ਸੁਧਾਰਾਂ ਮੁਤਾਬਕ ਸੈਨੇਟ ਚ ਹੁਣ ਚੋਣਾਂ ਹੋਣਗੀਆਂ ਸਿਰਫ਼ 20-25 ਸੀਟਾਂ ਲਈ
ਉਪ ਰਾਸ਼ਟਰਪਤੀ ਨੇ ਫਾਈਲ ਕਾਨੂੰਨੀ ਰਾਏ ਲਈ ਭੇਜੀ
ਚੰਡੀਗੜ੍ਹ 19 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਦੇ ਢਾਂਚੇ ਵਿੱਚ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ ਅਤੇ ਸੈਨੇਟ ਸੁਧਾਰਾਂ ਬਾਰੇ ਫਾਈਲ ਕਾਨੂੰਨੀ ਰਾਏ ਲਈ ਯੂਨੀਵਰਸਿਟੀ ਦੇ ਚਾਂਸਲਰ ਅਤੇ ਉਪ-ਰਾਸ਼ਟਰਪਤੀ ਜਗਦੀਪ ਧਨਖੜ ਦੇ ਦਫ਼ਤਰ ਵਿੱਚ ਭੇਜ ਦਿੱਤੀ ਹੈ ਅਤੇ ਹੁਣ ਇਹ ਫਾਈਲ ਕਾਨੂੰਨੀ ਰਾਏ ਲਈ ਭੇਜੀ ਹੋਈ ਹੈ।
ਇਸ ਬਦਲਾਅ ਤਹਿਤ ਮੌਜੂਦਾ 91 ਸੀਟਾਂ ਦੀ ਬਜਾਏ ਸੈਨੇਟ ਵਿੱਚ ਸਿਰਫ਼ 40 ਤੋਂ 45 ਸੀਟਾਂ ਹੀ ਹੋਣਗੀਆਂ ਜਿਨ੍ਹਾਂ ਵਿੱਚੋਂ ਸਿਰਫ਼ 20 ਤੋਂ 25 ਸੀਟਾਂ ਲਈ ਹੀ ਚੋਣਾਂ ਹੋਣਗੀਆਂ।
ਇੰਨਾਂ ਤਜਵੀਜ਼ਤ ਸੁਧਾਰਾਂ ਦੇ ਤਹਿਤ ਸਭ ਤੋਂ ਵੱਡਾ ਬਦਲਾਅ ਇਹ ਹੋਵੇਗਾ ਕਿ ਗ੍ਰੈਜੂਏਟ ਅਤੇ ਫੈਕਲਟੀ ਚੋਣ ਹਲਕੇ ਜਾਂ ਤਾਂ ਪੂਰੀ ਤਰ੍ਹਾਂ ਖਤਮ ਕਰ ਦਿੱਤੇ ਜਾਣਗੇ ਜਾਂ ਉਨ੍ਹਾਂ ਲਈ ਬਹੁਤ ਘੱਟ ਸੀਟਾਂ ਰਾਖਵੀਆਂ ਰੱਖੀਆਂ ਜਾਣਗੀਆਂ। ਸੈਨੇਟ ਲਈ ਲਗਭਗ 19-20 ਨਾਮਜ਼ਦ ਮੈਂਬਰਾਂ ਦੇ ਨਾਵਾਂ ਨੂੰ ਪਹਿਲਾਂ ਹੀ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ, ਜਿਨ੍ਹਾਂ ਦੀ ਸੂਚੀ ਜਲਦੀ ਹੀ ਜਾਰੀ ਕੀਤੀ ਜਾ ਸਕਦੀ ਹੈ।
ਇਸ ਬਦਲਾਅ ਦਾ ਅਸਰ ਸਿੰਡੀਕੇਟ ‘ਤੇ ਵੀ ਪਵੇਗਾ। ਇਸ ਵੇਲੇ ਸਿੰਡੀਕੇਟ ਵਿੱਚ 15 ਮੈਂਬਰ ਹਨ, ਜਿਨ੍ਹਾਂ ਦੀ ਗਿਣਤੀ ਘਟਾ ਕੇ 7-8 ਕਰ ਦਿੱਤੀ ਜਾਵੇਗੀ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਸਬੰਧੀ ਵਿਦਿਆਰਥੀਆਂ ਦੀ ਇੱਕ ਕਮੇਟੀ ਵੀ ਬਣਾਈ ਹੈ, ਜਿਸ ਨੇ ਚਰਚਾ ਵਿੱਚ ਪੰਜਾਬ ਦੇ ਪ੍ਰਤੀਨਿਧੀਆਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ ਪਰ ਇਸ ਕਮੇਟੀ ਦੀ ਅਜੇ ਤੱਕ ਕੋਈ ਮੀਟਿੰਗ ਨਹੀਂ ਹੋਈ ਹੈ। ਕਾਨੂੰਨੀ ਰਾਏ ਮਿਲਦੇ ਹੀ ਸੈਨੇਟ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ।
ਪੀਯੂ ਅਧਿਕਾਰੀਆਂ ਨੇ ਇਸ ਸੁਧਾਰ ਸੰਬੰਧੀ ਸਪੱਸ਼ਟ ਜਾਣਕਾਰੀ ਦੇਣ ਤੋਂ ਫਿਲਹਾਲ ਇਨਕਾਰ ਕਰ ਦਿੱਤਾ ਹੈ। ਹੁਣ ਇਹ ਦੇਖਣਾ ਬਾਕੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੈਨੇਟ ਸੁਧਾਰਾਂ ਬਾਰੇ ਵਿਦਿਆਰਥੀਆਂ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਚਕਾਰ ਕੀ ਸਹਿਮਤੀ ਬਣਦੀ ਹੈ ਅਤੇ ਇਹ ਬਦਲਾਅ ਕਿਸ ਰੂਪ ਵਿੱਚ ਲਾਗੂ ਹੋਣਗੇ।
ਚਾਂਸਲਰ ਧਨਖੜ ਸੁਧਾਰਾਂ ਦੇ ਪੱਖ ਚ
ਦੱਸ ਦੇਈਏ ਕਿ ਪਿਛਲੇ ਦਿਨੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਆਗੂਆਂ ਨਾਲ ਮੁਲਾਕਾਤ ਦੌਰਾਨ ਕੁਲਪਤੀ ਜਗਦੀਪ ਧਨਖੜ ਨੇ ਸਪੱਸ਼ਟ ਕੀਤਾ ਸੀ ਕਿ ਸੈਨੇਟ ਚੋਣਾਂ ਸੁਧਾਰਾਂ ਤੋਂ ਬਾਅਦ ਹੀ ਹੋਣਗੀਆਂ। ਉਨ੍ਹਾਂ ਇਹ ਵੀ ਸਪੱਸ਼ਟ ਆਖਿਆ ਸੀ ਕਿ ਪੀਯੂ ਦੀ ਸੈਨੇਟ ਵਿੱਚ ਸੁਧਾਰ ਸਮੇਂ ਦੀ ਲੋੜ ਹਨ ਅਤੇ ਇੰਨਾਂ ਨੂੰ ਜਲਦੀ ਹੀ ਲਾਗੂ ਕੀਤਾ ਜਾਵੇਗਾ।