Skip to content

ਜਲੰਧਰ 19 ਅਗਸਤ 2024 2024 (ਫਤਿਹ ਪੰਜਾਬ) ਅੰਮ੍ਰਿਤਸਰ-ਸਿਆਲਦਾ ਜਾਣ ਵਾਲੀ ਜਲ੍ਹਿਆਂਵਾਲਾ ਬਾਗ਼ ਐਕਸਪ੍ਰੈੱਸ ’ਚ ਜਲੰਧਰ ਤੋਂ ਬਿਹਾਰ ਨੂੰ ਸ਼ਰਾਬ ਦੀ ਤਸਕਰੀ ਕਰਨ ਦਾ ਮਾਮਲਾ ਜਨਤਕ ਹੋਣ ਕਾਰਨ ਹੁਣ ਦੋਹਾਂ ਰਾਜਾਂ ਦੀ ਰੇਲਵੇ ਪੁਲਿਸ ਨੇ ਪੜਤਾਲ ਆਰੰਭ ਦਿੱਤੀ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਇਹ ਘੁਟਾਲਾ ਕਦੋਂ ਤੋਂ ਰੇਲ ਗੱਡੀਆਂ ਵਿਚ ਚਲਦਾ ਆ ਰਿਹਾ ਹੈ ਅਤੇ ਇਸ ਵਿਚ ਸ਼ਰਾਬ ਦੇ ਤਸਕਰ ਅਤੇ ਰੇਲਵੇ ਦੇ ਕਿਹੜੇ-ਕਿਹੜੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਮਿਲੀਭੁਗਤ ਹੈ।

ਇਸ ਗੈਰਕਾਨੂੰਨੀ ਧੰਦੇ ਵਿੱਚ ਰੇਲਵੇ ਦੇ ਇਕ ਉਚ ਅਧਿਕਾਰੀ ਦਾ ਨਾਂਅ ਸਾਹਮਣੇ ਆਉਣ ਤੋਂ ਬਾਅਦ ਇਸ ਤਸਕਰੀ ਵਿੱਚ ਸ਼ਾਮਲ ਹੋਰਨਾਂ ਵਿਆਕਤੀਆਂ ਨੂੰ ਗ੍ਰਿਫ਼ਤਾਰੀ ਦਾ ਖ਼ਦਸ਼ਾ ਮੰਡਰਾ ਰਿਹਾ ਹੈ। ਯਾਦ ਰਹੇ ਕਿ ਬਿਹਾਰ ਰਾਜ ਵਿੱਚ ਮੁਕੰਮਲ ਸ਼ਰਾਬਬੰਦੀ ਲਾਗੂ ਹੈ ਅਤੇ ਸ਼ਰਾਬ ਪੀਣ, ਵਰਤਾਉਣ ਸਮੇਤ ਤਸਕਰੀ ਵਰਗੇ ਕੇਸਾਂ ਵਿਚ ਸਖ਼ਤ ਸਜ਼ਾ ਦੀ ਵਿਵਸਥਾ ਹੈ।

ਰੇਲਵੇ ਦੇ ਟਿਕਟ ਚੈਕਰਾਂ ਦਾ ਕਹਿਣਾ ਹੈ ਕਿ ਇਸ ਰੇਲਗੱਡੀ ’ਚ ਚੈਕਿੰਗ ਲਈ ਜਨਰਲ ਰੇਲਵੇ ਪੁਲਿਸ (ਜੀਆਰਪੀ) ਬਿਹਾਰ ਦੀ ਐਸਕੋਰਟ ਪਾਰਟੀ ਨੇ ਟਰੇਨ ਦੀ ਪੈਂਟਰੀ ਕਾਰ ਵਿੱਚੋਂ ਸ਼ਰਾਬ ਦੀਆਂ ਪੇਟੀਆਂ ਜ਼ਬਤ ਕਰਨ ਤੋਂ ਬਾਅਦ ਧਨਬਾਦ ਸਟੇਸ਼ਨ ’ਤੇ ਜਾਲ ਵਿਛਾ ਕੇ ਰੇਲਵੇ ਦੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਸੀ ਜਿੰਨ੍ਹਾਂ ਵੱਲੋਂ ਬਿਹਾਰ ਦੇ ਇੱਕ ਉੱਚ ਪੁਲਿਸ ਅਧਿਕਾਰੀ ਦਾ ਨਾਂ ਲੈਣ ਤੋਂ ਬਾਅਦ ਜੀਆਰਪੀ ਨੇ ਮੁਲਜ਼ਮਾਂ ਨੂੰ ਸ਼ਰਾਬ ਦੀਆਂ ਪੇਟੀਆਂ ਸਮੇਤ ਕੁਮਾਰਡੂਬੀ ਸਟੇਸ਼ਨ ’ਤੇ ਉਤਾਰ ਕੇ ਮਾਮਲੇ ਤੋਂ ਛੁਟਕਾਰਾ ਪਾ ਲਿਆ। 

ਇਸ ਬਾਰੇ ਪੱਛੜ ਕੇ ਹੋਏ ਖੁਲਾਸੇ ਮੁਤਾਬਿਕ ਬੀਤੀ 5 ਅਗਸਤ ਨੂੰ ਸਵੇਰੇ ਜਦੋਂ ਗੱਡੀ ਬਿਹਾਰ ’ਚ ਦਾਖ਼ਲ ਹੋਈ, ਤਾਂ ਜੀਆਰਪੀ ਬਿਹਾਰ ਨੇ ਪੰਡਿਤ ਦੀਨ ਦਿਆਲ ਉਪਾਧਿਆਏ ਅਤੇ ਗਯਾ ਜੰਕਸ਼ਨ ਦੇ ਵਿਚਕਾਰ ਰੇਲਗੱਡੀ ਦੀ ਚੈਕਿੰਗ ਕੀਤੀ ਤਾਂ ਪੈਂਟਰੀ ਕਾਰ ਵਿਚੋਂ ਦੋ ਪੇਟੀਆਂ ਸ਼ਰਾਬ ਬਰਾਮਦ ਕੀਤੀ।

ਫ਼ਿਰੋਜ਼ਪੁਰ ਰੇਲਵੇ ਡਿਵੀਜ਼ਨ ਦੇ ਸੀਨੀਅਰ ਅਧਿਕਾਰੀ ਨੇ ਪੁੱਛੇ ਜਾਣ ਤੇ ਕਿਹਾ ਕਿ ਇਸ ਮਾਮਲੇ ’ਚ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੀਆਰਪੀ ਤੇ ਆਰਪੀਐਫ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ ਤੇ ਜਾਂਚ ਪੂਰੀ ਹੋਣ ਤੋਂ ਬਾਅਦ ਰਿਪੋਰਟ ਦੇ ਆਧਾਰ ’ਤੇ ਇਸ ਧੰਦੇ ਵਿੱਚ ਸ਼ਾਮਲ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਜਲੰਧਰ ਜੀਆਰਪੀ ਦੇ ਐਸਐਚਓ ਨੇ ਕਿਹਾ ਕਿ ਉਨਾਂ ਕੋਲ ਅਜਿਹੇ ਕਿਸੇ ਵੀ ਮਾਮਲੇ ਦੀ ਕੋਈ ਜਾਂਚ ਨਹੀਂ ਹੈ ਤੇ ਨਾ ਹੀ ਹਾਲੇ ਤੱਕ ਅਜਿਹੇ ਮਾਮਲੇ ਦੀ ਜਾਂਚ ਲਈ ਕੋਈ ਆਦੇਸ਼ ਮਿਲੇ ਹਨ।

error: Content is protected !!