ਦੇਹਰਾਦੂਨ 4 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਉਤਰਾਖੰਡ ਚ ਚੱਲ ਰਹੀਆਂ 38ਵੀਆਂ ਰਾਸ਼ਟਰੀ ਖੇਡਾਂ ਦੀ ਖੇਡ ਤਕਨੀਕੀ ਆਚਰਣ ਕਮੇਟੀ (GTCC) ਨੇ “ਮੈਚ ਅਤੇ ਤਗਮਾ ਫਿਕਸਿੰਗ” ਦੇ ਦੋਸ਼ਾਂ ਕਾਰਨ ਤਾਈਕਵਾਂਡੋ ਖੇਡ ਦੇ ਕੰਪੀਟੀਸ਼ਨ ਮੈਨੇਜਰ ਨੂੰ ਹਟਾ ਦਿੱਤਾ। ਕਮੇਟੀ ਨੇ ਇਹ ਫੈਸਲਾ ਮਿਲੀਆਂ ਸ਼ਿਕਾਇਤਾਂ ਦੀ ਜਾਂਚ ਤੋਂ ਬਾਅਦ ਲਿਆ ਹੈ ਜਿਸ ਵਿੱਚ ਖੇਡ ਅਧਿਕਾਰੀਆਂ ਨੇ 16 ਭਾਰ ਵਰਗਾਂ ਵਿੱਚੋਂ 10 ਵਰਗਾਂ ਵਿੱਚ ਪਹਿਲਾਂ ਤੋਂ ਨਿਰਧਾਰਤ ਨਤੀਜੇ ਦਿੱਤੇ ਗਏ ਸਨ ਅਤੇ ਕਥਿਤ ਤੌਰ ‘ਤੇ ਕ੍ਰਮਵਾਰ 3 ਲੱਖ, 1 ਲੱਖ ਅਤੇ 1 ਲੱਖ ਰੁਪਏ ਵਿੱਚ ਸੋਨਾ, ਚਾਂਦੀ ਅਤੇ ਕਾਂਸੀ ਦੇ ਤਗਮੇ ਵੇਚੇ ਗਏ ਸਨ।
ਇਸ ਮਾਮਲੇ ਵਿੱਚ ਜਿੰਮੇਵਾਰ ਪ੍ਰਤੀਯੋਗਤਾ ਨਿਰਦੇਸ਼ਕ ਟੀ ਪ੍ਰਵੀਨ ਕੁਮਾਰ ਨੂੰ ਤਿੰਨ ਮੈਂਬਰੀ ਮੁਕਾਬਲਾ ਹੇਰਾਫੇਰੀ ਰੋਕਥਾਮ ਕਮੇਟੀ (PMC) ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਹਟਾ ਦਿੱਤਾ ਗਿਆ ਹੈ। ਇਸ ਕਮੇਟੀ ਵਿੱਚ ਆਰ ਕੇ ਸੁਧਾਂਸ਼ੂ ਪ੍ਰਮੁੱਖ ਸਕੱਤਰ, ਉੱਤਰਾਖੰਡ, ਬੀ ਕੇ ਸਿਨਹਾ ਆਈਪੀਐਸ, ਸੇਵਾਮੁਕਤ, ਅਤੇ ਦੁਸ਼ਯੰਤ ਸ਼ਰਮਾ SSP, J&K ਸ਼ਾਮਲ ਹਨ ਜਿਸ ਨੇ ਸ਼ਿਕਾਇਤਾਂ ਦੀ ਸਮੀਖਿਆ ਕਰਕੇ ਇਹ ਫੈਸਲਾ ਦਿੱਤਾ ਹੈ।
ਜੀਟੀਸੀਸੀ ਦੀ ਚੇਅਰਪਰਸਨ ਸੁਨੈਨਾ ਕੁਮਾਰੀ ਨੇ ਇਸ ਫੈਸਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ “ਖੇਡਾਂ ਦੀ ਨਿਰਪੱਖਤਾ ਬਣਾਏ ਰੱਖਣ ਲਈ ਅਸੀਂ ਪੀਐਮਸੀ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰ ਲਿਆ ਹੈ।” ਕਮੇਟੀ ਨੂੰ ਇਹ ਵੀ ਪਤਾ ਲੱਗਾ ਕਿ ਟੀ ਪ੍ਰਵੀਨ ਕੁਮਾਰ ਨੇ ਚੋਣ ਟਰਾਇਲਾਂ ਲਈ ਆਪਣੇ ਅਹੁਦੇਦਾਰਾਂ, ਰਾਜ ਖੇਡ ਐਸੋਸੀਏਸ਼ਨ ਦੇ ਟੈਕਨੀਕਲ ਸਟਾਫ ਅਤੇ ਇੱਕ ਖੇਡਾਂ ਦਾ ਸਮਾਨ ਵੇਚਣ ਵਾਲੇ ਨੂੰ ‘ਖੇਡ-ਵਿਸ਼ੇਸ਼ ਵਲੰਟੀਅਰ’ ਵਜੋਂ ਲਇਆ ਹੋਇਆ ਸੀ।
ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਪ੍ਰਧਾਨ ਪੀਟੀ ਊਸ਼ਾ ਨੇ ਇਸ ਘੁਟਾਲੇ ਦੀ ਨਿੰਦਾ ਕਰਦਿਆਂ ਕਿਹਾ ਕਿ “ਇਹ ਹੇਰਾਫੇਰੀ ਹੈਰਾਨ ਕਰਨ ਵਾਲੀ ਅਤੇ ਦੁਖਦਾਈ ਹੈ ਕਿ ਰਾਸ਼ਟਰੀ ਖੇਡਾਂ ਦੇ ਤਗਮਿਆਂ ਦਾ ਫੈਸਲਾ ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ।” ਉਨਾਂ ਕਿਹਾ ਕਿ ਐਥਲੀਟਾਂ ਨੂੰ ਉੱਚ ਪੱਧਰ ‘ਤੇ ਮੁਕਾਬਲਾ ਕਰਨ ਦਾ ਅਸਲ ਮੌਕਾ ਮਿਲਣ ਨੂੰ ਯਕੀਨੀ ਬਣਾਉਣ ਲਈ ਨਿਰਪੱਖ ਖੇਡ ਨੂੰ ਬਰਕਰਾਰ ਰੱਖਿਆ ਜਾਣਾ ਜਰੂਰੀ ਹੈ।