ਕਿਹਾ, ਜੇ ਅਮਿਤ ਸ਼ਾਹ ਨੂੰ ਦੁਬਾਰਾ ਸੱਤਾ ਮਿਲੀ ਤਾਂ ਯੋਗੀ ਆਦਿਤਿਆਨਾਥ ਨੂੰ ਵੀ ਹਟਾ ਦੇਣਗੇ
Lok Sabha elections : ਮੁੰਬਈ 27 ਮਈ 2024 (ਫਤਿਹ ਪੰਜਾਬ) ਲੋਕ ਸਭਾ ਚੋਣਾਂ ਦਾ ਛੇਵਾਂ ਪੜਾਅ ਖਤਮ ਹੋ ਗਿਆ ਹੈ। ਹੁਣ ਸਿਆਸੀ ਪਾਰਟੀਆਂ ਆਖਰੀ ਸੱਤਵੇਂ ਗੇੜ ਦੀਆਂ ਚੋਣਾਂ ਨੂੰ ਲੈ ਕੇ ਪ੍ਰਚਾਰ ਕਰਨ ‘ਚ ਜੁਟੀਆਂ ਹੋਈਆਂ ਹਨ। ਇਸ ਦੌਰਾਨ ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲੋਕ ਸਭਾ ਚੋਣਾਂ ਵਿੱਚ ਨਾਗਪੁਰ ਲੋਕ ਸਭਾ ਸੀਟ ਤੋਂ ਹਰਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।
ਸੰਸਦ ਮੈਂਬਰ ਰਾਉਤ ਨੇ ਸ਼ਿਵ ਸੈਨਾ ਦੇ ਮੁਖ ਪੱਤਰ ‘ਸਾਮਨਾ’ ‘ਚ ਆਪਣੇ ਹਫਤਾਵਾਰੀ ਕਾਲਮ ‘ਚ ਲਿਖਿਆ ਹੈ ਕਿ ਮੋਦੀ, ਸ਼ਾਹ ਅਤੇ ਫੜਨਵੀਸ ਨੇ ਨਾਗਪੁਰ ‘ਚ ਇਕੱਠੇ ਹੋ ਕੇ ਗਡਕਰੀ ਦੀ ਹਾਰ ਯਕੀਨੀ ਬਣਾਉਣ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ। ਰਾਉਤ ਨੇ ਅੱਗੇ ਲਿਖਿਆ ਕਿ ਫੜਨਵੀਸ ਨੇ ਗਡਕਰੀ ਲਈ ਉਦੋਂ ਪ੍ਰਚਾਰ ਸ਼ੁਰੂ ਕੀਤਾ ਜਦੋਂ ਇਹ ਸਪੱਸ਼ਟ ਹੋ ਗਿਆ ਕਿ ਕੇਂਦਰੀ ਮੰਤਰੀ ਆਸਾਨੀ ਨਾਲ ਹਾਰਨ ਵਾਲੇ ਨਹੀਂ ਹਨ।
ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਜੇਕਰ ਅਮਿਤ ਸ਼ਾਹ ਨੂੰ ਦੁਬਾਰਾ ਸੱਤਾ ਮਿਲੀ ਤਾਂ ਉਹ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਵੀ ਅਹੁਦੇ ਤੋਂ ਹਟਾ ਦੇਣਗੇ। ਉਨ੍ਹਾਂ ਲਿਖਿਆ ਹੈ ਕਿ ਉੱਤਰ ਪ੍ਰਦੇਸ਼ ‘ਚ ਪ੍ਰਚਾਰ ਇਸ ਤਰ੍ਹਾਂ ਚੱਲ ਰਿਹਾ ਹੈ, ‘ਜੇ ਯੋਗੀ ਨੂੰ ਬਚਾਉਣਾ ਹੈ, ਤਾਂ ਤੁਹਾਨੂੰ ਮੋਦੀ ਨੂੰ ਹਰਾਉਣਾ ਹੈ’।
ਉਧਰ ਸੂਬਾ ਭਾਜਪਾ ਨੇ ਸ਼ਿਵ ਸੈਨਾ (ਯੂਬੀਟੀ) ਨੇਤਾ ਦੇ ਦਾਅਵਿਆਂ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਇਸ ਚਰਚਾ ਨੂੰ ਬੇਤੁਕਾ ਕਰਾਰ ਦਿੱਤਾ ਹੈ। ਭਾਜਪਾ ਦੇ ਸੀਨੀਅਰ ਮੰਤਰੀ ਸੁਧੀਰ ਮੁਨਗੰਟੀਵਾਰ ਨੇ ਕਿਹਾ ਕਿ ਸੰਜੇ ਰਾਉਤ ਨੂੰ ਅਜਿਹੇ ਬਿਆਨ ਦੇਣ ਦੀ ਆਦਤ ਹੈ।