18 ਮੰਤਰੀਆਂ ਨੇ ਅੰਗਰੇਜ਼ੀ ਵਿੱਚ ਸਹੁੰ ਚੁੱਕੀ

ਨਵੀਂ ਦਿੱਲੀ 10 ਜੂਨ 2024 (ਫਤਿਹ ਪੰਜਾਬ) ਬੀਤੀ ਰਾਤ National Democratic Alliance NDA ਦੀ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੌਰਾਨ ਜਿੱਥੇ ਸਾਰੇ ਮੰਤਰੀਆਂ ਨੇ ਪ੍ਰਮਾਤਮਾ ਅਤੇ ਸੰਵਿਧਾਨ ਦੇ ਨਾਮ ‘ਤੇ ਅਹੁਦੇ ਦੀ ਸਹੁੰ ਚੁੱਕੀ, ਉੱਥੇ ਪੰਜ ਅਜਿਹੇ ਮੰਤਰੀ ਸਨ ਜਿਨ੍ਹਾਂ ਨੇ ਸਿਰਫ਼ ਸੰਵਿਧਾਨ ਦੀ ਹੀ ਸਹੁੰ ਚੁੱਕੀ। 

ਕੁੱਲ ਮਿਲਾ ਕੇ 72 ਸੰਸਦ ਮੈਂਬਰਾਂ ਨੇ ਨਵੀਂ ਐਨਡੀਏ ਸਰਕਾਰ ਦਾ ਹਿੱਸਾ ਬਣਨ ਦੀ ਸਹੁੰ ਚੁੱਕੀ, ਜਿਨ੍ਹਾਂ ਵਿੱਚੋਂ 18 ਨੇ ਅੰਗਰੇਜ਼ੀ ਵਿੱਚ ਸਹੁੰ ਚੁੱਕੀ।

ਪ੍ਰਧਾਨ ਮੰਤਰੀ ਨਰੇਂਦਰ ਦਮੋਦਰਦਾਸ ਮੋਦੀ ਸਮੇਤ ਭਾਜਪਾ ਦੇ ਸਾਰੇ ਮੰਤਰੀਆਂ ਨੇ ਈਸ਼ਵਰ ਅਤੇ ਸੰਵਿਧਾਨ ਦੇ ਨਾਂ ‘ਤੇ ਸਹੁੰ ਚੁੱਕੀ। 

ਸਿਰਫ਼ ਸੰਵਿਧਾਨ ਦੇ ਨਾਂ ‘ਤੇ ਸਹੁੰ ਚੁੱਕਣ ਵਾਲਿਆਂ ‘ਚ HAM (ਸੈਕੂਲਰ) ਦੇ ਮੰਤਰੀ ਜੀਤਨ ਰਾਮ ਮਾਂਝੀ ਅਤੇ ਜਨਤਾ ਦਲ (ਯੂ) ਦੇ ਰਾਜੀਵ ਰੰਜਨ ਸਿੰਘ ‘ਲਲਨ’, ਅਪਨਾ ਦਲ ਦੀ ਰਾਜ ਮੰਤਰੀ ਅਨੁਪ੍ਰਿਆ ਪਟੇਲ, ਟੀਡੀਪੀ ਦੇ ਚੰਦਰ ਸ਼ੇਖਰ ਪੇਮਾਸਾਨੀ ਅਤੇ ਰਿਪਬਲਿਕਨ ਪਾਰਟੀ ਆਫ ਇੰਡੀਆ ਦੇ ਰਾਮਦਾਸ ਅਠਾਵਲੇ ਸ਼ਾਮਲ ਹਨ।

ਦੱਖਣ, ਪੂਰਬ ਅਤੇ ਉੱਤਰ-ਪੂਰਬ ਦੇ ਕਈ ਮੰਤਰੀਆਂ ਸਮੇਤ ਪੰਜਾਬ ਦੇ ਨਵੇਂ ਬਣੇ ਮੰਤਰੀ ਰਵਨੀਤ ਸਿੰਘ ਬੁੱਟੂ ਨੇ ਅੰਗਰੇਜ਼ੀ ਵਿੱਚ ਸਹੁੰ ਚੁੱਕੀ, ਜਿੰਨਾਂ ਵਿੱਚ ਕੈਬਨਿਟ ਮੰਤਰੀ ਸਰਬਾਨੰਦ ਸੋਨੋਵਾਲ, ਨਿਰਮਲਾ ਸੀਤਾਰਮਨ, ਐਸ ਜੈਸ਼ੰਕਰ, ਐਚ ਡੀ ਕੁਮਾਰਸਵਾਮੀ ਅਤੇ ਕਿੰਜਰਾਪੂ ਰਾਮ ਮੋਹਨ ਨਾਇਡੂ ਸ਼ਾਮਲ ਹਨ।

ਸਹੁੰ ਚੁੱਕ ਸਮਾਗਮ ਦੇ ਅੱਧ ਵਿਚਕਾਰ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਮੰਤਰੀਆਂ ਨੂੰ ਮੋਦੀ ਇਹ ਆਖਦੇ ਹੋਏ ਦਿਖਾਈ ਦਿੱਤੇ ਕਿ ਸਹੁੰ ਚੁੱਕਣ ਲਈ ਉਨ੍ਹਾਂ ਦੇ ਨਾਵਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਉਹ ਤਿਆਰ ਰਹਿਣ। ਇਸ ਤੋਂ ਪਹਿਲਾਂ ਮੰਤਰੀ ਆਪਣੇ ਨਾਵਾਂ ਦਾ ਐਲਾਨ ਹੋਣ ਤੋਂ ਬਾਅਦ ਹੀ ਆਪਣੀਆਂ ਕੁਰਸੀਆਂ ਤੋਂ ਉੱਠ ਰਹੇ ਸਨ।

Skip to content