ਨਵੀਂ ਦਿੱਲੀ, 30 ਨਵੰਬਰ 2024 (ਫਤਿਹ ਪੰਜਾਬ) ਕਾਂਗਰਸ ਆਗੂ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਸਾਬਕਾ ਵਿਧਾਇਕਾ ਨਵਜੋਤ ਕੌਰ ਸਿੱਧੂ ਨੂੰ ਛੱਤੀਸਗੜ੍ਹ ਸਿਵਲ ਸੁਸਾਇਟੀ ਨੇ ਆਪਣੇ ਪਤੀ ਦੇ ਕੈਂਸਰ ਦੇ ‘ਰਵਾਇਤੀ’ ਇਲਾਜ ਦੇ ਦਾਅਵਿਆਂ ‘ਤੇ 850 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ।
ਇਸ ਬਾਰੇ ਪ੍ਰਾਪਤ ਖਬਰ ਅਨੁਸਾਰ, ਉਕਤ ਸਿਵਲ ਸੁਸਾਇਟੀ ਦੇ ਕਨਵੀਨਰ ਡਾ: ਕੁਲਦੀਪ ਸੋਲੰਕੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਝੂਠੇ ਦਾਅਵੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾ ਰਹੇ ਹਨ ਅਤੇ ਉਹਨਾਂ ਨੂੰ ਐਲੋਪੈਥਿਕ ਦਵਾਈ ਅਤੇ ਇਲਾਜ ਬਾਰੇ ਨਕਾਰਾਤਮਕ ਸੋਚਣ ਲਈ ਮਜਬੂਰ ਕਰ ਰਹੇ ਹਨ। ਇੱਥੋਂ ਤੱਕ ਕਿ ਕੈਂਸਰ ਦੇ ਮਰੀਜ਼ਾਂ ਨੂੰ ਆਪਣੀਆਂ ਦਵਾਈਆਂ ਲੈਣਾ ਬੰਦ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਮੌਤ ਦਾ ਜੋਖਮ ਵਧ ਰਿਹਾ ਹੈ।
ਇਸ ਨੋਟਿਸ ਵਿੱਚ ਸੋਲੰਕੀ ਨੇ ਨਵਜੋਤ ਕੌਰ ਵਿਰੁੱਧ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ ਕਿ ਜੇਕਰ ਉਹ ਇੱਕ ਹਫ਼ਤੇ ਦੇ ਅੰਦਰ ਆਪਣੇ ਦਾਅਵਿਆਂ ਨੂੰ ਜਾਇਜ਼ ਠਹਿਰਾਉਣ ਲਈ ਸਬੂਤ ਪੇਸ਼ ਨਹੀਂ ਕਰਦੀ ਹੈ। ਸੋਲੰਕੀ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਤਰ੍ਹਾਂ ਦੀ ਗਲਤ ਜਾਣਕਾਰੀ ਹੋਰਨਾਂ ਮਰੀਜ਼ਾਂ ਦੀ ਸਿਹਤ ਨੂੰ ਖਤਰੇ ਵਿੱਚ ਪਾ ਰਹੀ ਹੈ। ਇਸ ਕਰਕੇ ਉਹ ਆਪਣੇ ਪਤੀ ਦੇ ਦਾਅਵਿਆਂ ‘ਤੇ ਆਪਣਾ ਰੁਖ ਸਪੱਸ਼ਟ ਕਰੇ ਅਤੇ ਜੇ ਉਸ ਕੋਲ ਅਜਿਹੇ ਲੋੜੀਂਦੇ ਮੈਡੀਕਲ ਸਬੂਤ ਨਹੀਂ ਹਨ ਤਾਂ ਪ੍ਰੈਸ ਕਾਨਫਰੰਸ ਬੁਲਾ ਕੇ ਸਪੱਸ਼ਟ ਕਰਨ। ਉਕਤ ਸਿਵਲ ਸੋਸਾਇਟੀ ਨੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੱਧੂ ਦੀ ਪਤਨੀ ਨੂੰ ਆਪਣੇ ਪਤੀ ਦੇ ਦਾਅਵਿਆਂ ਨੂੰ ਸਪੱਸ਼ਟ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਕੋਈ ਵੀ “ਗਲਤ ਬਿਆਨ” ਦੂਜੇ ਮਰੀਜ਼ਾਂ ਦੀ ਸਿਹਤ ਨੂੰ ਖਤਰੇ ਵਿੱਚ ਪਾ ਸਕਦਾ ਹੈ।
ਨਵਜੋਤ ਸਿੰਘ ਸਿੱਧੂ ਨੇ ਕੀ ਕੀਤਾ ਦਾਅਵਾ?
ਬੀਤੇ 21 ਨਵੰਬਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ, ਨਵਜੋਤ ਸਿੰਘ ਸਿੱਧੂ ਨੇ ਦਾਅਵਾ ਕੀਤਾ ਸੀ ਕਿ ਕੁਝ ਦੇਸੀ ਉਪਾਵਾਂ ਨੇ ਉਸਦੀ ਪਤਨੀ ਨਵਜੋਤ ਕੌਰ ਨੂੰ ਸਟੇਜ 4 ਦੇ ਕੈਂਸਰ ਤੋਂ ਠੀਕ ਹੋਣ ਵਿੱਚ ਮਦਦ ਕੀਤੀ ਸੀ, ਭਾਵੇਂ ਕਿ ਡਾਕਟਰਾਂ ਨੇ ਉਸਨੂੰ “ਸਿਰਫ਼ 40 ਦਿਨ” ਦੀ ਜਿੰਦਗੀ ਬਚੀ ਹੋਣ ਲਈ ਆਖ ਦਿੱਤਾ ਸੀ।
ਉਸ ਤੋਂ ਬਾਅਦ ਇਕ ਬਿਆਨ ‘ਚ ਟਾਟਾ ਮੈਮੋਰੀਅਲ ਹਸਪਤਾਲ ਦੇ ਡਾਇਰੈਕਟਰ ਡਾ. ਪ੍ਰਮੇਸ਼ ਨੇ ਨਵਜੋਤ ਸਿੰਘ ਸਿੱਧੂ ਦੇ ਦਾਅਵੇ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਵੀਡੀਓ ਦੇ ਕੁਝ ਹਿੱਸਿਆਂ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਡੇਅਰੀ ਉਤਪਾਦ ਅਤੇ ਚੀਨੀ ਨਾ ਖਾਣ, ਹਲਦੀ ਅਤੇ ਨਿੰਮ ਦਾ ਸੇਵਨ ਕਰਨ ਨਾਲ ਕੈਂਸਰ ਤੋਂ ਪੀੜਤ ਇੱਕ ਔਰਤ ਭੁੱਖੀ ਰਹਿੰਦੀ ਹੈ, ਜਿਸ ਨਾਲ ਉਸ ਦੇ ‘ਲਾਇਲਾਜ’ ਕੈਂਸਰ ਨੂੰ ਠੀਕ ਕਰਨ ਵਿੱਚ ਮਦਦ ਮਿਲਦੀ ਹੈ, ਜੋ ਕਿ ਜਾਂਚ ਦਾ ਵਿਸ਼ਾ ਹੈ।