਚ ਕਾਮਯਾਬ ਰਹੇ ਹਨ। ਇਨ੍ਹਾਂ ਸਿਤਾਰਿਆਂ ’ਚ ਕੰਗਨਾ ਰਣੌਤ, ਅਰੁਣ ਗੋਵਿਲ, ਹੇਮਾ ਮਾਲਿਨੀ, ਮਨੋਜ ਤਿਵਾਰੀ ਸ਼ਾਮਲ ਹਨ। ਕੰਗਣਾ ਬਾਲੀਵੁੱਡ ਦਾ ਪ੍ਰਸਿੱਧ ਚਿਹਰਾ ਹੈ ਜੋ ਆਪਣੇ ਗ੍ਰਹਿ ਰਾਜ ਹਿਮਾਚਲ ਪ੍ਰਦੇਸ਼ ਵਿੱਚ ਮੰਡੀ ਹਲਕੇ ਤੋਂ ਚੁਣੀ ਗਈ ਹੈ। ਉਸ ਨੇ ਛੇ ਵਾਰ ਮੁੱਖ ਮੰਤਰੀ ਰਹੇ ਵੀਰਭੱਦਰ ਸਿੰਘ ਅਤੇ ਮੌਜੂਦਾ ਸੂਬਾ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਨੂੰ ਹਰਾਇਆ ਹੈ ਜੋ ਮੌਜੂਦਾ ਹਿਮਾਚਲ ਸਰਕਾਰ ਵਿੱਚ ਕੈਬਨਿਟ ਮੰਤਰੀ ਹਨ।

ਇਸੇ ਤਰ੍ਹਾਂ ‘ਰਾਮਾਇਣ’ ਸਟਾਰ ਗੋਵਿਲ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਮੈਦਾਨ ਵਿੱਚ ਉਤਾਰਿਆ ਗਿਆ ਸੀ। ਉਹ ਉੱਤਰ ਪ੍ਰਦੇਸ਼ ਦੀ ਮੇਰਠ ਸੀਟ ’ਤੇ ਸਮਾਜਵਾਦੀ ਪਾਰਟੀ ਦੀ ਸੁਨੀਤਾ ਯਾਦਵ ਨਾਲ ਨਜ਼ਦੀਕੀ ਲੜਾਈ ਵਿੱਚ ਸਿਰਫ 10,585 ਵੋਟਾਂ ਨਾਲ ਜਿੱਤਿਆ ਹੈ।

ਹਿੰਦੀ ਸਿਨੇਮਾ ਦਾ ਇੱਕ ਹੋਰ ਪ੍ਰਸਿੱਧ ਚਿਹਰਾ ਹੇਮਾ ਮਾਲਿਨੀ ਮਥੁਰਾ (ਉੱਤਰ ਪ੍ਰਦੇਸ਼) ਹਲਕੇ ਤੋਂ ਤੀਜੀ ਵਾਰ ਚੁਣੀ ਗਈ। ਇਸੇ ਤਰ੍ਹਾਂ ਸਾਬਕਾ ਭੋਜਪੁਰੀ ਸਿਨੇਮਾ ਸਟਾਰ-ਗਾਇਕ ਅਤੇ ਉੱਤਰ ਪੂਰਬੀ ਦਿੱਲੀ ਤੋਂ ਭਾਜਪਾ ਦੇ ਉਮੀਦਵਾਰ ਮਨੋਜ ਤਿਵਾੜੀ ਨੇ ਕਾਂਗਰਸ ਦੇ ਵਿਰੋਧੀ ਉਮੀਦਵਾਰ ਕਨ੍ਹਈਆ ਕੁਮਾਰ ਨੂੰ ਹਰਾਇਆ। ਇਸ ਸੀਟ ਤੋਂ ਤਿਵਾੜੀ ਦੀ ਇਹ ਲਗਾਤਾਰ ਤੀਜੀ ਜਿੱਤ ਹੈ।

 ਇੱਕ ਹੋਰ ਪ੍ਰਸਿੱਧ ਭੋਜਪੁਰੀ ਸਿਨੇਮਾ ਸਟਾਰ ਰਵੀ ਕਿਸ਼ਨ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਭਾਜਪਾ ਦੀ ਟਿਕਟ ਤੇ ਲਗਾਤਾਰ ਦੂਜੀ ਵਾਰ ਚੁਣੇ ਗਏ।  ਇਕ ਹੋਰ ਭਾਜਪਾ ਉਮੀਦਵਾਰ, ਜੋ ਅਭਿਨੇਤਾ ਤੋਂ ਸਿਆਸਤਦਾਨ ਬਣੇ, ਸੁਰੇਸ਼ ਗੋਪੀ ਨੇ ਕੇਰਲ ਦੇ ਤ੍ਰਿਸ਼ੂਰ ਹਲਕੇ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਵੀਐਸ ਸੁਨੀਲ ਕੁਮਾਰ ਨੂੰ ਹਰਾਇਆ।

ਪੱਛਮੀ ਬੰਗਾਲ ਦੇ ਆਸਨਸੋਲ ਤੋਂ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਦਿੱਗਜ ਅਦਾਕਾਰ ਸ਼ਤਰੂਘਨ ਸਿਨਹਾ ਆਪਣੇ ਨੇੜਲੇ ਵਿਰੋਧੀ ਭਾਜਪਾ ਦੇ ਐੱਸਐੱਸ ਆਹਲੂਵਾਲੀਆ ਨੂੰ ਹਰਾ ਕੇ ਸੰਸਦ ਮੈਂਬਰ ਬਣੇ ਹਨ।

Skip to content