ਦਾਜ ਦੇ ਝੂਠੇ ਦੋਸ਼ਾਂ ‘ਤੇ ਇਲਾਹਾਬਾਦ HC ਦਾ ਵੱਡਾ ਹੁਕਮ – ਦਹੇਜ ਦੇ ਘੇਰੇ ‘ਚ ਨਹੀਂ ਆਉਂਦੇ ਤੋਹਫ਼ੇ

ਪ੍ਰਯਾਗਰਾਜ 16 ਮਈ 2024 (ਫਤਿਹ ਪੰਜਾਬ) ਇਲਾਹਾਬਾਦ ਹਾਈ ਕੋਰਟ ਨੇ ਰਾਜ ਸਰਕਾਰ ਨੂੰ ਆਦੇਸ਼ ਦਿੱਤਾ ਹੈ ਕਿ ਵਿਆਹ ਮੌਕੇ ਸਾਰਿਆਂ ਨੂੰ ਮਿਲਣ ਵਾਲੇ ਤੋਹਫ਼ਿਆਂ ਦੀ ਸੂਚੀ ਬਣਾਈ ਜਾਵੇ ਅਤੇ ਇਸ ‘ਤੇ ਲਾੜਾ-ਲਾੜੀ ਦੇ ਦਸਤਖਤ ਵੀ ਹੋਣ। ਅਜਿਹਾ ਕਰਨ ਨਾਲ ਵਿਆਹ ਸੰਬੰਧੀ ਪੈਦਾ ਹੁੰਦੇ ਵਿਵਾਦਾਂ ਨੂੰ ਸੁਲਝਾਉਣ ਵਿੱਚ ਮਦਦ ਮਿਲੇਗੀ। 

ਇਸ ਕੇਸ ਦੀ ਅਗਲੀ ਸੁਣਵਾਈ 23 ਮਈ ਤੈਅ ਕੀਤੀ ਗਈ ਹੈ ਅਤੇ ਉਤਰ ਪ੍ਰਦੇਸ਼ ਸਰਕਾਰ ਤੋਂ ਪੁੱਛਿਆ ਹੈ ਕਿ ਕੀ ਰਾਜ ਸਰਕਾਰ ਨੇ ਦਾਜ ਰੋਕੂ ਕਾਨੂੰਨ ਤਹਿਤ ਕੋਈ ਅਜਿਹਾ ਨਿਯਮ ਬਣਾਇਆ ਹੈ? ਜੇਕਰ ਨਹੀਂ ਬਣਾਇਆ ਤਾਂ ਇਸ ਉੱਪਰ ਵਿਚਾਰ ਕੀਤਾ ਜਾਵੇ।

ਦਾਜ ਰੋਕੂ ਕਾਨੂੰਨ, 1985 ਦਾ ਹਵਾਲਾ ਦਿੰਦੇ ਹੋਏ ਉੱਚ ਅਦਾਲਤ ਨੇ ਕਿਹਾ ਕਿ ਇਸ ਕਾਨੂੰਨ ਵਿੱਚ ਨਿਯਮ ਹੈ ਕਿ ਲਾੜਾ-ਲਾੜੀ ਨੂੰ ਵਿਆਹ ਮੌਕੇ ਮਿਲਣ ਵਾਲੇ ਤੋਹਫ਼ਿਆਂ ਦੀ ਪੂਰੀ ਸੂਚੀ ਬਣਾਈ ਜਾਵੇ। ਇਸ ਤੋਂ ਇਹ ਸਪੱਸ਼ਟ ਹੋ ਜਾਵੇਗਾ ਕਿ ਦੋਵਾਂ ਨੂੰ ਕੀ ਮਿਲਿਆ ਹੈ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਵਿਆਹ ਦੌਰਾਨ ਮਿਲੇ ਤੋਹਫ਼ਿਆਂ ਨੂੰ ਦਾਜ ਦੇ ਘੇਰੇ ਵਿੱਚ ਨਹੀਂ ਰੱਖਿਆ ਜਾ ਸਕਦਾ।

ਜਸਟਿਸ ਵਿਕਰਮ ਡੀ ਚੌਹਾਨ ਨੇ ਅੰਕਿਤ ਸਿੰਘ ਅਤੇ ਹੋਰਾਂ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇਹ ਹੁਕਮ ਦਿੱਤੇ ਹਨ। ਅਦਾਲਤ ਨੇ ਇਹ ਵੀ ਕਿਹਾ ਕਿ ਦਾਜ ਮੰਗਣ ਦੇ ਦੋਸ਼ ਲਾਉਣ ਵਾਲੇ ਲੋਕ ਆਪਣੀ ਅਰਜ਼ੀ ਨਾਲ ਅਜਿਹੀ ਸੂਚੀ ਕਿਉਂ ਨਹੀਂ ਪੇਸ਼ ਕਰਦੇ? ਦਾਜ ਰੋਕੂ ਕਾਨੂੰਨ ਦੀ ਪੂਰੀ ਭਾਵਨਾ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

ਅਦਾਲਤ ਨੇ ਕਿਹਾ ਕਿ ਦਾਜ ਰੋਕੂ ਕਾਨੂੰਨ ਦੇ ਨਿਯਮਾਂ ਮੁਤਾਬਕ ਦਾਜ-ਦਹੇਜ ਅਤੇ ਤੋਹਫ਼ੇ ਵਿੱਚ ਫਰਕ ਹੈ। ਵਿਆਹ ਸਮੇਂ ਲੜਕੇ ਅਤੇ ਲੜਕੀ ਨੂੰ ਮਿਲੇ ਤੋਹਫ਼ੇ ਦਾਜ ਵਿੱਚ ਸ਼ਾਮਲ ਨਹੀਂ ਕੀਤੇ ਜਾ ਸਕਦੇ ਹਨ। ਅਦਾਲਤ ਨੇ ਕਿਹਾ ਕਿ ਵਿਆਹ ਮੌਕੇ ਮਿਲੀਆਂ ਸਾਰੀਆਂ ਚੀਜ਼ਾਂ ਦੀ ਸੂਚੀ ਬਣਾਉਣ ਨਾਲ ਸਥਿਤੀ ਬਿਹਤਰ ਹੋਵੇਗੀ। ਇਸ ਸੂਚੀ ‘ਤੇ ਲਾੜੀ ਅਤੇ ਲਾੜੀ ਦੋਵਾਂ ਦੇ ਦਸਤਖਤ ਵੀ ਹੋਣੇ ਚਾਹੀਦੇ ਹਨ।

ਅਦਾਲਤ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦਾਜ ਰੋਕੂ ਕਾਨੂੰਨ ਇਸ ਭਾਵਨਾ ਨਾਲ ਬਣਾਇਆ ਸੀ ਕਿ ਭਾਰਤ ਵਿੱਚ ਵਿਆਹਾਂ ਵਿੱਚ ਤੋਹਫ਼ੇ ਦੇਣ ਦਾ ਰਿਵਾਜ ਹੈ। ਭਾਰਤ ਦੀ ਪਰੰਪਰਾ ਨੂੰ ਧਿਆਨ ਵਿਚ ਰੱਖਦਿਆਂ ਤੋਹਫ਼ੇ ਦਹੇਜ ਤੋਂ ਵੱਖਰੇ ਰੱਖੇ ਗਏ ਹਨ। ਹਾਈਕੋਰਟ ਨੇ ਇਹ ਵੀ ਹੁਕਮ ਕੀਤਾ ਕਿ ਦਾਜ ਰੋਕੂ ਕਾਨੂੰਨ ਤਹਿਤ ਰਾਜ ਵਿੱਚ ਦਾਜ ਰੋਕੂ ਅਧਿਕਾਰੀ ਵੀ ਤਾਇਨਾਤ ਕੀਤੇ ਜਾਣ ਪਰ ਅੱਜ ਤੱਕ ਅਜਿਹੇ ਅਫ਼ਸਰਾਂ ਨੂੰ ਵਿਆਹਾਂ ਵਿੱਚ ਨਹੀਂ ਭੇਜਿਆ ਜਾਂਦਾ। ਰਾਜ ਸਰਕਾਰ ਸਪੱਸ਼ਟ ਕਰੇ ਕਿ ਉਸ ਨੇ ਅਜਿਹਾ ਕਿਉਂ ਨਹੀਂ ਕੀਤਾ, ਜਦੋਂ ਕਿ ਦਾਜ ਦੀਆਂ ਸ਼ਿਕਾਇਤਾਂ ਨਾਲ ਸਬੰਧਤ ਮਾਮਲੇ ਵੱਧ ਰਹੇ ਹਨ।

ਜ਼ਿਕਰਯੋਗ ਹੈ ਕਿ ਦਾਜ ਰੋਕੂ ਕਾਨੂੰਨ ਤਹਿਤ ਕਿਸੇ ਵੀ ਵਿਆਹ ਤੋਂ ਬਾਅਦ 7 ਸਾਲ ਤੱਕ ਦਾਜ ਲਈ ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾਇਆ ਜਾ ਸਕਦਾ ਹੈ। ਅਕਸਰ ਅਜਿਹੇ ਮਾਮਲੇ ਵੀ ਅਦਾਲਤ ਤੱਕ ਪਹੁੰਚ ਜਾਂਦੇ ਹਨ ਜਿਨ੍ਹਾਂ ਵਿੱਚ ਕਿਸੇ ਨਾ ਕਿਸੇ ਕਾਰਨ ਦੋਹਾਂ ਧਿਰਾਂ ਦਾ ਕੋਈ ਝਗੜਾ ਹੁੰਦਾ ਹੈ ਪਰ ਦਾਜ ਦਾ ਦੋਸ਼ ਲਾ ਦਿੱਤਾ ਜਾਂਦਾ ਹੈ। ਅਜਿਹੇ ‘ਚ ਅਦਾਲਤ ਦਾ ਇਹ ਸੁਝਾਅ ਮਹੱਤਵਪੂਰਨ ਹੈ।

Skip to content