ਜੈਪੁਰ 7 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਮਾਰਚ 2023 ਵਿੱਚ ਕੇਂਦਰੀ ਜੇਲ੍ਹ ਜੈਪੁਰ ਵਿੱਚ Gangster Lawrence Bishnoi ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਨਿੱਜੀ ਟੀਵੀ ਚੈਨਲ ਨਾਲ ਹੋਈ ਇੰਟਰਵਿਊ ਦੇ ਸਬੰਧ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਮਿਲੇ ਜਾਂਚ ਦੇ ਆਦੇਸ਼ਾਂ ਨੂੰ ਲੈ ਕੇ ਚੱਲ ਰਹੀ ਤਫ਼ਤੀਸ਼ ਦੌਰਾਨ ਜੈਪੁਰ ਪੁਲਿਸ ਨੇ ਇੱਕ ਸਿਮ ਕਾਰਡ ਦਾ ਪਤਾ ਲਗਾਇਆ ਹੈ ਜੋ ਕਿ ਉਸਦੀ ਇੰਟਰਵਿਊ ਲੈਣ ਲਈ ਇੱਕ ਫੋਨ ਵਿੱਚ ਵਰਤਿਆ ਗਿਆ ਸੀ ਅਤੇ ਇਹ ਇੰਟਰਵਿਊ ਇੱਕ ਨਿੱਜੀ ਨਿਊਜ਼ ਚੈਨਲ ‘ਤੇ ਪ੍ਰਸਾਰਿਤ ਕੀਤੀ ਗਈ ਸੀ।
ਇੱਕ ਸੀਨੀਅਰ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ “ਪਿਛਲੇ ਸਾਲ ਸਤੰਬਰ ਵਿੱਚ ਜੈਪੁਰ ਦੀ ਲਾਲਕੋਠੀ ਵਿੱਚ ਇਸ ਮਾਮਲੇ ਵਿੱਚ ਐਫਆਈਆਰ ਦਰਜ ਹੋਣ ਤੋਂ ਬਾਅਦ ਜਾਂਚ ਦੌਰਾਨ ਜੈਪੁਰ ਪੁਲਿਸ ਨੇ ਬਿਸ਼ਨੋਈ ਦੀ ਇੰਟਰਵਿਊ ਦੀਆਂ ਕਈ ਤਕਨੀਕੀ ਰਿਪੋਰਟਾਂ ਦਾ ਵਿਸ਼ਲੇਸ਼ਣ ਕੀਤਾ ਅਤੇ ਇੰਟਰਵਿਊ ਕਰਨ ਲਈ ਵਰਤੇ ਗਏ ਮੋਬਾਈਲ ਫੋਨ ਅਤੇ ਸਿਮ ਕਾਰਡ ਦਾ ਪਤਾ ਲਗਾ ਲਿਆ ਹੈ। ਸਿਮ ਕਾਰਡ ਦੀ ਲੋਕੇਸ਼ਨ ਦੌਸਾ ਵਿੱਚ ਮਿਲਣ ਪਿੱਛੋਂ ਮਾਲਕ ਦੀ ਵੀ ਪਛਾਣ ਕਰ ਲਈ ਹੈ ਅਤੇ ਜਲਦੀ ਹੀ ਉਸਨੂੰ ਫੜ ਲਿਆ ਜਾਵੇਗਾ।”
ਹੋਰ ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਦੱਸਿਆ ਕਿ ਰਾਜਸਥਾਨ ਪੁਲਿਸ ਨੇ ਇਸ ਸਬੰਧੀ ਪਿਛਲੇ ਸਾਲ 27 ਸਤੰਬਰ ਨੂੰ ਕੁਝ ਅਣਪਛਾਤੇ ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਸੀ ਕਿਉਂਕਿ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੂੰ ਪਤਾ ਲੱਗਿਆ ਸੀ ਕਿ ਦੋ ਨਿੱਜੀ ਨਿਊਜ਼ ਚੈਨਲਾਂ ‘ਤੇ ਪ੍ਰਸਾਰਿਤ ਬਿਸ਼ਨੋਈ ਦੇ ਦੋ ਇੰਟਰਵਿਊਆਂ ਵਿੱਚੋਂ ਇੱਕ 14 ਮਾਰਚ 2023 ਨੂੰ ਜੈਪੁਰ ਕੇਂਦਰੀ ਜੇਲ੍ਹ ਵਿੱਚ ਹੋਈ ਸੀ। ਇਹ ਇੰਟਰਵਿਊ 14 ਅਤੇ 16 ਮਾਰਚ ਨੂੰ ਪ੍ਰਸਾਰਿਤ ਕੀਤੇ ਗਏ ਸਨ।
ਗੈਂਗਸਟਰ ਬਿਸ਼ਨੋਈ ਨੂੰ ਜੈਪੁਰ ਦੇ ਜੀ ਕਲੱਬ ਗੋਲੀਬਾਰੀ ਮਾਮਲੇ ਦੇ ਸਬੰਧ ਵਿੱਚ ਰਾਜਸਥਾਨ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ ਜਿਸ ਕਰਕੇ ਉਸਨੂੰ ਸਾਲ 2023 ਵਿੱਚ 15 ਫਰਵਰੀ ਤੋਂ 6 ਮਾਰਚ ਤੱਕ ਜੈਪੁਰ ਕੇਂਦਰੀ ਜੇਲ੍ਹ ਵਿੱਚ ਰੱਖਿਆ ਗਿਆ ਸੀ।
ਹੋਰ ਜਾਣਕਾਰੀ ਦਿੰਦਿਆਂ ਉਸਨੇ ਦੱਸਿਆ ਕਿ “ਪੰਜਾਬ ਪੁਲਿਸ ਦੀ ਐਸਆਈਟੀ ਨੂੰ ਜਾਂਚ ਵਿੱਚ ਪਤਾ ਲੱਗਾ ਹੈ ਕਿ ਦੋ ਇੰਟਰਵਿਊਆਂ ਵਿੱਚੋਂ ਇੱਕ ਉਸ ਸਮੇਂ ਦੌਰਾਨ ਜੈਪੁਰ ਕੇਂਦਰੀ ਜੇਲ੍ਹ ਵਿੱਚ ਵੀਡੀਓ-ਕਾਨਫਰੰਸਿੰਗ ਐਪ ਰਾਹੀਂ ਰਿਕਾਰਡ ਕੀਤੀ ਗਈ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਪੁਲਿਸ ਨੂੰ ਸਾਰੇ ਸਬੂਤਾਂ ਦੇ ਨਾਲ ਐਸਆਈਟੀ ਦੀ ਰਿਪੋਰਟ ਦੀ ਇੱਕ ਕਾਪੀ ਜਮ੍ਹਾਂ ਕਰਾਉਣ ਦੇ ਹੁਕਮ ਦੇਣ ਤੋਂ ਬਾਅਦ, ਜੈਪੁਰ ਪੁਲਿਸ ਨੇ ਵੀ ਸਤੰਬਰ ਵਿੱਚ ਐਫਆਈਆਰ ਦਰਜ ਕੀਤੀ।”
ਪੁਲਿਸ ਦੇ ਅਨੁਸਾਰ ਪੰਜਾਬ ਪੁਲਿਸ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਬਿਸ਼ਨੋਈ ਨੂੰ ਰਾਜਸਥਾਨ ਪੁਲਿਸ ਨੇ 15 ਫਰਵਰੀ, 2023 ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਸੀ ਅਤੇ ਗੋਲੀਬਾਰੀ ਮਾਮਲੇ ਦੀ ਜਾਂਚ ਤੋਂ ਬਾਅਦ ਬਿਸ਼ਨੋਈ ਨੂੰ ਮੁੜ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ।