ਲੱਖਾਂ ਬੱਚਿਆਂ ਦਾ ਮਾਮਲਾ ਹੋਣ ਕਰਕੇ ਜੇ 0.1 ਫੀਸਦੀ ਵੀ ਗੜਬੜੀ ਹੈ ਤਾਂ ਵੀ ਨੋਟਿਸ ਲੈਣਾ ਜ਼ਰੂਰੀ – SC
ਨਵੀਂ ਦਿੱਲੀ 18 ਜੂਨ (ਫ਼ਤਿਹ ਪੰਜਾਬ) NEET UG 2024 ਦੀ ਪ੍ਰੀਖਿਆ ਅਤੇ ਇਸਦੇ ਨਤੀਜਿਆਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਵਿਵਾਦ ਜਾਰੀ ਹੈ। ਇਸੇ ਦੌਰਾਨ ਸੁਪਰੀਮ ਕੋਰਟ ਨੇ ਇਹ ਪ੍ਰੀਖਿਆ ਕਰਾਉਣ ਵਾਲੀ ਨੈਸ਼ਨਲ ਟੈਸਟਿੰਗ ਏਜੰਸੀ (NTA) ਨੂੰ ਨੋਟਿਸ ਜਾਰੀ ਕਰਕੇ 8 ਜੁਲਾਈ ਨੂੰ ਜਵਾਬ ਦੇਣ ਲਈ ਕਿਹਾ ਹੈ ਅਤੇ NTA ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਤੁਸੀਂ ਦੇਸ਼ ਦੀ ਸਿਹਤ ਪ੍ਰਣਾਲੀ ਨਾਲ ਖੇਡ ਰਹੇ ਹੋ।
ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਜੇਕਰ ਇਸ ਪ੍ਰੀਖਿਆ ਵਿੱਚ 0.1 ਫੀਸਦੀ ਵੀ ਗਲਤੀ ਹੈ ਤਾਂ ਵੀ ਇਸ ਨੂੰ ਦੇਖਣਾ ਜ਼ਰੂਰੀ ਹੈ ਕਿਉਂਕਿ ਇਹ ਲੱਖਾਂ ਬੱਚਿਆਂ ਨਾਲ ਜੁੜਿਆ ਮਾਮਲਾ ਹੈ। ਅਸੀਂ ਉਮੀਦ ਕਰਦੇ ਹਾਂ ਕਿ NTA ਸਮੇਂ ਸਿਰ ਉਚਿਤ ਕਾਰਵਾਈ ਕਰੇਗਾ। ਅਦਾਲਤ ਨੇ ਕਿਹਾ ਕਿ ਜੇਕਰ ਕੋਈ ਇਸ ਗ਼ਲਤੀ ਕਾਰਨ ਡਾਕਟਰ ਬਣ ਜਾਂਦਾ ਹੈ ਤਾਂ ਇਹ ਸਮਾਜ ਲਈ ਬਹੁਤ ਨੁਕਸਾਨਦਾਇਕ ਹੋਵੇਗਾ।ਇਹ ਸੁਣਵਾਈ ਜਸਟਿਸ ਵਿਕਰਮਨਾਥ ਅਤੇ ਜਸਟਿਸ ਐਸਵੀਐਨ ਭੱਟੀ ਦੇ ਬੈਂਚ ਨੇ ਕੀਤੀ।
ਪਟੀਸ਼ਨਕਰਤਾ ਨਿਤਿਨ ਵਿਜੇ ਦਾ ਕਹਿਣਾ ਹੈ ਕਿ NEET ਪ੍ਰੀਖਿਆ ਵਿੱਚ ਬੇਨਿਯਮੀਆਂ ਨੂੰ ਲੈ ਕੇ ਚਲਾਏ ਜਾ ਰਹੇ ਡਿਜੀਟਲ ਸੱਤਿਆਗ੍ਰਹਿ ਦੇ ਤਹਿਤ 20 ਹਜ਼ਾਰ ਵਿਦਿਆਰਥੀਆਂ ਨੇ ਆਪਣੀ ਸ਼ਿਕਾਇਤ ਦਿੱਤੀ ਹੈ। ਪੇਪਰ ਲੀਕ ਅਤੇ ਬੇਨਿਯਮੀਆਂ ਦਾ ਹਵਾਲਾ ਦਿੰਦੇ ਹੋਏ ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਸਮੁੱਚੀ ਪ੍ਰੀਖਿਆ ਰੱਦ ਕੀਤੀ ਜਾਵੇ ਅਤੇ ਨਵੇਂ ਸਿਰੇ ਤੋਂ ਪ੍ਰੀਖਿਆ ਕਰਵਾਈ ਜਾਵੇ। ਇਸ ਬਾਰੇ ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਨੂੰ ਕਿਹਾ ਕਿ ਤੁਸੀਂ ਆਪਣੀਆਂ ਸਾਰੀਆਂ ਮੰਗਾਂ 8 ਜੁਲਾਈ ਨੂੰ ਪੇਸ਼ ਕਰੋ।
ਕੇਂਦਰ ਸਰਕਾਰ ਅਤੇ NTA ਨੇ ਪਿਛਲੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ MBBS ਅਤੇ ਅਜਿਹੇ ਹੋਰ ਕੋਰਸਾਂ ਵਿਚ ਦਾਖ਼ਲੇ ਲਈ ਪ੍ਰੀਖਿਆ ਦੇਣ ਵਾਲੇ 1,563 ਉਮੀਦਵਾਰਾਂ ਨੂੰ ਦਿੱਤੇ ਗਏ ਗ੍ਰੇਸ ਨੰਬਰਾਂ ਨੂੰ ਰੱਦ ਕਰ ਦਿੱਤਾ ਹੈ। ਇਸ ਬਾਰੇ ਕੇਂਦਰ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਜਾਂ ਤਾਂ ਦੁਬਾਰਾ ਪ੍ਰੀਖਿਆ ਦੇਣ ਜਾਂ ਸਮੇਂ ਦੇ ਨੁਕਸਾਨ ਲਈ ਦਿੱਤੇ ਗਏ ਗ੍ਰੇਸ ਨੰਬਰ ਨੂੰ ਛੱਡਣ ਦਾ ਵਿਕਲਪ ਹੈ। ਵਿਦਿਆਰਥੀਆਂ ਨੂੰ ਆਪਣੇ ਅਸਲ ਅੰਕਾਂ ਦੇ ਆਧਾਰ ‘ਤੇ 23 ਜੂਨ ਨੂੰ ਦੁਬਾਰਾ ਪੇਪਰ ਦੇਣ ਜਾਂ ਮੈਡੀਕਲ ਕਾਲਜਾਂ ਵਿਚ ਦਾਖ਼ਲੇ ਲਈ ਕੌਂਸਲਿੰਗ ਵਿਚ ਹਿੱਸਾ ਲੈਣ ਦਾ ਬਦਲ ਦਿੱਤਾ ਗਿਆ ਹੈ। ਇਸ ਦਾ ਨਤੀਜਾ 30 ਜੂਨ ਨੂੰ ਆਵੇਗਾ।