ਚਾਰੇ ਮੁਲਜ਼ਮਾਂ ਦੇ ਹਿਰਾਸਤ ਚ ਹੋਣ ਦੀ ਪੁਸ਼ਟੀ ਜਾਂਚ ਟੀਮ ਨੇ ਕੀਤੀ
ਵੈਨਕੂਵਰ, 10 ਜਨਵਰੀ (ਫਤਿਹ ਪੰਜਾਬ ਬਿਊਰੋ) ਸਰੀ ਗੁਰਦੁਆਰਾ ਦੇ ਤੱਤਕਾਲੀ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਦੀ ਪਿਛਲੇ ਸਾਲ ਦਿਨ-ਦਿਹਾੜੇ ਗੋਲੀਆਂ ਮਾਰਕੇ ਹੱਤਿਆ ਕਰਨ ਦੇ ਦੋਸ਼ ਵਿੱਚ ਫੜੇ ਹੋਏ ਚਾਰ ਮਸ਼ਕੂਕਾਂ ਕਰਨ ਬਰਾੜ, ਅਮਨਦੀਪ ਸਿੰਘ, ਕਰਨਪ੍ਰੀਤ ਸਿੰਘ ਤੇ ਕਮਲਪ੍ਰੀਤ ਸਿੰਘ ਨੂੰ ਕੈਨੇਡਾ ਦੇ ਸੁਪਰੀਮ ਕੋਰਟ ਵਲੋਂ ਜਮਾਨਤ ‘ਤੇ ਰਿਹਾਅ ਕਰਨ ਬਾਰੇ ਇੱਕ ਭਾਰਤੀ ਮੀਡੀਆ ਏਜੰਸੀ ‘ਤੇ ਭਰੋਸਾ ਕਰਕੇ ਕਈ ਵੱਡੇ ਅਦਾਰਿਆਂ ਵੱਲੋਂ ਪ੍ਰਕਾਸ਼ਤ ਕੀਤੀ ਗਈ ਖ਼ਬਰ ਕੋਰਾ ਝੂਠ ਸਾਬਤ ਹੋਈ ਹੈ। ਹੱਤਿਆ ਦੀ ਜਾਂਚ ਟੀਮ ਦੀ ਬੁਲਾਰੀ ਫਰੈਡਾ ਅਤੇ ਬ੍ਰਿਟਿਸ਼ ਕੋਲੰਬੀਆ ਅਟਾਰਨੀ ਜਨਰਲ ਦੇ ਇਸਤਗਾਸਾ ਦਫਤਰ ਦੇ ਬੁਲਾਰੇ ਐਨ ਸੀਮੌਰ ਨੇ ਇਸ ਖਬਰ ‘ਤੇ ਹੈਰਾਨੀ ਪ੍ਰਗਟਾਉਂਦੇ ਹੋਏ ਦੱਸਿਆ ਕਿ ਚਾਰੇ ਮੁਲਜ਼ਮ ਪੁਲੀਸ ਦੀ ਨਿਆਂਇਕ ਹਿਰਾਸਤ ਅਧੀਨ ਹਾਲੇ ਵੀ ਜੇਲ ‘ਚ ਬੰਦ ਹਨ ਤੇ ਕੈਨੇਡਾ ਦੀ ਕਿਸੇ ਅਦਾਲਤ ਨੇ ਉਨ੍ਹਾਂ ਨੂੰ ਜਮਾਨਤ ਨਹੀਂ ਦਿੱਤੀ। ਸੀਮੌਰ ਨੇ ਦੱਸਿਆ ਕਿ ਹੱਤਿਆ ਦਾ ਇਹ ਮਾਮਲਾ ਨੰਬਰ 86086-1 ਅਗਲੀ ਸੁਣਵਾਈ ਲਈ ਨਿਊ ਵੈਸਟਮਿਨਸਟਰ ਸਥਿੱਤ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਸਪੁਰਦ ਹੈ, ਜਿੱਥੇ ਅਗਲੇ ਮਹੀਨੇ 11 ਫਰਵਰੀ ਨੂੰ ਪਹਿਲੀ ਸੁਣਵਾਈ ਹੋਵੇਗੀ।
ਦੱਸ ਦੇਈਏ ਕਿ ਭਾਰਤੀ ਖਬਰ ਏਜੰਸੀ ਨੇ ਨਸ਼ਰ ਕੀਤੀ ਖਬਰ ਵਿੱਚ ਅਦਾਲਤੀ ਟਿੱਪਣੀ ਦਾ ਹਵਾਲਾ ਦਿੱਤਾ ਸੀ ਕਿ ਇਸਤਗਾਸਾ ਵਲੋਂ ਮਸ਼ਕੂਕਾਂ ਵਿਰੁੱਧ ਠੋਸ ਸਬੂਤ ਪੇਸ਼ ਨਾ ਕਰ ਸਕਣ ਕਰਕੇ ਕਨੇਡਾ ਦੀ ਅਦਾਲਤ ਨੇ ਉਨ੍ਹਾਂ ਨੂੰ ਜਮਾਨਤ ਦੇ ਦਿਤੀ ਹੈ, ਜਿਸ ਨੂੰ ਲੋਕਾਂ ਵਿੱਚ ਕੈਨੇਡਿਆਈ ਕਨੂੰਨ ਬਾਰੇ ਭਰਮ ਭੁਲੇਖੇ ਪੈਦਾ ਕਰਨ ਦੇ ਯਤਨ ਵਜੋਂ ਵੇਖਿਆ ਜਾ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਪੁਲੀਸ ਨੇ ਖੁਫੀਆ ਰਿਪੋਰਟਾਂ ‘ਤੇ ਕਾਰਵਾਈ ਕਰਦਿਆਂ ਮਸ਼ਕੂਕਾਂ ਨੂੰ ਸਰੀ ਦੀ ਜੇਲ ਤੋਂ ਬਦਲ ਕੇ ਕਿਸੇ ਉੱਚ ਸੁਰੱਖਿਆ ਜੇਲ ਵਿੱਚ ਭੇਜ ਦਿੱਤਾ ਸੀ। ਸੂਤਰਾਂ ਅਨੁਸਾਰ ਜੇਲ ਚੋਂ ਫਰਾਰ ਹੋਣ ਦੀਆਂ ਵਿਉਂਤਾਂ ਘੜ ਰਹੇ ਹੋਣ ਦਾ ਪਤਾ ਲੱਗਣ ਤੇ ਇੰਨਾਂ ਮੁਲਾਜ਼ਮਾਂ ਦੀ ਜੇਲ੍ਹ ਬਦਲੀ ਕੀਤੀ ਗਈ ਹੈ।
ਗੌਰਤਲਬ ਹੈ ਕਿ ਸਾਲ 2016 ‘ਚ ਸਰੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ਅਤੇ ਛੋਟੀ ਉਮਰੇ ਫਿਲੌਰ ਨੇੜਲੇ ਪਿੰਡ ਨਿੱਝਰਾਂ ਤੋਂ ਕੈਨੇਡਾ ਆ ਕੇ ਪੱਕੇ ਸ਼ਹਿਰੀ ਬਣੇ ਹਰਦੀਪ ਸਿੰਘ ਨਿੱਝਰ (45) ਨੂੰ 2018 ‘ਚ ਜਲੰਧਰ ਜਿਲੇ ‘ਚ ਕਿਸੇ ਪੁਜਾਰੀ ਦੇ ਕਤਲ ਮਾਮਲੇ ‘ਚ ਨਾਮਜਦ ਕਰਨ ਤੋਂ ਬਾਦ ਉਸਨੂੰ ਖਾਲਿਸਤਾਨ ਹਿਮਾਇਤੀ ਐਲਾਨ ਕੇ ਪੁਲੀਸ ਨੇ ਉਸਦੇ ਸਿਰ ਤੇ 5 ਲੱਖ ਦਾ ਇਨਾਮ ਰੱਖ ਦਿੱਤਾ ਸੀ। 18 ਜੂਨ 2023 ਨੂੰ ਕੁਝ ਨੌਜੁਆਨਾ ਸਰੀ ਦੇ ਗੁਰਦੁਆਰੇ ਦੀ ਪਾਰਕਿੰਗ ਵਿੱਚ ਨਿੱਝਰ ਨੂੰ ਗੋਲੀਆਂ ਨਾਲ ਮਾਰਕੇ ਫਰਾਰ ਹੋ ਗਏ ਸੀ। ਪੁਲੀਸ ਜਾਂਚ ਟੀਮ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਰਾਹੀਂ ਸ਼ੱਕੀ ਮੁਲਜ਼ਮਾਂ ਦੀ ਪਹਿਚਾਣ ਕਰਕੇ ਉਨ੍ਹਾਂ ‘ਚੋਂ ਤਿੰਨ ਨੂੰ ਐਡਮਿੰਟਨ ਤੋਂ ਅਤੇ ਇੱਕ ਨੂੰ ਬਰੈਂਪਟਨ ਤੋਂ ਗ੍ਰਿਫਤਾਰ ਕਰ ਲਿਆ ਸੀ। ਇਸ ਕਤਲ ਤੋਂ ਤਿੰਨ ਮਹੀਨੇ ਬਾਦ ਸਤੰਬਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿੱਚ ਇਸ ਕਤਲ ਵਿੱਚ ਭਾਰਤੀ ਏਜੰਸੀਆਂ ਦੀ ਭਾਈਵਾਲੀ ਦਾ ਦਾਅਵਾ ਕੀਤਾ ਸੀ ਜਿਸ ਕਰਕੇ ਭਾਰਤ ਨਾਲ ਕੂਟਨੀਤਿਕ ਸਬੰਧਾਂ ਵਿੱਚ ਖਟਾਸ ਭਰ ਆ ਗਈ ਸੀ। ਉਸਤੋਂ ਬਾਦ ਦੋਹਾਂ ਦੇਸ਼ਾਂ ਨੇ ਇੱਕ ਦੂਜੇ ਦੇ ਕੂਟਨੀਤਿਕ ਅਮਲੇ ਉਤੇ ਸ਼ੱਕ ਪ੍ਰਗਟਾਉਂਦਿਆਂ ਵਾਪਸ ਭੇਜ ਦਿੱਤਾ ਸੀ। ਉਦੋਂ ਤੋਂ ਹੁਣ ਤੱਕ ਵਿਗੜੇ ਭਾਰਤ – ਕੈਨੇਡਾ ਸਬੰਧਾਂ ਵਿੱਚ ਬਹੁਤਾ ਸੁਧਾਰ ਨਹੀਂ ਹੋ ਸਕਿਆ।